ਸੋਨੀਆਂ ਤੇ ਜਾਖੜ ਵਿਰੁੱਧ ਲਾਇਬ੍ਰੇਰੀ ਕਬਜਾਉਣ ਦਾ ਕੇਸ ਦਰਜ਼, ਬਠਿੰਡਾ ਅਦਾਲਤ ਵਿੱਚ 6 ਸਤੰਬਰ ਨੂੰ ਹੋਣਾ ਪਵੇਗਾ ਪੇਸ਼, ਹੌਲੀ ਹੌਲੀ ਵੱਡੇ ਵੱਡੇ ਕਾਂਗਰਸੀ ਫਸਦੇ ਜਾ ਰਹੇ ਨੇ ਕੇਸਾਂ ‘ਚ

TeamGlobalPunjab
2 Min Read

ਚੰਡੀਗੜ੍ਹ : ਪੀ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਅਤੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਹੁਣ ਇਸੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਵੀ ਕਾਰਵਾਈ ਦੀ ਗਾਜ਼ ਡਿੱਗ ਪਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਰਾਹੁਲ ਗਾਂਧੀ ਨੂੰ ਮੁੰਬਈ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ ਉੱਥੇ ਹੁਣ ਸੋਨੀਆਂ ਗਾਂਧੀ ਅਤੇ ਸੁਨੀਲ ਜਾਖੜ ਨੂੰ ਵੀ ਬਠਿੰਡਾ ਦੀ ਅਦਾਲਤ ਨੇ ਸੰਮਨ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਿਕ ਇਹ ਸੰਮਨ ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਖੇ ਮੌਜੂਦ ਗੁਰੂ ਨਾਨਕ ਲਾਇਬ੍ਰੇਰੀ ਹਾਲ ਵਾਲੀ ਜਗ੍ਹਾ ਤੇ ਪਾਰਟੀ ਦਾ ਜ਼ੋਨਲ ਦਫਤਰ ਬਣਾਉਣ ਦੀ ਕੋਸ਼ਿਸ਼ ਦੇ ਸਬੰਧ ਵਿੱਚ ਕੀਤੀ ਗਈ ਸ਼ਿਕਾਇਤ ਦੇ ਅਧਾਰ ਤੇ ਜਾਰੀ ਹੋਏ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਇਸ ਸਬੰਧੀ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਨਾਂ ਦੇ ਵਿਅਕਤੀਆਂ ਵੱਲੋਂ ਇੱਥੋਂ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਅਦਾਲਤ ਨੇ ਦੋਵਾਂ ਆਗੂਆਂ ਸਮੇਤ 12 ਹੋਰਨਾਂ ਨੂੰ 6 ਸਤੰਬਰ ਵਾਲੇ ਦਿਨ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਹ ਲਾਇਬ੍ਰੇਰੀ 1971 ਵਿੱਚ ਬਣੀ ਸੀ ਤੇ ਸਾਲ 1997 ਵਿੱਚ ਮਤਾ ਪਾ ਕੇ ਇਸੇ ਲਾਇਬ੍ਰੇਰੀ ਦੇ ਨਾਲ ਹੀ ਇੱਕ ਖੇਡ ਹਾਲ ਅਤੇ ਸਿਵਲ ਲਾਈਨ ਕਲੱਬ ਬਣਾ ਦਿੱਤਾ ਗਿਆ ਸੀ। ਇੱਥੇ ਦੋਸ਼ ਇਹ ਵੀ ਲੱਗ ਰਹੇ ਹਨ ਕਿ ਕੁਝ ਕਾਂਗਰਸੀਆਂ ਨੇ ਧੱਕੇ ਨਾਲ ਵੋਟਾਂ ਹਾਸਲ ਕਰਕੇ ਲਾਇਬ੍ਰੇਰੀ ਅਤੇ ਸਿਵਲ ਲਾਈਨ ਕਲੱਬ ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਫਿਰ ਧੱਕੇ ਨਾਲ ਇਸ ਇਮਾਰਤ ਤੇ ਕਬਜਾ ਕੀਤਾ ਜਾ ਰਿਹਾ ਹੈ।

ਦੋਸ਼ ਹੈ ਕਿ ਕਾਂਗਰਸ ਪਾਰਟੀ ਵੱਲੋਂ ਇੱਥੇ ਆਪਣੇ ਦਫਤਰ ਦੀ ਉਸਾਰੀ ਲਈ ਬਹੁਤ ਜਲਦ ਨੀਂਹ ਪੱਥਰ ਵੀ ਰੱਖਿਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਜਗਜੀਤ ਅਤੇ ਸ਼ਿਵਦੇਵ ਨੇ ਅਦਾਲਤ ਵਿੱਚ ਅਰਜੀ ਦਾਖਲ ਕਰ ਦਿੱਤੀ। ਇਸ ਅਰਜੀ ਤੇ ਕਾਰਵਾਈ ਕਰਦਿਆਂ ਅਦਾਲਤ ਨੇ ਦੋਵਾਂ ਆਗੂਆਂ ਸਮੇਤ 12 ਹੋਰਾਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਇਹ ਲੜਾਈ ਲੜਦੇ ਰਹਿਣਗੇ ਤੇ ਜੇਕਰ ਲੋੜ ਪਈ ਤਾਂ ਉੱਪਰਲੀ ਅਦਾਲਤ ਚ ਵੀ ਜਾਣਗੇ।

Share this Article
Leave a comment