ਨਵਜੋਤ ਸਿੱਧੂ ਦੇ ਬਿਆਨ ਤੋਂ ਕਈ ਮਹੀਨਿਆਂ ਬਾਅਦ ਪਤਾ ਲੱਗਾ, ਪੰਜਾਬ ਦਾ ਕੈਪਟਨ ਕੌਣ, ਆਹ ਚੱਕੋ ਹੋ ਗਿਆ ਖੁਲਾਸਾ

TeamGlobalPunjab
3 Min Read

ਹੁਸ਼ਿਆਰਪੁਰ : ਦੇਸ਼ ‘ਚ ਮਾਨਸੂਨ ਆਉਣ ਤੋਂ ਪਹਿਲਾਂ ਚੋਣਾਂ ਦਾ ਮੌਸਮ ਆ ਚੁਕਾ ਹੈ ਤੇ ਇਸ ਮੌਸਮ ‘ਚ ਸਿਆਸਤਦਾਨਾਂ ਦੇ ਰੁੱਸਣ-ਮਨਾਉਣ ਦਾ ਦੌਰ ਵੀ ਜਾਰੀ ਹੈ। ਇਸ ਦੌਰਾਨ ਆਸ ਇਹ ਕੀਤੀ ਜਾਂਦੀ ਹੈ ਕਿ ਜਿਹੜਾ ਰੁੱਸਿਆਂ ਨੂੰ ਮਨਾਉਣ ਜਾਵੇਗਾ, ਉਹ ਠੰਡੇ ਸੁਭਾਅ ਦਾ ਹੋਵੇਗਾ, ਪਰ ਜੇਕਰ ਰੁੱਸੇ ਨੂੰ ਮਨਾਉਣ ਗਿਆ ਵਿਅਕਤੀ, ਉਸ ਰੁੱਸੇ ਨੂੰ ਮਨਾਉਣ ਦੀ ਥਾਂ ਕਈ ਹੋਰਾਂ ਨੂੰ ਨਾਰਾਜ਼ ਕਰਕੇ ਆ ਜਾਵੇ, ਤਾਂ ਸਰਬਤ ਦਾ ਭਲਾ ਚਾਹੁਣ ਵਾਲੇ ਲੋਕਾਂ ਦੇ ਮੱਥੇ ਉੱਤੇ ਤਕਲੀਫ ਦੀਆਂ ਤਿਉੜੀਆਂ ਪੈਣੀਆਂ ਲਾਜ਼ਮੀ ਹਨ।  ਅਜਿਹਾ ਹੀ ਹੋਇਆ ਪੰਜਾਬ ਕਾਂਗਰਸ ਦੀ ਇੰਚਾਰਚ ਆਸ਼ਾ ਕੁਮਾਰੀ ਨਾਲ।  ਜਿਹੜੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੀ ਹੁਸ਼ਿਆਰਪੁਰ ਕਾਂਗਰਸ ਆਗੂ ਸੰਤੋਸ਼ ਚੌਧਰੀ ਨੂੰ ਮਨਾਉਣ ‘ਚ ਤਾਂ ਨਾਕਾਮ ਰਹੇ ਪਰ ਉਲਟਾ ਗੁੱਸੇ ‘ਚ ਆ ਕੇ ਅਜਿਹਾ ਬਿਆਨ ਦੇ ਬੈਠੇ ਜਿਹੜਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਜ਼ਰੂਰ ਨਰਾਜ਼ ਕਰ ਸਕਦਾ ਹੈ ।

ਹੋਇਆ ਇੰਝ ਕਿ ਆਸ਼ਾ ਕੁਮਾਰੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਵਲੋਂ ਚੋਣ ਮੈਦਾਨ ‘ਚ ਉਤਰੇ ਰਾਜ ਕੁਮਾਰ ਦੇ ਨਾਮਜ਼ਦਗੀ ਕਾਗਜ਼ ਭਰਵਾਉਣ ਗਏ ਸਨ।  ਇਸ ਦੌਰਾਨ ਉਹ ਇਸ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਚੱਲ ਰਹੀ ਸੰਤੋਸ਼ ਚੌਧਰੀ ਨੂੰ ਮਨਾਉਣ ਪਹੁੰਚੇ, ਤਾਂ ਨਾ ਸਿਰਫ ਚੌਧਰੀ ਦੇ ਸਮਰਥਕਾਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਬਲਕਿ ਉਲਟਾ ਚੌਧਰੀ ਨੇ ਵੀ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।  ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ, ਕੀ ਤੁਸੀਂ ਇਥੇ ਸੰਤੋਸ਼ ਚੌਧਰੀ ਨੂੰ ਮਨਾਉਣ ਆਪਣੇ ਆਪ ਆਏ ਹੋ ਜਾਂ ਤੁਹਾਨੂੰ ਇਹ ਜਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਸੌੰਪੀ ਹੈ। ਇੰਨਾ ਸੁਣਦਿਆਂ ਹੀ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰ ਕੇ ਨਰਾਜ਼  ਚਲ ਰਹੀ ਆਸ਼ਾ ਕੁਮਾਰੀ ਹੋਰ ਨਰਾਜ਼ ਹੋ ਗਈ ਤੇ ਉਨ੍ਹਾਂ ਨੇ ਭੜਕ ਕੇ ਕਿਹਾ ਕਿ,” ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰੀਆਂ ਮੈਂ ਸੌੰਪਦੀ ਹਾਂ, ਨਾ ਕਿ ਕੈਪਟਨ ਮੈਨੂੰ।” ਆਸ਼ਾ ਕੁਮਾਰੀ ਨੇ ਕਿਹਾ ਕਿ, “ਪੰਜਾਬ ਕਾਂਗਰਸ ਦੀ ਇੰਚਾਰਜ ਮੈਂ ਹਾਂ, ਨਾ ਕਿ ਕੈਪਟਨ ਅਮਰਿੰਦਰ ਸਿੰਘ।”

ਭਾਂਵੇਂ ਕਿ ਆਸ਼ਾ ਕੁਮਾਰੀ ਵਲੋਂ ਗੁੱਸੇ ‘ਚ ਦਿੱਤੇ ਗਏ ਇਸ ਬਿਆਨ ਦਾ ਇਕ ਇੱਕ ਸ਼ਬਦ ਸੱਚ ਹੈ, ਕਿਉਂਕਿ ਅਸੂਲਨ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਰੁਤਬਾ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਹੈ, ਪਰ ਮਾਹਰਾਂ ਅਨੁਸਾਰ ਇਸ ਦੇ ਬਾਵਜੂਦ ਨਾ ਤਾਂ ਕੈਪਟਨ ਅਮਰਿੰਦਰ ਸਿੰਘ, ਤੇ ਨਾ ਹੀ ਉਨ੍ਹਾਂ ਦੇ ਸਮਰਥਕ ਇਹ ਚਾਹੁਣਗੇ, ਕਿ ਆਸ਼ਾ ਕੁਮਾਰੀ ਪੰਜਾਬ ਦੀ ਕੈਪਟਨ ਆਪਣੇ ਆਪ ਨੂੰ ਦੱਸੇ, ਕਿਉਂਕਿ ਕੈਪਟਨ ਦੇ ਜਿਹੜੇ ਸਮਰਥਕ ਨਵਜੋਤ ਸਿੱਧੂ ਦੇ ਉਸ ਬਿਆਨ ‘ਤੇ ਭੜਕ ਪਏ ਸਨ, ਕਿ ਮੇਰੇ (ਸਿੱਧੂ) ਕੈਪਟਨ ਤਾਂ ਰਾਹੁਲ ਗਾਂਧੀ ਹਨ, ਤਾਂ ਉਹ ਪੰਜਾਬ ਦੀ ਕੈਪਟਨ ਆਪਣੇ ਆਪ ਨੂੰ ਦੱਸਣ ਵਾਲੀ ਆਸ਼ਾ ਕੁਮਾਰੀ ਦੇ ਇਸ ਬਿਆਨ ਨੂੰ ਕਿਵੇਂ ਹਜ਼ਮ ਕਰਨਗੇ, ਇਹ ਸੋਚ ਤੋਂ ਪਰੇ ਹੈ।

 

- Advertisement -

 

 

Share this Article
Leave a comment