ਕਈਆਂ ਨੂੰ ਕੰਬਣੀ ਛੇੜ ਗਰਮੀ ‘ਚ ਵੀ ਕਰਵਾਏਗਾ ਸਰਦੀ ਦਾ ਅਹਿਸਾਸ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਨਜ਼ਰਾਂ ਰਹਿਣਗੀਆਂ ਸਿੱਧੂ ‘ਤੇ

TeamGlobalPunjab
5 Min Read

ਕੁਲਵੰਤ ਸਿੰਘ

ਪਟਿਆਲਾ : ਕੁਝ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਧਾਇਕ ਇੱਕ ਵਾਰ ਫਿਰ ਮਾਨਸੂਨ ਇਜਲਾਸ਼ ਵਿੱਚ ਹਿੱਸਾ ਲੈਣ ਲਈ ਸਦਨ ਅੰਦਰ ਇਕੱਠੇ ਹੋਣ ਜਾ ਰਹੇ ਹਨ। ਇਸ ਤਿੰਨ ਦਿਨਾਂ ਇਜਲਾਸ਼ ਦੌਰਾਨ ਜਿੱਥੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸੀਬੀਆਈ ਵੱਲੋ਼ ਮੁਹਾਲੀ ਦੀ ਅਦਾਲਤ ਵਿੱਚ ਫਾਇਲ ਕੀਤੀ ਗਈ ਕਲਜ਼ੋਰ ਰਿਪੋਰਟ ‘ਦੇ ਦੱਬ ਕੇ ਹੰਗਾਮਾਂ ਹੋਣ ਦੀ ਸੰਭਾਵਨਾ ਹੈ ਉੱਥੇ ਦੂਜੇ ਪਾਸੇ ਪੰਜਾਬ ਅੰਦਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਮਹਿੰਗੀ ਬਿਜਲੀ ਦਾ ਮੁੱਦਾ ਵੀ ਖਿੱਚ ਦਾ ਕੇਂਦਰ ਬਣਿਆ ਰਹੇਗਾ। ਇਸ ਦੇ ਉਲਟ ਆਮ ਜਨਤਾ ਨੂੰ ਜੇਕਰ ਇਸ ਇਜਲਾਸ਼ ਅੰਦਰ ਕਿਸੇ ਚੀਜ਼ ਵਿੱਚ ਸਭ ਤੋਂ ਵੱਧ ਦਿਲਚਸਪੀ ਹੋਵੇਗੀ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ ਦੀ ਵਿਧਾਨ ਸਭਾ ‘ਚ ਸ਼ਮੂਲੀਅਤ ਕਿਉਂਕਿ 6 ਜੂਨ ਵਾਲੇ ਦਿਨ ਸਿੱਧੂ ਦਾ ਸਥਾਨਕ ਸਰਕਾਰਾਂ ਮਹਿਕਮਾਂ ਬਦਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ ਤੇ ਵਿਧਾਨ ਸਭਾ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਰੇ ਵਿਧਾਇਕਾਂ ਨੂੰ ਬੋਲਣਾ ਹੀ ਪੈਂਦਾ ਹੈ। ਅਜਿਹੇ ਵਿੱਚ ਲੋਕ ਇਹ ਜਾਣਨਾ ਜਰੂਰ ਪਸੰਦ ਕਰਨਗੇ ਕਿ ਜਦੋਂ ਵਿਰੋਧੀ ਧਿਰਾਂ ਨਵਜੋਤ ਸਿੰਘ ਸਿੱਧੂ ਬਾਰੇ ਫਿਕਰੇ ਕਸਣਗੀਆਂ ਤਾਂ ਉਸ ਵੇਲੇ ਸਿੱਧੂ ਦੀ ਕੀ ਪ੍ਰਤੀਕਿਰਿਆ ਹੋਵੇਗੀ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਵੀ ਸੱਦੀ ਹੈ ਜਿਸ ਵਿੱਚ ਸੱਤਾਧਾਰੀ ਬੇਅਦਬੀ ਮਾਮਲਿਆਂ ‘ਚ ਸੀਬੀਆਈ ਵੱਲੋਂ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ‘ਤੇ ਪਹਿਲਾਂ ਹੀ ਰਣਨੀਤੀ ਤਿਆਰ ਕਰ ਲੈਣਾ ਚਾਹੁੰਦੇ ਹਨ ਤਾਂ ਕਿ ਵਿਧਾਨ ਸਭਾ ਅੰਦਰ ਵਿਰੋਧੀਆਂ ਵੱਲੋਂ ਕਸੇ ਜਾਣ ਵਾਲੇ ਫਿਕਰਿਆਂ ਦਾ ਡਟ ਮੁਕਾਬਲਾ ਕਰਦਿਆਂ ਢੁਕਵੇਂ ਜਵਾਬ ਦਿੱਤੇ ਜਾ ਸਕਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸੇ ਕੜੀ ਤਹਿਤ ਜਿੱਥੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸੈਸ਼ਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਖਤ ਬਿਆਨਬਾਜ਼ੀ ਕੀਤੀ ਗਈ ਹੈ ਉੱਥੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਕਨੂੰਨੀ ਨੁਕਤਿਆਂ ਰਾਹੀਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਉੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਲੈ ਕੇ 15 ਦਿਨ ਦੇ ਅੰਦਰ ਅੰਦਰ ਦਿੱਤੇ ਗਏ ਦੋ ਵੱਖ ਵੱਖ ਬਿਆਨਾਂ ਕਾਰਨ ਉਹ ਵੀ ਬੁਰੀ ਤਰ੍ਹਾਂ ਘਿਰੇ ਹੋਏ ਹਨ, ਭਾਵੇਂ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸਫਾਈ ਵਿੱਚ ਹੋਰਨਾਂ ਸਿਆਸਤਦਾਨਾਂ ਵਾਂਗ ਇਹ ਕਹਿ ਕੇ ਪੱਲਾ ਚਾੜ੍ਹ ਲਿਆ ਸੀ ਕਿ ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਪਰ ਇਸ ਦੇ ਬਾਵਜੂਦ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਵੱਲੋਂ ਸੱਤਾਧਾਰੀਆਂ ਖਿਲਾਫ ਵਿਰੋਧ ਦਾ ਝੰਡਾ ਚੁੱਕਿਆ ਗਿਆ ਤਾਂ ਫਿਰ ਉਹ ਵੀ ਇਹ ਦੱਸਣੋ ਪਿੱਛੇ ਨਹੀਂ ਹਟਣਗੇ ਕਿ ਭੱਜਦਿਆਂ ਨੂੰ ਵਾਹਣ ਬਰਾਬਰ ਦੇ ਹੁੰਦੇ ਹਨ

ਇਸ ਦੇ ਉਲਟ ਆਮ ਆਦਮੀ ਪਾਰਟੀ ਵਾਲੇ ਜਿਸ ਗੱਲ ਦਾ ਸਭ ਤੋਂ ਵੱਧ ਰੌਲਾ ਪਾ ਸਕਦੇ ਹਨ ਉਹ ਹੈ ਸੂਬੇ ਅੰਦਰਲੀ ਮਹਿੰਗੀ ਬਿਜਲੀ ਦਾ ਕਿਉਂਕਿ ‘ਆਪ’ ਸੁਪਰੀਮੋਂ ਨੇ ਤਾਜਾ ਤਾਜਾ ਦਿੱਲੀ ਅੰਦਰ 2 ਸੌ ਯੂਨੀਟ ‘ਤੇ ਬਿੱਲ ਮਾਫੀ ਵਾਲੀ ਸਕੀਮ ਸ਼ੁਰੂ ਕੀਤੀ ਹੈ ਤੇ ਇਸ ਦੇ ਪ੍ਰਚਾਰ ਲਈ ਵਿਧਾਨ ਸਭਾ ਤੋਂ ਵਧੀਆ ਪਲੇਟਫਾਰਮ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਮਿਲ ਸਕਦਾ ਤੇ ਇਹ ਪ੍ਰਚਾਰ ਤਾਹੀਓਂ ਹੋਵੇਗਾ ਜੇਕਰ ਉਹ ਇਨ੍ਹਾਂ 3 ਦਿਨਾਂ ਦੌਰਾਨ ਗੱਲ ਗੱਲ ‘ਤੇ ਮਹਿੰਗੀ ਬਿਜਲੀ ਮਹਿੰਗੀ ਬਿਜਲੀ ਰੌਲਾ ਪਾਉਂਦਿਆਂ ਸਰਕਾਰ ‘ਤੇ ਪੰਜਾਬ ਅੰਦਰ ਬਿਜਲੀ ਸਸਤੀ ਕਰਨ ਦਾ ਦਬਾਅ ਪਾ ਕੇ ਉਨ੍ਹਾਂ ਲੋਕਾਂ ਦੀ ਹਮਦਰਦੀ ਅਤੇ ਸਮਰਥਨ ਹਾਸਲ ਕਰਨਗੇ ਜਿਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਬਿੱਲ ਭਰਨ ਤੋਂ ਬਾਅਦ ਅਕਸਰ ਚੀਸਾਂ ਪੈਂਦੀਆਂ ਰਹਿੰਦੀਆਂ ਹਨ।

- Advertisement -

ਇਹ ਤਾਂ ਸਨ ਉਹ ਮੁੱਦੇ ਜਿਨ੍ਹਾਂ ‘ਤੇ ਵਿਧਾਨ ਸਭਾ ਅੰਦਰ ਰੌਲਾ ਪੈਣ ਦੀ ਸੰਭਾਵਨਾ ਹੈ ਪਰ ਇਸ ਦੇ ਉਲਟ ਇਸ ਇਜਲਾਸ਼ ਦੌਰਾਨ ਸਿਆਸੀ ਅਤੇ ਸਮਾਜਿਕ ਮੁੱਦਿਆਂ ਵਿੱਚ ਦਿਲਚਸਪੀ ਲੈਣ ਵਾਲੇ ਲੋਕਾਂ ਦੀ ਜੇਕਰ ਕਿਸੇ ‘ਤੇ ਸਭ ਤੋਂ ਵੱਧ ਨਜ਼ਰ ਹੋਵੇਗੀ ਤਾਂ ਉਹ ਹਨ ਨਵਜੋਤ ਸਿੰਘ ਸਿੱਧੂ ਜਿੰਨਾਂ ਬਾਰੇ ਖ਼ਬਰ ਆਈ ਹੈ ਕਿ ਉਨ੍ਹਾਂ ਦੀ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨਾਲੋਂ ਸੀਟ ਬਦਲ ਕੇ ਪਿੱਛੇ ਕਰ ਦਿੱਤੀ ਗਈ ਹੈ। ਇਸ ਦੌਰਾਲ ਲੋਕ ਇਹ ਜਾਣਨ ਲਈ ਉਤਾਵਲੇ ਰਹਿਣਗੇ ਕਿ ਲੰਮੀ ਚੁੱਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਖਰ ਵਿਧਾਨ ਸਭਾ ਅੰਦਰ ਕੀ ਧਮਾਕਾ ਕਰਦੇ ਹਨ। ਕੀ ਸਿੱਧੂ ਆਪਣੇ ਵਿਰੋਧੀਆਂ ਨੂੰ ਹੁਣ ਵੀ ਉਸੇ ਤਰ੍ਹਾਂ ਦਹਾੜ ਕੇ ਜਵਾਬ ਦੇਣਗੇ ਜਿਸ ਤਰ੍ਹਾਂ ਉਹ ਮੰਤਰੀ ਰਹਿੰਦਿਆਂ ਦਿਆ ਕਰਦੇ ਸਨ? ਲੋਕ ਇਹ ਵੀ ਜਾਣਨ  ਲਈ ਉਤਾਵਲੇ ਹੋਣਗੇ ਕਿ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਕੀ ਅਕਾਲੀ ਹੁਣ ਉਨ੍ਹਾਂ ਦੀ ਕਿਸੇ ਦੁਖਦੀ ਰਗ ‘ਤੇ ਹੱਥ ਰੱਖ ਕੇ ਉਨ੍ਹਾਂ ਦਾ ਇਮਤਿਹਾਨ ਲੈਣਗੇ? ਤੇ ਉਸ ਦੌਰਾਨ ਸੱਤਾਧਾਰੀ ਵਿਧਾਇਕ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਕਿਸ ਤਰ੍ਹਾਂ ਨਿੱਤਰਣਗੇ ਇਹ ਸਾਰੀਆਂ ਉਹ ਗੱਲਾਂ ਹਨ ਜਿੰਨਾਂ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਧਾਨ ਸਭਾ ਇਜਲਾਸ਼ ਸਦਨ ਅੰਦਰੀ ਕਈਆਂ ਨੂੰ ਕੰਬਣੀ ਛੇੜੇਗਾ ਤੇ ਕਰਵਾ ਦੇਵੇਗਾ ਗਰਮੀ ਵਿੱਚ ਵੀ ਸਰਦੀ ਦਾ ਅਹਿਸਾਸ।

Share this Article
Leave a comment