ਜਹਾਜ ਹਾਦਸਾ : ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ, ਸੁਪਰੀਮ ਲੀਡਰ ਦੇ ਅਸਤੀਫੇ ਦੀ ਉੱਠੀ ਮੰਗ

TeamGlobalPunjab
3 Min Read

ਤੇਹਰਾਨ : ਬੀਤੇ ਦਿਨੀਂ ਹੋਏ ਇੱਕ ਜਹਾਜ ਹਾਦਸੇ ਨੂੰ ਲੈ ਕੇ ਈਰਾਨ ਅੰਦਰ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਰਾਨ ਵੱਲੋਂ ਯੂਕ੍ਰੇਨ ਦੇ ਇੱਕ ਜਹਾਜ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਸੀ।

ਇਸ ਨੂੰ ਲੈ ਹੁਣ ਈਰਾਨ ਅੰਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਰਿਪੋਰਟਾਂ ਮੁਤਾਬਿਕ ਪ੍ਰਦਰਸ਼ਨਕਾਰੀਆਂ ਵੱਲੋਂ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ (Supreme Leader Ayatollah Ali Khamenei) ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਤੇਹਰਾਨ ‘ਚ ਅਮਰਿਕੀ ਦੂਤਾਵਾਸ ਦੇ ਬਾਹਰ ਅਤੇ ਅਮੀਰ ਕਾਬਿਰ ਯੂਨੀਵਰਸਿਟੀ ਦੇ ਬਾਹਰ ਹਜ਼ਾਰਾਂ ਦੀ ਸੰਖਿਆ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵਿਰੋਧੀ ਨਾਅਰੇ ਲਿਖ ਕੇ ਤਖਤੀਆਂ ਅਤੇ ਬੈਨਰ ਵੀ ਹੱਥਾਂ ‘ਚ ਫੜੀਆਂ ਹੋਈਆਂ ਸਨ।

ਜਹਾਜ ਹਾਦਸੇ ਲਈ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਨੂੰ ਜਿੰਮੇਵਾਰ ਦੱਸਿਆ। ਰਿਪੋਰਟਾਂ ਇੱਥੋਂ ਤੱਕ ਵੀ ਸਾਹਮਣੇ ਆ ਰਹੀਆਂ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਖਾਮਨੇਈ ਨੂੰ ਜੇਕਰ ਸ਼ਰਮ ਆਉਂਦੀ ਹੈ ਤਾਂ ਦੇਸ਼ ਛੱਡ ਕੇ ਚਲੇ ਜਾਣ।

ਮੀਡੀਆ ਰਿਪੋਰਟਾਂ ਮੁਤਾਬਿਕ ਜਹਾਜ ਹਾਦਸੇ ‘ਚ ਈਰਾਨ ਦੇ ਵੀ ਕਈ ਵਿਦਿਆਰਥੀ ਮਾਰੇ ਗਏ ਸਨ ਜਿਹੜੇ ਕਿ ਕੈਨੇਡਾ ਆਪਣੀ ਪੜ੍ਹਾਈ ਲਈ ਜਾ ਰਹੇ ਸਨ। ਦੱਸ ਦਈਏ ਕਿ ਜਹਾਜ ਹਾਦਸੇ ਵਿੱਚ 176 ਲੋਕ ਮਾਰੇ ਗਏ ਸਨ ਜਿਸ ਵਿੱਚ 82 ਈਰਾਨ ਦੇ, ਕੈਨੇਡਾ ਦੇ 63, ਯੂਕ੍ਰੇਨ ਦੇ 11, ਸਵੀਡਨ ਦੇ 10, ਅਫਗਾਨੀਸਤਾਨ ਦੇ 4 ਅਤੇ ਜਰਮਨੀ-ਬ੍ਰਿਟੇਨ ਦੇ 3-3 ਨਾਗਰਿਕ ਸ਼ਾਮਲ ਸਨ।

ਇੱਥੇ ਹੀ ਬੱਸ ਨਹੀਂ ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ ਹੈ। ਟਰੰਪ ਨੇ ਕਿਹਾ ਕਿ ਈਰਾਨ ਸਰਕਾਰ ਨੂੰ ਮਾਨਵ ਅਧਿਕਾਰ ਗਰੁੱਪ ਨੂੰ ਜਾਂਚ ਦੀ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕਰਦਿਆਂ ਇਹ ਵੀ ਲਿਖਿਆ ਕਿ ਪ੍ਰਦਰਸ਼ਨਕਾਰੀਆਂ ‘ਤੇ ਉਨ੍ਹਾਂ ਦੀ ਵੀ ਨਿਗ੍ਹਾ ਹੈ। ਉਨ੍ਹਾਂ ਲਿਖਿਆ ਕਿ ਉਹ ਪੀੜਤ ਲੋਕਾਂ ਦੇ ਨਾਲ ਖੜ੍ਹੇ ਹਨ।

ਦੱਸ ਦਈਏ ਕਿ ਤੇਹਰਾਨ ਹਵਾਈ ਅੱਡੇ ‘ਤੇ ਬੀਤੇ ਦਿਨੀ਼ ਹੋਏ ਜਹਾਜ ਹਾਦਸੇ ਦੀ ਜਿੰਮੇਦਾਰੀ ਈਰਾਨ ਸਰਕਾਰ ਵੱਲੋਂ ਲਈ ਗਈ ਹੈ। ਇਸ ਨੂੰ ਲੈ ਕੇ ਈਰਾਨ ਵੱਲੋਂ ਆਪਣੀ ਗਲਤੀ ਵੀ ਮੰਨੀ ਗਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਮੋਹੰਮਦ ਜਾਵੇਦ ਜਰੀਫ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਸੀ। ਇਸ ਮਾਮਲੇ ‘ਤੇ ਉਨ੍ਹਾਂ ਅਫਸੋਸ ਵੀ ਪ੍ਰਗਟ ਕੀਤਾ ਸੀ।

Share this Article
Leave a comment