ਨਿਊਜ਼ ਡੈਸਕ: ਹਵਾ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਹਾਲਾਤ ਐਨੇ ਖਰਾਬ ਹੋ ਗਏ ਹਨ ਕਿ ਕਈ ਉਪਰਾਲਿਆਂ ਅਤੇ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਹਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਿਸ਼ਾਨ ਘੱਟ ਹੀ ਦਿਸ ਰਹੇ ਹਨ। ਵਿਸ਼ਵ ਦੇ ਅਮਰੀਕਾ, ਚੀਨ ਅਤੇ ਭਾਰਤ ਵਰਗੇ ਵੱਡੇ ਅਤੇ ਪ੍ਰਭਾਵਸ਼ਾਲੀ ਦੇਸ਼ ਵੀ ਇਸ ਤੋਂ ਬਚਣ ਲਈ ਸੰਘਰਸ਼ ਕਰ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਦੇਸ਼ ਅਜੇ ਵੀ ਅਜਿਹੇ ਹਨ, ਜਿੱਥੇ ਲੋਕ ਸਾਫ਼ ਹਵਾ ਵਿੱਚ ਸਾਹ ਲੈ ਰਹੇ ਹਨ?
ਸਾਫ਼ ਹਵਾਵਾਂ ਵਾਲੇ ਸਿਰਫ਼ 7 ਦੇਸ਼
ਸਵਿਟਜ਼ਰਲੈਂਡ ਦੀ ਏਅਰ ਕਵਾਲਟੀ ਮਾਨੀਟਰਿੰਗ ਫਰਮ IQAir ਦੀ ਹਾਲੀਆ ਰਿਪੋਰਟ ਅਨੁਸਾਰ, ਸਿਰਫ਼ 7 ਦੇਸ਼ ਅਜੇ ਵੀ WHO ਦੇ ਮਾਪਦੰਡਾਂ ‘ਤੇ ਖਰੇ ਉਤਰੇ ਹਨ। ਇਹ ਦੇਸ਼ ਹਨ – ਆਸਟ੍ਰੇਲੀਆ, ਨਿਊਜ਼ੀਲੈਂਡ, ਬਾਹਾਮਾਸ, ਬਾਰਬਾਡੋਸ, ਗ੍ਰੇਨੇਡਾ, ਐਸਟੋਨੀਆ ਅਤੇ ਆਇਸਲੈਂਡ। ਇੱਥੇ ਵਾਸੀ ਅਜੇ ਵੀ ਸਾਫ ਕੁਦਰਤੀ ਤਾਜ਼ੀ ਹਵਾਵਾਂ ਦਾ ਆਨੰਦ ਮਾਣ ਰਹੇ ਹਨ।
ਭਾਰਤ: ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ‘ਚ ਸ਼ਾਮਲ
IQAir ਦੀ ਰਿਪੋਰਟ ਅਨੁਸਾਰ, ਭਾਰਤ ਪੰਜ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿੱਚ ਆਉਂਦਾ ਹੈ। ਭਾਰਤ ‘ਚ PM2.5 ਕਣ 50.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਗਏ, ਜੋ ਕਿ WHO ਦੀ 5 ਮਾਈਕ੍ਰੋਗ੍ਰਾਮ ਦੀ ਸੀਮਾ ਤੋਂ 10 ਗੁਣਾ ਜ਼ਿਆਦਾ ਹੈ। ਇਸ ਵਾਧੂ ਪ੍ਰਦੂਸ਼ਣ ਨੇ ਲੋਕਾਂ ਦੀ ਸਿਹਤ ‘ਤੇ ਨਕਾਰਾਤਮਕ ਅਸਰ ਪਾਇਆ ਹੈ।
ਰਿਪੋਰਟ ਮੁਤਾਬਕ, ਚਾਡ ਅਤੇ ਬੰਗਲਾਦੇਸ਼ ਪ੍ਰਦੂਸ਼ਣ ਵਿੱਚ ਪਹਿਲੇ ਤੇ ਦੂਜੇ ਨੰਬਰ ‘ਤੇ ਹਨ। ਇੱਥੇ ਹਵਾ ਪ੍ਰਦੂਸ਼ਣ ਦੀ ਸਤ੍ਹਾ WHO ਦੀ ਸੀਮਾ ਤੋਂ 15 ਗੁਣਾ ਵੱਧ ਪਾਈ ਗਈ, ਜੋ ਸਿਹਤ ਸੰਕਟ ਨੂੰ ਹੋਰ ਵਧਾ ਸਕਦੀ ਹੈ।
ਭਾਰਤ ਦੇ 12 ਸ਼ਹਿਰ ਸਭ ਤੋਂ ਪ੍ਰਦੂਸ਼ਿਤ
ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 12 ਕੇਵਲ ਭਾਰਤ ਵਿੱਚ ਹੀ ਹਨ। ਅਸਾਮ ਦਾ ਬਰਨੀਹਾਟ ਸਭ ਤੋਂ ਉੱਚੇ PM2.5 ਪੱਧਰ (128 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤੇ ਪਹੁੰਚ ਚੁੱਕਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਵੱਡੇ ਸ਼ਹਿਰ ਵੀ ਵਧਦੇ ਪ੍ਰਦੂਸ਼ਣ ਨਾਲ ਜੂਝ ਰਹੇ ਹਨ।
ਜਲਵਾਯੂ ਪਰਿਵਰਤਨ ਅਤੇ ਹਵਾ ਪ੍ਰਦੂਸ਼ਣ
ਜਲਵਾਯੂ ਪਰਿਵਰਤਨ ਦੇ ਭਾਰੀ ਅਸਰ ਕਾਰਨ, ਜੰਗਲਾਂ ‘ਚ ਅੱਗ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਦੱਖਣ ਏਸ਼ੀਆ ਅਤੇ ਦੱਖਣੀ ਅਮਰੀਕਾ ‘ਚ ਹਵਾ ਦੀ ਗੁਣਵੱਤਾ ਹੋਰ ਵੀ ਖ਼ਤਰਨਾਕ ਬਣ ਗਈ ਹੈ। ਜੇਕਰ ਤੁਰੰਤ ਸਖ਼ਤ ਕਦਮ ਨਾਂ ਚੁੱਕੇ ਗਏ, ਤਾਂ ਆਉਣ ਵਾਲੇ ਸਮਿਆਂ ‘ਚ ਇਹ ਸੰਕਟ ਹੋਰ ਵੀ ਭਿਆਨਕ ਹੋ ਸਕਦਾ ਹੈ।