ਪਟਿਆਲਾ: ਸ਼ਰਾਬ ਤਸਕਰ ਦੇ ਘਰ ਰੇਡ ਮਾਰਨ ਗਈ ਪੁਲਿਸ ਤਾਂ ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ, ਦੋ ਜ਼ਖਮੀ

TeamGlobalPunjab
2 Min Read

ਪਟਿਆਲਾ (ਕਮਲਪ੍ਰੀਤ ਸਿੰਘ ਦੁਆ) : ਹਲਕਾ ਸਨੌਰ ਦੇ ਪਿੰਡ ਜਗਤਪੁਰਾ ਵਿਖੇ ਹੋਈ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਰੇਡ ਤੋਂ ਬਾਅਦ ਦੋਵਾਂ ਧਿਰਾਂ ‘ਚ ਫਾਇਰਿੰਗ ਹੋਣ ਨਾਲ ਇਕ ਪੁਲਿਸ ਕਰਮਚਾਰੀ ਅਤੇ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ।

ਪੁਲਿਸ ਅਧਿਕਾਰੀ ਮੁਤਾਬਕ ਨਸ਼ਿਆਂ ਦਾ ਵਪਾਰ ਕਰਨ ਦੇ ਮਾਮਲੇ ’ਚ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਏਐਸਆਈ ਮਾਲਵਿੰਦਰ ਸਿੰਘ ਅਤੇ ਅਮਰੀਕ ਸਿੰਘ ਦੀ ਅਗਵਾਈ ’ਚ ਸਵੇਰੇ 7.30 ਵਜੇ ਪਿੰਡ ਜਗਤਪੁਰਾ ਵਿਖੇ ਰੇਡ ਕੀਤੀ ਸੀ। ਹਰਭਜਨ ਸਿੰਘ ਦੇ ਘਰ ਦਾਖਲ ਹੋਣ ਤੋਂ ਪਹਿਲਾਂ ਪੁਲਿਸ ਪਾਰਟੀ ਦਾ ਔਰਤਾਂ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਤਕਰਾਰਬਾਜ਼ੀ ਦੌਰਾਨ ਹੋਈ ਝੜੱਪ ਵਿਚ ਗ੍ਰਿਫਤਾਰੀ ਕੀਤਾ ਇਕ ਵਿਅਕਤੀ ਵੀ ਪੁਲਿਸ ਪਾਰਟੀ ਕੋਲੋਂ ਛੁਡਾ ਲਿਆ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ’ਤੇ ਫਾਇਰਿੰਗ ਕੀਤੀ ਗਈ ਤਾਂ ਆਪਣੇ ਬਚਾਅ ਵਿਚ ਪੁਲਿਸ ਮੁਲਾਜ਼ਮਾਂ ਨੇ ਫਾਇਰਿੰਗ ਕਰਕੇ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਖਦੇੜਿਆ।

ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਅਤੇ ਦੋਵੇਂ ਸਪੁੱਤਰ, ਔਰਤਾਂ ਅਤੇ ਅਣਪਛਾਤਿਆਂ ਖਿਲਾਫ਼ ਐਫਆਈਆਰ ਨੰ: 79 ਧਾਰਾ 353, 186, 332 ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਵੇਰੇ ਰੇਡ ਕੀਤੀ ਸੀ ਅਤੇ   ਫਾਇਰਿੰਗ ਦੌਰਾਨ ਹੌਲਦਾਰ ਰਾਜਾ ਰਾਮ ਗੰਭੀਰ ਜ਼ਖ਼ਮੀ ਹੋ ਗਏ।

- Advertisement -

ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੇ ਬਚਾਅ ਲਈ ਫਾਇਰਿੰਗ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਖਦੇੜਿਆ। ਪੁਲਿਸ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੇ ਬਿਆਨਾਂ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਸ਼ਰਾਬ ਵੇਚਣ ਦੇ ਕਈ ਮਾਮਲੇ ਦਰਜ ਹਨ।

Share this Article
Leave a comment