ਫਿਲਮਾਂ ‘ਚ ਕੰਮ ਦਵਾਉਣ ਦਾ ਝਾਂਸਾ ਦੇ ਕੇ ਕੁੜੀਆਂ ਨਾਲ ਕਰਦਾ ਸੀ ਆਹ ਕੰਮ, ਪਤਾ ਲੱਗਣ ‘ਤੇ ਹੁਣ ਕਰਦੈ ਮਿਨਤਾਂ

TeamGlobalPunjab
3 Min Read

ਮੁਹਾਲੀ :  ਨੌਜਵਾਨ ਮੁੰਡੇ ਕੁੜੀਆਂ ‘ਚ ਫਿਲਮ ਇੰਡਸਟਰੀ ‘ਚ ਜਾਣ ਦਾ ਰੁਝਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਉਹ ਕਈ ਵਾਰ ਗਲਤ ਵਿਅਕਤੀਆਂ ਦੇ ਹੱਥੇ ਚੜ੍ਹ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜਿਲ੍ਹਾ ਮੁਹਾਲੀ ਤੋਂ, ਜਿੱਥੋਂ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ‘ਤੇ ਇਹ ਦੋਸ਼ ਹਨ ਕਿ ਉਹ ਪੰਜਾਬੀ ਫਿਲਮ ਦੇ ਪ੍ਰੋਡਿਊਸਰ ਦਾ ਨਾਮ ਲੈ ਕੇ  ਲੜਕੀਆਂ ਨੂੰ ਫੋਨ ਕਰਦਾ ਤੇ ਉਨ੍ਹਾਂ ਨੂੰ ਫਿਲਮਾਂ ਅਤੇ ਗੀਤਾਂ ‘ਚ ਮਾਡਲ ਬਣਨ ਦੀ ਪੇਸ਼ਕਸ਼ ਕਰਦਾ ਹੋਇਆ ਲਾਲਚ ਦੇ ਕੇ ਉਨ੍ਹਾਂ ਤੋਂ ਅਸ਼ਲੀਲ ਫੋਟੋਆਂ ਦੀ ਮੰਗ ਕਰਦਾ ਸੀ। ਜਿਸ ਬਾਰੇ ਜਦੋਂ ਉਸ ਫਿਲਮ ਨਿਰਮਾਤਾ ਨੂੰ ਪਤਾ ਲੱਗਾ ਜਿਸ ਦਾ ਨਾਮ ਵਰਤ ਕੇ ਉਹ ਇਹ ਸਭ ਕਰ ਰਿਹਾ ਸੀ ਤਾਂ ਨਿਰਮਾਤਾ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਇਸ ਦੀ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮੁਹਾਲੀ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਨਿਰਮਾਤਾ ਗੁਨਬੀਰ ਸਿੰਘ ਵੱਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੋਈ ਵਿਅਕਤੀ ਅਲੱਗ ਅਲੱਗ ਫੋਨ ਨੰਬਰਾਂ ਤੋਂ ਕੁੜੀਆਂ ਨੂੰ ਉਸ ਦਾ ਨਾਮ ਲੈ ਕੇ ਫੋਨ ਕਰ ਰਿਹਾ ਸੀ, ਜੋ ਕਿ ਲੜਕੀਆਂ ਨੂੰ ਫਿਲਮਾਂ ਅਤੇ ਗੀਤਾਂ ‘ਚ ਮਾਡਲ ਦੇ ਤੌਰ ‘ਤੇ ਸੈੱਟ ਕਰਵਾਉਣ ਦਾ ਲਾਲਚ ਦਿੰਦਾ ਹੈ ਅਤੇ ਫਿਰ ਉਨ੍ਹਾਂ ਤੋਂ ਅਸ਼ਲੀਲ ਫੋਟੋਆਂ ਦੀ ਮੰਗ ਕਰਦਾ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਗੁਨਬੀਰ ਨੇ ਉਹ ਮੋਬਾਇਲ ਨੰਬਰ ਵੀ ਪੁਲਿਸ ਨੂੰ ਦੇ ਦਿੱਤੇ ਜਿਨ੍ਹਾਂ ਤੋਂ ਮੁਲਜ਼ਮ ਕੁੜੀਆਂ ਨੂੰ ਫੋਨ ਕਰਦਾ ਰਿਹਾ ਸੀ। ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਓਬੇਦ ਅਫਰੀਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਓਬੇਦ ਅਫਰੀਦੀ ਦਿੱਲੀ ਦਾ ਰਹਿਣ ਵਾਲਾ ਹੈ ਤੇ ਉਹ ਫਿਲਮ ਇੰਡਸਟਰੀ ‘ਚ ਬਤੌਰ ਫੋਟੋਗ੍ਰਾਫਰ ਕੰਮ ਕਰਦਾ ਹੈ।

ਇੱਧਰ ਥਾਣਾ ਫੇਜ਼-1 ਦੇ ਐਸਐਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਫੇਜ਼-1 ਦੇ ਰਹਿਣ ਵਾਲੇ ਫਿਲਮ ਨਿਰਮਾਤਾ ਗੁਨਬੀਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਓਬੇਦ ਅਫਰੀਦੀ ਖਿਲਾਫ ਆਈਪੀਸੀ ਦੀ ਧਾਰਾ 419, 420 ਅਤੇ ਇਨਫਰਮੇਸ਼ਨ ਟੈਕਨਾਲੋਜੀ (ਆਈਟੀ) ਐਕਟ ਦੀ ਧਾਰਾ 66 ਸੀ ਅਤੇ 66 ਡੀ ਤਹਿਤ ਕੇਸ ਦਰਜ ਕਰ ਲਿਆ ਹੈ। ਐਸਐਚਓ ਮੁਤਾਬਿਕ ਪੁਲਿਸ ਨੇ ਅਫਰੀਦੀ ਨੂੰ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਪੁੱਛ ਗਿੱਛ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਹੁਣ ਤੱਕ ਉਹ ਇੰਝ ਕਿੰਨੀਆਂ ਲੜਕੀਆਂ ਨਾਲ ਕਰ ਚੁਕਿਆ ਹੈ ਤੇ ਕਿੰਨੀਆਂ ਲੜਕੀਆਂ ਉਸ ਦੇ ਝਾਂਸੇ ‘ਚ ਆ ਕੇ ਉਸ ਨੂੰ ਅਸ਼ਲੀਲ ਫੋਟੋਆਂ ਦੇ ਚੁਕੀਆਂ ਹਨ ਤੇ ਉਹ ਅੱਗੇ ਇਨ੍ਹਾਂ ਫੋਟੋਆਂ ਦਾ ਕੀ  ਕਰਦਾ ਹੈ ਤੇ ਇਸ ਤੋਂ ਇਲਾਵਾ ਉਹ ਇਹ ਵੀ ਪਤਾ ਲਗਾਉਣਗੇ ਕਿ ਕੀ ਉਹ ਇਸ ਕੰਮ ਵਿੱਚ ਇਕੱਲਾ ਹੈ ਜਾਂ ਉਸ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ?

Share this Article
Leave a comment