ਵਿਰੋਧੀ ਧਿਰ ਦਾ ਲੀਡਰ ਉਹ ਹੋਵੇਗਾ ਜੋ ਸੱਤਾਧਿਰ ਨਾਲ ਡੱਟ ਕੇ ਸਵਾਲ ਜਵਾਲ ਕਰ ਸਕੇ – ਬਾਜਵਾ

TeamGlobalPunjab
4 Min Read

ਚੰਡੀਗੜ੍ਹ – ਕਾਂਗਰਸ ਦੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ‘ਚ ਵਿਧਾਇਕ ਅਹੁਦੇ ਦੀ ਸੁੰਹ ਚੁੱਕਣ ਤੋਂ ਬਾਅਦ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਾਂ ਉੱਤਰ ਭਾਰਤ ਦੇ ਸੂਬਿਆਂ ਵਿੱਚ ਵਿਧਾਨ ਸਭਾ ਸਿਰਫ 8-10 ਦਿਨਾਂ ਲਈ ਚਲਦੀਆਂ ਹਨ ਤੇ ਇਸ ਕਰਕੇ ਇਨ੍ਹਾਂ ਚ ਵਿਧਾਇਕਾਂ ਨੇ ਵੀ ਕੀ ਕੰਮ ਕਰਨਾ ਹੈ। ਬਾਜਵਾ ਨੇ ਸਲਾਹ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦਾ ਇਜਲਾਸ 100 ਦਿਨਾਂ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਵਿਧਾਇਕ ਪਹਿਲੀ ਵਾਰ ਐਮਐਲਏ ਬਣ ਕੇ ਵਿਧਾਨਸਭਾ ਚ ਆਏ ਹਨ। ਜੇਕਰ ਸੈਸ਼ਨ ਵੱਧ ਦਿਨਾਂ ਦਾ ਹੋਵੇਗਾ ਤਾਹੀਂ ਵਿਧਾਇਕ ਪੜ੍ਹ ਕੇ ਤੇ ਅਧਿਐਨ ਕਰ ਕੇ ਪੂਰੀ ਤਿਆਰੀ ਨਾਲ ਵਿਧਾਨ ਸਭਾ ਚ ਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਸੈਸ਼ਨ ਚ ਸਵਾਲਾਂ ਦੇ ਜਵਾਬ ਤਾਂਹੀਓਂ ਦੇਣ ਯੋਗ ਹੋਣਗੇ ਜੇ ਉਹ ਪੂਰੇ ਤਰੀਕੇ ਤਿਆਰੀ ਕਰ ਕੇ ਆਉਣਗੇ।

ਬਾਜਵਾ ਨੇ ਕਿਹਾ ਕਿ ਵਿਧਾਇਕ ਵਿਧਾਨਕਾਰ ਹੁੰਦੇ ਹਨ ਉਨ੍ਹਾਂ ਦਾ ਅਸਲ ਕੰਮ ਕਨੂੰਨ ਬਨਾਉਣਾ ਹੁੰਦਾ ਹੈ ਨਾ ਕਿ ਸਿਰਫ ਭੋਗਾਂ ਤੇ ਵਿਆਹਾਂ ਚ ਸ਼ਿਰਕਤ ਕਰਨਾ। ਜਦੋਂ ਬਾਜਵਾ ਨੂੰ ਪੁੱਛਿਆ ਕਿ ਕੋਈ ਵੀ ਸਿਆਸੀ ਪਾਰਟੀ ਜਦੋਂ ਸੱਤਾ ਚ ਹੁੰਦੀ ਹੈ ਤੇ ਇਹ ਸਾਰੀਆਂ ਗੱਲਾਂ ਭੁੱਲ ਜਾਂਦੀ ਹੈ ਤੇ ਜਦੋਂ ਵਿਰੋਧੀ ਧਿਰ ਹੁੰਦੀ ਹੈ ਫੇਰ ਸਾਰੇ ਕਾਇਦੇ ਕਨੂੰਨ ਨੂੰ ਲੈ ਕੇ ਸੱਤਾਧਾਰੀ ਪਾਰਟੀ ਵੱਲ ਸਵਾਲ ਚੁੱਕਣ ਲੱਗ ਪੈਂਦੀਆਂ ਹਨ। ਇਸ ਦੇ ਜਵਾਬ ਚ ਬਾਜਵਾ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਨੇ ਸੱਤਾ ਚ ਰਹਿੰਦੀਆਂ ਇਨ੍ਹਾਂ ਗੱਲਾਂ ਤੇ ਅਮਲ ਕੀਤਾ ਹੁੰਦਾ ਤੇ ਫਿਰ ਅੱਜ ਉਹ ਸੱਤਾ ਤੋਂ ਬਾਹਰ ਨਹੀਂ ਸੀ ਹੋ ਸਕਦੇ। ਬਾਜਵਾ ਨੇ ਕਿਹਾ ਕਿ ਉਹ ਤਾਂ ,ਜੋ ਗੱਲ ਕੇਜਰੀਵਾਲ ਨੇ ਕਹੀ ਹੈ, ਉਸ ਗੱਲ ਨੂੰ ਯਾਦ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਤੇ ਰਾਜਸਭਾ ਦੀ ਤਰਜ਼ ਤੇ ਵਿਧਾਨ ਸਭਾ ਦਾ ਇਜਲਾਸ ਵੀ ਮਾਨਸੂਨ ਸੈਸ਼ਨ , ਬਜਟ ਸੈਸ਼ਨ ਤੇ ਵਿੰਟਰ ਸੈਸ਼ਨ ਦੇ ਤਰੀਕੇ ਨਾਲ ਘੱਟੋ ਘੱਟ 100 ਦਿਨਾਂ ਦਾ ਜਾਂ ਫੇਰ 120 ਦਿਨਾਂ ਦਾ ਚੱਲਣਾ ਚਾਹੀਦਾ ਹੈ ਤਾਂ ਜੋ ਸਹੀ ਤਰੀਕੇ ਲੋਕਾਂ ਦੇ ਮਸਲਿਆਂ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾ ਸਕੇ।

ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੇ ਔਰਤਾਂ ਨਾਲ ਜੋ ਵਾਅਦੇ ਕੀਤੇ ਹਨ ਉਹ ਹੁਣ ਪੂਰਾ ਕਰਨ ਅਤੇ ਖਾਸ ਤੌਰ ਤੇ 18 ਵਰ੍ਹੇ ਦੀਆਂ ਲੜਕੀਆਂ ਨਾਲ ਕੀਤਾ , ਇੱਕ ਹਜ਼ਾਰ ਰੁਪਈਆ ਹਰੇਕ ਮਹੀਨੇ ਦੇਣ ਦਾ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 43 ਹਜ਼ਾਰ ਕਰੋੜ ਦੇ ਵਾਅਦੇ ਕੀਤੇ ਹਨ ਤੇ ਸਾਢੇ ਤਿੰਨ ਹਜ਼ਾਰ ਕਰੋੜ ਦਾ ਕਰਜ਼ਾ ਸੂਬੇ ਦੇ ਸਿਰ ਅਜੇ ਖੜ੍ਹਾ ਹੈ ਜੋ ਦੇਣਦਾਰੀਆਂ ਦੇ ਰੂਪ ਵਿੱਚ ਸਰਕਾਰ ਲਈ ਵੱਡੀ ਚਣੌਤੀ ਹੈ। ਬਾਜਵਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਨਵੀਂ ਬਣੀ ਸਰਕਾਰ ਨੂੰ ਹਰ ਤਰੀਕੇ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਜੇ ਸਰਕਾਰ ਵਲੋਂ ਪੰਜਾਬ ਦੀ ਬਿਹਤਰੀ ਲਈ ਕੋਈ ਵੀ ਕੰਮ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀ ਸ਼ਲਾਘਾ ਕਰੇਗੀ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਏਜੰਡਾ ਇਹੋ ਰਹੇਗਾ ਕਿ ਜੋ ਵਾਅਦੇ ਆਮ ਆਦਮੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰੇ। ਉਨ੍ਹਾਂ ਕਿਹਾ ਕਿ ਬੀਤੇ ਕਲ੍ਹ ਮੁਲਾਜ਼ਮਾਂ ਨੇ ਸਕੱਤਰੇਤ ਚ ਬਾਲਕੋਨੀਆਂ ਚ ਬਾਹਰ ਆ ਕੇ ਨਵੀਂ ਬਣੀ ਸਰਕਾਰ ਨੂੰ ਯਾਦ ਦਵਾਇਆ ਕਿ ਉਨ੍ਹਾਂ ਨਾਲ ਕੀਤੇ ਵਾਅਦੇ, ਪੈਨਸ਼ਨ ਦੀ ਮੁੜ ਬਹਾਲੀ ਤੇ ਕੱਚਿਆਂ ਨੂੰ ਪੱਕਿਆਂ ਕਰਨਾ , ਇਹ ਵੀ ਪੂਰਾ ਕਰਨ ਵੱਲ ਕਦਮ ਚੁੱਕੇ ਜਾਣ।

ਜਦੋਂ ਬਾਜਵਾ ਤੋਂ ਪੁੱਛਿਆ ਗਿਆ ਕਿ ਉਹ ਵਿਰੋਧੀ ਧਿਰ ਦਾ ਲੀਡਰ ਕਿਸ ਵਿਧਾਇਕ ਨੂੰ ਵੇਖ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਯਕੀਨਨ ਉਸੇ ਵਿਧਾਇਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਏਗੀ ਜੋ ਨਵੇਂ ਬਣੇ ਮੁੱਖਮੰਤਰੀ ਦੇ ਸਾਹਮਣੇ ਡੱਟ ਕੇ ਸਵਾਲ ਜਵਾਬ ਕਰ ਸਕੇ, ਬੋਲ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕਾਂ ਦਾ ਨਾਂਅ ਕਿਸੇ ਨਾ ਕਿਸੇ ਘਪਲੇ ਜਾਂ ਮੁੱਕਦਮੇ ਚ ਉਲਝਿਆ ਹੋਇਆ ਹੈ ਉਹ ਵਿਰੋਧੀ ਧਿਰ ਦੇ ਲੀਡਰ ਦਾ ਰੋਲ ਚੱਜ ਨਾਲ ਨਹੀਂ ਨਿਭਾ ਸਕੇਗਾ।

- Advertisement -

Share this Article
Leave a comment