ਕੀ ਨਵਜੋਤ ਸਿੰਘ ਸਿੱਧੂ ਅਜੇ ਵੀ ਮੰਤਰੀ ਹਨ?

TeamGlobalPunjab
4 Min Read

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

 

- Advertisement -

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਪੰਜਾਬ ਕਾਂਗਰਸ ਦੀ ਰਾਜਨੀਤੀ ਵਿੱਚ ਚੱਲ ਰਹੀ ਘੁਸਰ ਮੁਸਰ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ‘ਤੇ ਕਾਂਗਰਸ ਦੀ ਸਰਕਾਰ ਵਿੱਚ ਬੈਠੇ ਵਿਧਾਇਕ, ਮੰਤਰੀ ਅਤੇ ਪਾਰਟੀ ਦੇ ਆਗੂ ਵੀ ਦੱਬਵੀਂ ਸੁਰ ਅਲਾਪ ਰਹੇ ਹਨ। ਇਹ ਚਰਚਾ ਹੈ ਪੰਜਾਬ ਦੀ ਰਾਜਨੀਤੀ ‘ਚ ਚੁੱਪ ਧਾਰ ਕੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਕੈਬਨਿਟ ਵਿੱਚ ਵਾਪਸੀ ਦੇ ਬਣ ਰਹੇ ਆਸਾਰ। ਕਿਆਸ ਲਗ ਰਹੇ ਹਨ ਕਿ ਸਿੱਧੂ ਛੇਤੀ ਹੀ ਪੰਜਾਬ ਕੈਬਨਿਟ ਵਿੱਚ ਕਿਸੇ ਉਚੇ ਅਹੁਦੇ ਨਾਲ ਵਾਪਸੀ ਕਰਨਗੇ। ਸ਼ਾਇਦ ਉਸ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ? ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜਾ ਵੜਿੰਗ ਵਰਗੇ ਆਗੂ ਸਰਕਾਰ ਦੀ ਕਾਰਗੁਜਾਰੀ ਬਾਰੇ ਅਤੇ ਨਵਜੋਤ ਸਿੱਧੂ ਦੇ ਹੱਕ ਵਿੱਚ ਭੁਗਤਣ ਵਾਲੇ ਬਿਆਨ ਦੇ ਚੁੱਕੇ ਹਨ।

ਰਿਪੋਰਟਾਂ ਸੱਚੀਆਂ ਮੰਨੀਏ ਤਾਂ ਇਹ ਵੀ ਪਤਾ ਲਗਦਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਇਸ ਬਾਰੇ ਉਹਨਾਂ ਨੇ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਵੀ ਕੀਤੀ ਹੈ। ਉਧਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਨਵਜੋਤ ਸਿੱਧੂ ਨੂੰ ਆਪਣੀਆਂ ਪਾਰਟੀਆਂ ਵਿੱਚ ਸ਼ਾਮਿਲ ਕਰਨ ਲਈ ਉਸ ਦੀ ਪੈੜ ਦੱਬ ਰਹੇ ਹਨ। ਇਹੀ ਵਜ੍ਹਾ ਹੈ ਕਿ ਕਾਂਗਰਸ ਹਾਈ ਕਮਾਂਡ ਸਿੱਧੂ ਨੂੰ ਪਾਸੇ ਨਹੀਂ ਕਰ ਰਹੀ। ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਨਾਰਾਜ਼ ਵਿਧਾਇਕਾਂ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਮੁੱਖ ਮੰਤਰੀ ਨੇ ਭਾਵੇਂ ਅੰਦਰੂਨੀ ਨਾਰਾਜ਼ਗੀ ਨੂੰ ਦੂਰ ਕਰਨ ਅਤੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਕੁਝ ਨੂੰ ਅਹੁਦੇ ਵੀ ਬਖਸ਼ੇ ਪਰ ਅੰਦਰੂਨੀ ਹਾਲਾਤ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ।

ਸਿੱਧੂ ਦੀ ਵਾਪਸੀ ਤੇ ਉਚਾ ਅਹੁਦਾ ਦੇਣ ਬਾਰੇ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ‘ਤੇ ਛੱਡ ਦਿੱਤਾ ਹੈ। ਉਧਰ ਮੁੱਖ ਮੰਤਰੀ ਦੇ ਨਜ਼ਦੀਕੀ ਸਮਝੇ ਜਾਂਦੇ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕੁਸ਼ਲਤਾ ‘ਤੇ ਸਵਾਲ ਖੜੇ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮੰਤਰੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਜਾਵੇ।
ਵਿਰੋਧੀ ਧਿਰਾਂ ਵੀ ਆਪਣਾ ਸਿਆਸੀ ਲਾਹਾ ਲੈਣ ਤੋਂ ਪਿਛੇ ਨਹੀਂ ਹਟ ਰਹੀਆਂ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਠੀਕ ਨਹੀਂ ਹੈ। ਸਿੱਧੂ ਸਮੇਤ ਉਹਨਾਂ ਦੀ ਪਾਰਟੀ ਦੇ ਕਈ ਆਗੂ ਨਾਰਾਜ਼ ਹਨ। ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਅਤੇ ਕਰਤਾਰਪੁਰ ਕੋਰੀਡੋਰ ਖੁਲ੍ਹਵਾਉਣ ਦੇ ਹੀਰੋ ਕਹਾਉਂਦੇ ਨਵਜੋਤ ਸਿੰਘ ਸਿੱਧੂ ਨੇ 20 ਜੁਲਾਈ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿਧਾਨ ਸਭ ਅਤੇ ਪੰਜਾਬ ਸਿਵਿਲ ਸਕੱਤਰੇਤ ਵਿਚ ਪੈਰ ਨਹੀਂ ਧਰਿਆ। ਰਿਪੋਰਟਾਂ ਮੁਤਾਬਿਕ ਉਹਨਾਂ ਦੇ ਵੇਤਨ ਭੱਤੇ ਕੈਬਨਿਟ ਮੰਤਰੀ ਦੇ ਹਿਸਾਬ ਨਾਲ ਹੀ ਤਿਆਰ ਹੋ ਰਹੇ ਹਨ। ਵਿਧਾਨ ਸਭਾ ਦੇ ਰਿਕਾਰਡ ਅਨੁਸਾਰ ਨਵਜੋਤ ਸਿੱਧੂ ਅੱਜ ਵੀ ਮੰਤਰੀ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਅਸਤੀਫੇ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

Share this Article
Leave a comment