ਅੰਮ੍ਰਿਤਸਰ ਸਾਹਿਬ : ਹਰ ਦਿਨ ਸਿਆਸਤਦਾਨਾਂ ਦੀਆਂ ਵਿਵਾਦਿਤ ਬਿਆਨਬਾਜੀ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ, ਜਿਸ ਦੇ ਚਲਦਿਆਂ ਕਈ ਵਾਰ ਉਨ੍ਹਾਂ ਨੂੰ ਸ਼ਰੇਆਮ ਮਾਫੀ ਵੀ ਮੰਗਣੀ ਪੈਂਦੀ ਹੈ। ਕੁਝ ਅਜਿਹੀ ਹੀ ਗਲਤੀ ਕਾਂਗਰਸ ਪਾਰਟੀ ਦੇ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵੀ ਕੀਤੀ ਸੀ। ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਮਾਫੀ ਮੰਗ ਲਈ ਹੈ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋ ਕੇ ਗਿੱਲ ਨੇ ਜਥੇਦਾਰ ਸਾਹਮਣੇ ਸਨਮੁੱਖ ਹੋ ਕੇ ਮਾਫੀ ਮੰਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬਿਆਨ ਸਬੰਧੀ ਆਪਣਾ ਪੱਖ ਪੇਸ਼ ਕਰ ਦਿੱਤਾ ਹੈ ਤੇ ਇਸ ਲਈ ਉਨ੍ਹਾਂ ਨੇ ਲਿਖਤੀ ਤੌਰ ‘ਤੇ ਮਾਫੀ ਮੰਗੀ ਹੈ। ਗਿੱਲ ਨੇ ਕਿਹਾ ਕਿ ਉਹ ਗਲਤੀ ਉਨ੍ਹਾਂ ਤੋਂ ਜਾਣੇ ਅਣਜਾਣੇ ‘ਚ ਹੋਈ ਸੀ ਤੇ ਉਸ ਲਈ ਉਨ੍ਹਾਂ ਨੇ ਖਿਮਾਂ ਜਾਚਨਾ ਕੀਤੀ ਹੈ। ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਗਲਤੀ ਬਦਲੇ ਜਥੇਦਾਰ ਜੇਕਰ ਕੋਈ ਸਜ਼ਾ ਲਗਾਉਣੀ ਚਾਹੁਣ ਤਾਂ ਕਿਸੇ ਵੀ ਸਮੇਂ ਗੁਰਮਤ ਅਨੁਸਾਰ ਸਜ਼ਾ ਲਗਾ ਸਕਦੇ ਹਨ।
ਦੱਸ ਦਈਏ ਕਿ ਗਿੱਲ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ, “ਅਸੀ਼ ਚਾਹੁੰਦੇ ਹਾਂ ਜਿਹੜਾ ਇੱਕ ਲੱਖ ਸ਼ਰਧਾਲੂ ਹਰ ਦਿਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦਾ ਹੈ ਉਹ ਹਰੀਕੇ ਪੱਤਣ ਆਵੇ ਅਤੇ ਇੱਥੇ ਆ ਕੇ ਰਹੇ। ਉਹ ਇੱਥੇ ਆ ਕੇ ਤੁਹਾਡੀ ਮੱਛੀ ਮੁੱਛੀ ਵੀ ਖਾਵੇ ਅਤੇ ਹੋਰ ਵੀ ਕੰਮ ਕਰੇ”। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਸੀ।