ਅਲਬਰਟਾ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਪ੍ਰਧਾਨ ਮੰਤਰੀ ਟਰੂਡੋ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

TeamGlobalPunjab
2 Min Read

ਓਟਾਵਾ/ਐਡਮਿੰਟਨ : ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਸਥਿਤੀ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਅਤੇ ਸੰਘੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸੂਬੇ ਅੰਦਰ ਤਿੰਨ ਹਫ਼ਤਿਆਂ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਅੱਜ ਤੋਂ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਸੂਬਾ ਸਰਕਾਰ ਵੱਲੋਂ ਕੋਵਿਡ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀ ਕੋਸ਼ਿਸ਼ਾਂ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਸੂਬੇ ਦੇ ਪ੍ਰੀਮੀਅਰ ਜੈਸਨ ਕੇਨੀ ਨਾਲ ਰਾਬਤਾ ਕੀਤਾ ਅਤੇ ਟਰੂਡੋ ਨੇ ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਇਸ ਤੋਂ ਇਲਾਵਾ ਪ੍ਰਧਾਨਮੰਤਰੀ ਟਰੂਡੋ ਨੇ ਕੈਲਗਰੀ ਦੇ ਮੇਅਰ ਅਤੇ ਐਡਮਿੰਟਨ ਦੇ ਮੇਅਰ ਨਾਲ ਵੀ ਗੱਲਬਾਤ ਕੀਤੀ ਅਤੇ ਹਾਲਾਤਾਂ ਦੀ ਜਾਣਕਾਰੀ ਲਈ।

- Advertisement -

ਇਸ ਬਾਰੇ ਹੁਣ ਤੋਂ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਟਵੀਟ ਕਰਦਿਆਂ ਕਿਹਾ ਕਿ,”ਮੈਂ ਬੀਤੀ ਰਾਤ ਕੈਲਗਰੀ ਦੇ ਮੇਅਰ ਨੇਸ਼ੀ ਅਤੇ ਐਡਮਿੰਟਨ ਦੇ ਮੇਅਰ ਡੋਨ ਇਵੀਸਨ ਨਾਲ ਗੱਲਬਾਤ ਕੀਤੀ। ਅਸੀਂ ਕੈਲਗਰੀ, ਐਡਮਿੰਟਨ ਅਤੇ ਪੂਰੇ ਪ੍ਰਾਂਤ ਵਿੱਚ ਮੌਜੂਦਾ ਕੋਵਿਡ-19 ਦੀ ਸਥਿਤੀ ਦੀ ਗੰਭੀਰਤਾ ਬਾਰੇ ਚਰਚਾ ਕੀਤੀ । ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਸੰਘੀ ਸਰਕਾਰ ਮੌਜੂਦਾ ਸਥਿਤੀ ਨਾਲ ਨਿਪਟਣ ਵਾਸਤੇ ਕਿਸੇ ਵੀ ਢੰਗ ਨਾਲ ਸਹਾਇਤਾ ਕਰਨ ਲਈ ਤਿਆਰ ਹੈ।”

ਅਲਬਰਟਾ ਸੂਬੇ ਵਿੱਚ ਵਧਦੇ ਕੋਵਿਡ ਮਾਮਲਿਆਂ ਕਾਰਨ 5 ਮਈ ਤੋਂ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਹਜ਼ਾਰ ਡਾਲਰ ਤੋਂ ਲੈ ਕੇ 2000 ਡਾਲਰ ਤੱਕ ਦਾ ਜੁਰਮਾਨਾ ਕਰਨ ਦੀ ਤਜਵੀਜ਼ ਹੈ।

Share this Article
Leave a comment