ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-22
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 23 ਵਾਂ ਰਾਗ ਕੇਦਾਰਾ
*ਗੁਰਨਾਮ ਸਿੰਘ ਡਾ.
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧0੮੭ ‘ਤੇ ਗੁਰੂ ਅਮਰਦਾਸ ਜੀ ‘ਮਾਰੂ ਦੀ ਵਾਰ’ ਦੇ ਅੰਤਰਗਤ ਕੇਦਾਰਾ ਰਾਗ ਸੰਬੰਧੀ ਫੁਰਮਾ ਰਹੇ ਹਨ ਕਿ ਰਾਗਾਂ ਵਿਚ ਕੇਦਾਰਾ ਰਾਗ ਦਾ ਮਹੱਤਵ ਇਸ ਕਰਕੇ ਜਾਣਿਆ ਜਾ ਸਕਦਾ ਹੈ ਜੇਕਰ ਇਸ ਨੂੰ ਗਾਉਣ ਨਾਲ ਗੁਰ ਸ਼ਬਦ ਨਾਲ ਪਿਆਰ ਕਰਨ ਲੱਗ ਪਏ। ਕੇਦਾਰਾ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਤੀਏਵੇਂ ਸਥਾਨ ਤੇ ਪੰਨਾ ੧੧੧੮ ’ਤੇ ਅੰਕਿਤ ਹੈ। ਇਸ ਰਾਗ ਦੀ ਪ੍ਰਕਿਰਤੀ ਸ਼ਾਂਤ ਅਤੇ ਗੰਭੀਰ ਹੈ। ਇਸ ਰਾਗ ਵਿਚ ਭਗਤੀ ਭਾਵ ਨਾਲ ਭਰਪੂਰ ਸੰਤਾਂ, ਭਗਤਾਂ ਅਤੇ ਸੂਫ਼ੀਆਂ ਨੇ ਬਾਣੀ ਰਚੀ।
ਕੇਦਾਰਾ ਰਾਗ ਦਾ ਗੁਰਮਤਿ ਸੰਗੀਤ ਵਿਚ ਕੇਦਾਰਾ ਅਤੇ ਭਾਰਤੀ ਸੰਗੀਤ ਵਿਚ ਰਾਗ ਕੇਦਾਰ ਦੇ ਨਾਮ ਨਾਲ ਪ੍ਰਚਲਨ ਹੈ। ਭਾਰਤੀ ਸੰਗੀਤ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਪੱਧਤੀ ਅਧੀਨ ਰਾਗਰਾਣਵ ਮੱਤ ਵਿਚ ਕੇਦਾਰਾ ਰਾਗ ਨੂੰ ਨਾਟ ਰਾਗ ਦੀ ਰਾਗਣੀ, ਭਰਤ ਮੱਤ ਵਿਚ ਦੀਪਕ ਰਾਗ ਦੀ ਰਾਗਣੀ ਅਤੇ ਸ਼ਿਵਮੱਤ ਵਿਚ ਗੌੜ ਸਿਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ। ਇਸ ਰਾਗ ਦੇ ਸੁਰਾਤਮਕ ਸਰੂਪ ਅਧੀਨ ਕੁਝ ਵਿਦਵਾਨ ਇਸ ਨੂੰ ਬਿਲਾਵਲ ਥਾਟ ਤੋਂ ਉਤਪੰਨ ਹੋਇਆ ਮੰਨਦੇ ਹਨ ਪਰੰਤੂ ਵਧੇਰੇ ਵਿਦਵਾਨ ਕਲਿਆਣ ਥਾਟ ਯੁਕਤ ਕੇਦਾਰਾ ਨੂੰ ਮਾਨਤਾ ਦਿੰਦੇ ਹਨ। ਇਸੇ ਪ੍ਰਕਾਰ ਕੇਦਾਰ ਰਾਗ ਦੀ ਜਾਤੀ ਦੇ ਸਬੰਧ ਵਿਚ ਵੀ ਮਤਭੇਦ ਪਾਏ ਜਾਂਦੇ ਹਨ। ਕੇਦਾਰਾ ਰਾਗ ਨੂੰ ਕਲਿਆਣ ਥਾਟ ਦੇ ਅੰਤਰਗਤ ਰਖਦਿਆ ਇਸ ਦੇ ਆਰੋਹ ਵਿਚ ਰਿਸ਼ਭ, ਗੰਧਾਰ ਵਰਜਿਤ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਮੰਨੀ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸ਼ੜਜ ਮੰਨਿਆ ਗਿਆ ਹੈ। ਦੋਵੇਂ ਸੁਰ ਮਧਿਅਮ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਕਲਿਆਣ ਥਾਟ ਅਧੀਨ ਹੀ ਕੇਦਾਰਾ ਰਾਗ ਦਾ ਹੋਰ ਸਰੂਪ ਜੋ ਕਿ ਔੜਵ-ਸ਼ਾੜਵ ਜਾਤੀ ਦਾ ਧਾਰਨੀ ਹੈ, ਵੀ ਮਿਲਦਾ ਹੈ। ਗੁਰਮਤਿ ਸੰਗੀਤ ਵਿਚ ਇਸ ਸਰੂਪ ਨੂੰ ਪ੍ਰਵਾਨਿਤ ਕੀਤਾ ਗਿਆ ਹੈ ਅਤੇ ਆਦਿ ਗ੍ਰੰਥ ਰਾਗ ਕੋਸ਼ ਅਤੇ ਰਾਗ ਨਿਰਣਾਇਕ ਕਮੇਟੀ ਨੇ ਵੀ ਇਸੇ ਸਰੂਪ ਨੂੰ ਪ੍ਰਮਾਣਿਕਤਾ ਦਿੱਤੀ ਹੈ। ਇਸ ਵਿਚ ਵੀ ਦੋਵੇਂ ਮਧਿਅਮ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦੀ ਜਾਤੀ ਔੜਵ-ਸ਼ਾੜਵ ਹੈ। ਵਾਦੀ-ਸੰਵਾਦੀ ਮਧਿਅਮ ਤੇ ਸ਼ੜਜ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ। ਇਸ ਦਾ ਆਰੋਹ ਸ਼ੜਜ ਮਧਿਅਮ, ਮਧਿਅਮ ਪੰਚਮ, ਧੈਵਤ, ਨਿਸ਼ਾਦ ਧੈਵਤ, ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ, ਮਧਿਅਮ(ਤੀਵਰ) ਪੰਚਮ ਧੈਵਤ ਪੰਚਮ ਮਧਿਅਮ, ਮਧਿਅਮ ਰਿਸ਼ਭ ਸ਼ੜਜ ਹੈ।
- Advertisement -
ਕੇਦਾਰਾ ਰਾਗ ਦੇ ਇਹਨਾਂ ਸਰੂਪਾਂ ਨੂੰ ਭਾਰਤੀ ਸੰਗੀਤ ਦੇ ਗ੍ਰੰਥਾਂ, ਜਿਵੇਂ ‘ਰਾਗ ਵਿਸ਼ਾਰਦ’ ਅਤੇ ‘ਰਾਗ ਕੋਸ਼’ ਵਿਚ ਵੀ ਕਲਿਆਣ ਥਾਟ ਦੇ ਅੰਤਰਗਤ ਹੀ ਸਵੀਕਾਰਿਆ ਗਿਆ ਹੈ। ਰਾਗ ਕੇਦਾਰ ਕਾਮੋਦ, ਹਮੀਰ, ਛਾਇਆ ਨਟ, ਆਦਿ ਰਾਗਾਂ ਦਾ ਨਿਕਟਵਰਤੀ ਰਾਗ ਹੈ ਪਰੰਤੁ ਆਪਣੇ ਵਿਸ਼ੇਸ਼ ਚਲਨ ਕਰਕੇ ਸਹਿਜੇ ਹੀ ਇਨ੍ਹਾਂ ਰਾਗਾਂ ਤੋਂ ਨਿਖੜ ਜਾਂਦਾ ਹੈ।
ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਵੀ ਕੇਦਾਰ ਨੂੰ ਕਲਿਆਣ ਥਾਟ ਦਾ ਸੰਪੂਰਨ ਰਾਗ ਮੰਨਿਆ ਗਿਆ ਹੈ ਜਿਸ ਵਿਚ ਮਧਿਅਮ, ਨਿਸ਼ਾਦ ਦੋਵੇਂ ਪਰੰਤੂ ਤੀਬਰ ਮਧਿਅਮ ਤੇ ਗੰਧਾਰ ਦੁਰਬਲ, ਵਾਦੀ ਮਧਿਅਮ, ਸੰਵਾਦੀ ਸ਼ੜਜ ਅਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਸਵੀਕਾਰਿਆ ਹੈ। ਕੰਵਰ ਮ੍ਰਿਗੇਂਦਰ ਸਿੰਘ ਦੁਆਰਾ ਰਚਿਤ ਪੁਸਤਕ ਵਾਦਨ ਸਾਗਰ ਭਾਗ ਪਹਿਲਾ ਤੇ ਦੂਜਾ ਵਿਚ ਰਾਗ ਕੇਦਾਰਾ ਦੇ ਦੋ ਸਰੂਪ ਅੰਕਿਤ ਕੀਤੇ ਹਨ। ਕੇਦਾਰਾ ਰਾਗ ਦੇ ਅਧੀਨ ਗੁਰੂ ਰਾਮਦਾਸ ਜੀ ਦੇ ਦੋ ਪਦੇ; ਗੁਰੂ ਅਰਜਨ ਦੇਵ ਜੀ ਦੇ ਪੰਦਰਾਂ ਪਦੇ,ਇਕ ਛੰਤ; ਭਗਤ ਕਬੀਰ ਜੀ ਦੇ ਛੇ ਅਤੇ ਭਗਤ ਰਵਿਦਾਸ ਜੀ ਦਾ ਇਕ ਸ਼ਬਦ ਇਸ ਰਾਗ ਦੇ ਅੰਤਰਗਤ ਦਰਜ ਹੈ।
ਸ੍ਰੀ ਦਰਬਾਰ ਸਾਹਿਬ ਦੀਆਂ ਰਾਤ ਦੇ ਕੀਰਤਨ ਦੀਆਂ ਚਉਕੀਆਂ ਵਿਚ ਆਰਤੀ ਦੀ ਚਉਕੀ ਗੁਰਮਤਿ ਸੰਗੀਤ ਵਿਚ ਵਿਸ਼ੇਸ਼ ਮਹੱਤਵ ਰਖਦੀ ਹੈ। ਇਸ ਚਉਕੀ ਨਾਲ ਸਬੰਧਤ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ, ਭਗਤ ਧੰਨਾ, ਭਗਤ ਸੈਣ ਅਤੇ ਭਗਤ ਕਬੀਰ ਦੁਆਰਾ ਰਚਿਤ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਸਮੁੱਚੇ ਗਾਇਨ ਦੌਰਾਨ ਰਾਗ ਧਨਾਸਰੀ ਨੂੰ ਹੀ ਪ੍ਰਮੁੱਖਤਾ ਦਿਤੀ ਜਾਂਦੀ ਹੈ। ਆਰਤੀ ਦਾ ਗਾਇਨ ਸਮੂਹ ਸੰਗਤ ਨਾਲ ਕੀਰਤਨਕਾਰ ਸਮੂਹਕ ਰੂਪ ਵਿਚ ਕਰਦੇ ਹਨ। ਆਰਤੀ ਦੀ ਚਉਕੀ ਵਿਚ ਆਰਤੀ ਦੇ ਸ਼ਬਦਾਂ ਦੇ ਗਾਇਨ ਉਪਰੰਤ ਰਾਤ ਦੇ ਰਾਗਾਂ ਵਿਚ ਕੁਝ ਸ਼ਬਦਾਂ ਦਾ ਗਾਇਨ ਵੀ ਕੀਤਾ ਜਾਂਦਾ ਹੈ। ਜਿਨ੍ਹਾਂ ਵਿਚ ਕੇਦਾਰਾ ਰਾਗ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਕਲਿਆਣ ਦੀ ਚਉਕੀ ਇਸ ਚਉਕੀ ਦੇ ਨਾਮ ਤੋਂ ਹੀ ਸਪਸ਼ਟ ਹੈ, ਇਹ ਚਉਕੀ ਇਕ ਰਾਗ ਵਿਸ਼ਿਸ਼ਟ ਰਾਗ ਕਲਿਆਣ ਦੀ ਚਉਕੀ ਹੈ ਜਿਸ ਅਧੀਨ ਰਾਗ ਕਲਿਆਣ ਦੇ ਸ਼ਬਦਾਂ ਦਾ ਗਾਇਨ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਲਿਆਣ ਦੇ ਪ੍ਰਕਾਰਾਂ ਜਿਵੇਂ ਕਲਿਆਣ ਭੋਪਾਲੀ ਅਤੇ ਸ਼ਾਮ ਦੇ ਹੋਰ ਰਾਗਾਂ ਅਧੀਨ ਸ਼ਬਦ ਗਾਇਨ ਕੀਤਾ ਜਾਂਦਾ ਹੈ। ਇਸ ਸ਼ਬਦ ਚਉਕੀ ਵਿਚ ਵੀ ਕੇਦਾਰਾ ਰਾਗ ਦਾ ਗਾਇਨ ਕੀਤਾ ਜਾਂਦਾ ਹੈ।
ਭਾਰਤੀ ਰਾਗ ਧਿਆਨ ਪਰੰਪਰਾ ਵਿਚ ਰਾਗ ਕੇਦਾਰਾ ਦੇ ਚਿਤਰ ਉਪਲਬਧ ਹਨ। ਪ੍ਰਸਿੱਧ ਸਿੱਖ ਚਿੱਤਰਕਾਰ ਦੇਵਿੰਦਰ ਸਿੰਘ, ਜਰਨੈਲ ਸਿੰਘ ਆਦਿ ਹੁਰਾਂ ਤੋਂ ਬਾਣੀ ‘ਤੇ ਆਧਾਰਿਤ ਰਾਗਾਂ ਵਿਚ ਰਚਿਤ ਬਾਣੀ ਦੇ ਅਧਿਐਨ ਤੋਂ ਬਾਅਦ ਬਾਣੀ ‘ਤੇ ਆਧਾਰਿਤ ਰਾਗਾਂ ਦੇ ਚਿੱਤਰ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਤੀ ਗ੍ਰੰਥ, 1992 ਲਈ ਤਿਆਰ ਕਰਵਾਏ ਸਨ, ਜਿਸ ਤੋਂ ਰਾਗਾਂ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਮਿਨੇਚਰ ਪੇਂਟਿੰਗ ਦੀ ਸ਼ੈਲੀ ਵਿਚ ਪ੍ਰੋਫੈਸਰ ਐਸ. ਸੁਮਹਿੰਦਰਾ (ਰਾਜਸਥਾਨ) ਦੀ ਅਗਵਾਈ ਵਿਚ ਦਸ ਕਲਾਕਾਰਾਂ ਦੀ ਟੀਮ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਬੁਲਾ ਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਰਾਗਾਂ ‘ਤੇ ਕੁਝ ਪੇਂਟਿੰਗਜ਼ ਬਣਾਈਆਂ। ਕੈਨੇਡਾ ਵਸ ਗਏ ਸਾਡੇ ਹਰਦਿਲ ਆਜ਼ੀਜ਼ ਚਿਤਰਕਾਰ ਜਰਨੈਲ ਸਿੰਘ ਦੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਰਾਗਾਂ ਦੀਆਂ ਪੇਂਟਿੰਗਜ਼ ਵਿਚ ਵਿਸ਼ੇਸ਼ ਰੁਚੀ ਰਹੀ। ਕੈਨੇਡਾ ਦੇ ਵਿਸ਼ਵ ਵਿਿਖਆਤ ਚਿਤਰਕਾਰ ਸ. ਹਰਦੇਵ ਸਿੰਘ ਨੇ ਵੀ ਆਪਣੇ ਅੰਦਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਕਲਾਤਮਕ ਛੋਹ ਪ੍ਰਦਾਨ ਕਰ ਆਪਣੀ ਅਕੀਦਤ ਭੇਟ ਕੀਤੀ ਹੈ। ਇਹ ਚਿਤਰ ਅਸੀਂ ਪਾਠਕਾਂ ਲਈ ਪ੍ਰਕਾਸ਼ਿਤ ਕਰ ਰਹੇ ਹਾਂ। ਕੇਦਾਰਾ ਰਾਗ ਦੇ ਅਧੀਨ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਪ੍ਰੋ. ਹਰਮਿੰਦਰ ਸਿੰਘ, ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।
ਕੇਦਾਰਾ ਰਾਗ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬਸਾਈਟਸ ‘ਤੇ ਸੁਣ ਸਕਦੇ ਹਾਂ।
- Advertisement -
*drgnam@yahoo.com