ਦੇਸ਼ ਦਾ ਅਸਲੀ ਚੇਹਰਾ! ਜ਼ਮੀਨੀ ਹਕੀਕਤਾਂ ਪਹਿਚਾਣੋ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

 

ਦੇਸ਼ ਅੰਦਰ ਤਾਲਾਬੰਦੀ ਦੇ ਤੀਜੇ ਪੜਾਅ ਦੌਰਾਨ ਪਾਬੰਦੀਆਂ ‘ਚ 40 ਦਿਨਾਂ ਬਾਅਦ ਮਿਲੀ ਢਿੱਲ ਨਾਲ ਲੋਕਾਂ ਦਾ ਅਸਲੀ ਚੇਹਰਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੇ ਲੌਕਡਾਊਨ ਨਾਲ ਘਰਾਂ ਦੇ ਅੰਦਰ ਰਹਿਣ ਲਈ ਖਿੱਚੀ ਗਈ ਲਕਸ਼ਮਣ ਰੇਖਾ ਪਹਿਲੇ ਵਾਰ ਟੁੱਟੀ ਹੈ। ਲਕਸ਼ਮਣ ਰੇਖਾ ਖਿੱਚਣ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਤੋਂ ਇੱਕ ਕਦਮ ਵੀ ਬਾਹਰ ਰੱਖਿਆ ਗਿਆ ਤਾਂ ਉਹ ਪਰਿਵਾਰ ਅਤੇ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਦੁਨੀਆ ਭਰ ‘ਚ ਫੈਲੀ ਮਹਾਮਾਰੀ ਦਾ ਟਾਕਰਾ ਕਰਨ ਲਈ ਲੌਕਡਾਊਨ ਹੀ ਇੱਕ ਸਭ ਤੋਂ ਕਾਰਗਰ ਤਰੀਕਾ ਮੰਨਿਆ ਗਿਆ। ਮਹਾਮਾਰੀ ਦੇ ਖਤਰੇ ਨੂੰ ਦੇਖਦਿਆਂ ਲੋਕਾਂ ਨੂੰ ਘਰਾਂ ਦੇ ਬੂਹਿਆਂ ਅੰਦਰ ਤਾਂ ਬੰਦ ਕਰ ਦਿੱਤਾ ਗਿਆ ਪਰ ਲੋਕਾਂ ਦੀ ਮੁਸ਼ਕਿਲਾਂ ਘਰਾਂ ਦੇ ਬੂਹਿਆਂ ਤੋਂ ਬਾਹਰ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਹੀ ਕਾਰਨ ਹੈ ਕਿ ਵੱਖ-ਵੱਖ ਰਾਜਾਂ ‘ਚ ਲੌਕਡਾਊਨ ਦੀ ਢਿੱਲ ਮਿਲਦਿਆਂ ਹੀ ਮੁਸ਼ੀਬਤਾਂ ਮਾਰੇ ਲੱਖਾਂ ਲੋਕ ਸੜਕ ‘ਤੇ ਬਾਹਰ ਆ ਗਏ। ਇਹ ਨਹੀਂ ਹੈ ਕਿ ਉਨ੍ਹਾਂ ਨੇ ਟੈਲੀਵਿਜ਼ਨ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੌਕਡਾਊਨ ਸਬੰਧੀ ਦਿੱਤੇ ਗਏ ਭਾਸ਼ਨਾਂ ਨੂੰ ਨਹੀਂ ਸੁਣਿਆ ਸੀ ਸਗੋਂ ਲੱਖਾਂ ਲੋਕਾਂ ਨੂੰ ਇਹ ਲੱਗਿਆ ਕਿ ਬੇਵਸੀ ਦੀ ਹਾਲਤ ‘ਚ ਉਨ੍ਹਾਂ ਦਾ ਘਰਾਂ ਅੰਦਰ ਵੀ ਦਮ ਘੁੱਟ ਰਿਹਾ ਹੈ ਅਤੇ ਕਈਆਂ ਨੂੰ ਸਥਿਤੀ ਕੋਰੋਨਾ ਮਹਾਮਾਰੀ ਨਾਲੋਂ ਜ਼ਿਆਦਾ ਖਤਰਨਾਕ ਨਜ਼ਰ ਆਉਂਦੀ ਹੈ। ਦੇਸ਼ ਦੇ ਲੋਕਾਂ ਦਾ ਕਹਿਣਾ ਹੈ ਕਿ 1947 ਦੀ ਵੰਡ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਲੱਖਾਂ ਲੋਕ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾ ਰਹੇ ਹਨ। ਜੇਕਰ ਲੱਖਾਂ ਲੋਕ ਪੰਜਾਬ ਤੋਂ ਯੂਪੀ ਅਤੇ ਬਿਹਾਰ ਨੂੰ ਜਾ ਰਹੇ ਹਨ ਤਾਂ ਲੱਖਾਂ ਹੀ ਲੋਕ ਮਹਾਂਰਾਸ਼ਟਰ ਤੋਂ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਨੂੰ ਜਾ ਰਹੇ ਹਨ। ਵੱਡੀ ਗਿਣਤੀ ‘ਚ ਇਸੇ ਤਰ੍ਹਾਂ ਲੋਕ ਇਨ੍ਹਾਂ ਸੂਬਿਆਂ ਨੂੰ ਆ ਰਹੇ ਹਨ। ਸੁਆਲ ਤਾਂ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੀ ਅਜ਼ਾਦੀ ਦੇ 70 ਸਾਲ ਬਾਅਦ ਵੀ ਲੱਖਾਂ ਲੋਕਾਂ ‘ਚ ਬੇ-ਭਰੋਸਗੀ ਦਾ ਮਾਹੌਲ ਕਿਉਂ ਬਣ ਗਿਆ ਹੈ। ਅਜਿਹੇ ਮਾਹੌਲ ਲਈ ਕੁਝ ਸੌੜੀ ਸੋਚ ਵਾਲੇ ਲੋਕਾਂ ਵੱਲੋਂ ਤਬਲੀਗੀ ਜਮਾਤ ਦੇ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੀ ਸੰਗਤ ਇਸ ਲਈ ਜ਼ਿੰਮੇਵਾਰ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦਹਾਕਿਆਂ ਤੱਕ ਸਮਿਆਂ ਦੀਆਂ ਸਰਕਾਰਾਂ ਦਾਅਵੇ ਤਾਂ ਕਰਦੀਆਂ ਰਹੀਆਂ ਪਰ ਸਿਰ ਢੱਕਣ ਜੋਗੀ ਛੱਤ ਵੀ ਮੁਹੱਈਆ ਨਾ ਕਰਵਾ ਸਕੀਆ। ਲੱਖਾਂ ਪਰਿਵਾਰਾਂ ਲਈ ਰੋਜ਼ੀ ਅਤੇ ਰੋਟੀ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸੈਂਕੜੇ ਮੀਲਾਂ ਦਾ ਸਫਰ ਤੈਅ ਕਰਕੇ ਸਾਈਕਲਾਂ ਉੱਤੇ ਅਤੇ ਪੈਦਲ ਚੱਲੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਆਪੋ-ਆਪਣੇ ਸੂਬਿਆਂ ਲਈ ਲੈ ਜਾਣ ਵਾਸਤੇ ਜਦੋਂ ਰੇਲ-ਗੱਡੀਆਂ ਅਤੇ ਬੱਸਾਂ ਆ ਕੇ ਖੜ੍ਹੀਆਂ ਹੋਈਆਂ ਤਾਂ ਲੋਕ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਦੂਜੇ ਤੋਂ ਪਹਿਲਾਂ ਥਾਂ ਮੱਲਣ ਲਈ ਕਾਹਲੇ ਸਨ। ਅਜਿਹੀ ਹੀ ਸਥਿਤੀ ਬਣੀ ਹੋਈ ਹੈ ਕਿ ਇਨ੍ਹਾਂ ਲੱਖਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪੋ-ਆਪਣੇ ਘਰਾਂ ‘ਚ ਜਾ ਕੇ ਹੀ ਸੁਰੱਖਿਅਤ ਹਨ। ਇਹ ਸਾਰੇ ਉਹ ਲੋਕ ਹਨ ਜਿਹੜੇ ਰੁਜ਼ਗਾਰ ਦੀ ਭਾਲ ਲਈ ਦੂਜੇ ਸੂਬਿਆਂ ‘ਚ ਆਏ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਭਰੋਸਾ ਸਮੇਂ ਦੀਆਂ ਸਰਕਾਰਾਂ ਬਹਾਲ ਨਾ ਕਰ ਸਕੀਆਂ। ਦੇਸ਼ ਭਰ ‘ਚ ਸ਼ਰਾਬ ਦੇ ਠੇਕਿਆਂ ਅੱਗੇ ਲੱਗੀਆਂ ਲੰਮੀਆਂ ਕਤਾਰਾਂ ਨੂੰ ਮੀਡੀਆ ਨੇ ਬੜਾ ਸੁਆਦ ਲੈ ਕੇ ਚਮਕਾਇਆ ਹੈ। ਟੀਵੀ ਪ੍ਰੋਗਰਾਮਾਂ ‘ਚ ਇਸ ਮੁੱਦੇ ‘ਤੇ ਬਹਿਸਾਂ ਹੋ ਰਹੀਆਂ ਹਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ। ਕਤਾਰਾਂ ‘ਚ ਖੜ੍ਹੇ ਲੋਕਾਂ ਦੇ ਚੇਹਰਿਆਂ ਨੂੰ ਜੇਕਰ ਗਹਿਰਾਈ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਦੇ ਚੇਹਰਿਆਂ ‘ਚੋਂ ਹਿੰਦੋਸਤਾਨ ਦਾ ਚੇਹਰਾ ਝਲਕਦਾ ਹੈ। ਕਤਾਰਾਂ ‘ਚ ਖੜ੍ਹੇ ਉਹ ਲੋਕ ਹਨ ਜਿਹੜੇ ਕਿ ਹੁੱਕਾਂ ਬਾਰਾਂ ‘ਚ ਬੈਠ ਕੇ ਕੋਰੋਨਾ ਮਹਾਮਾਰੀ ਫੈਲਾਉਣ ਵਾਲਿਆਂ ਦੀ ਸ਼੍ਰੇਣੀ ‘ਚ ਨਹੀਂ ਆਉਂਦੇ ਅਤੇ ਨਾ ਹੀ ਮਹਿੰਗੇ ਹੋਟਲਾਂ ਅਤੇ ਕਲੱਬਾਂ ‘ਚ ਰਾਤ ਭਰ ਚੱਲਣ ਵਾਲੀਆਂ ਡਾਂਸ ਪਾਰਟੀਆਂ ਦਾ ਹਿੱਸਾ ਹਨ। ਇਹ ਉਹ ਲੋਕ ਹਨ ਜਿਹੜੇ ਦਰਿਆ ‘ਚ ਡੁੱਬ ਰਹੇ ਵਿਅਕਤੀ ਵਾਂਗ ਹੱਥ ਪੈਰ ਮਾਰ ਕੇ ਕੋਈ ਤਣ-ਪੱਤਣ ਲੱਭਣ ਦੀ ਤਲਾਸ਼ ‘ਚ ਹਨ। ਤੰਗੀਆਂ ਅਤੇ ਲਾਚਾਰੀਆਂ ਨਾਲ ਜੂਝਦੇ ਹੋਏ ਜੜ੍ਹਾਂ ਤੋਂ ਉਖੜੇ ਦਰੱਖਤ ਵਰਗੇ ਇਸ ਦੇਸ਼ ਦੇ ਚਿਹਰੇ ਨੂੰ ਸਮਝਣ ਦੀ ਜ਼ਰੂਰਤ ਹੈ। ਲੌਕਡਾਊਨ ਦੇ ਦਮ ‘ਚ ਘੁਟਿਆ ਆਮ ਆਦਮੀ ਰਾਹਤ ਦੀ ਤਲਾਸ਼ ‘ਚ ਹੈ। ਸਾਡੇ ਦੇਸ਼ ਦੇ ਨੇਤਾ ਇਸ ਗੱਲ ‘ਤੇ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਸਕਦੇ ਹਨ ਕਿ ਦੇਸ਼ ਅੰਦਰ ਕੋਰੋਨਾ ਮਹਾਮਾਰੀ ਫੈਲਾਉਣ ਲਈ ਇੱਕ ਫਿਰਕਾ, ਇੱਕ ਧਰਮ ਜਾਂ ਉਹ ਸੂਬਾ ਵਧੇਰੇ ਜ਼ਿੰਮੇਵਾਰ ਹੈ। ਪਰ ਜਿਸ ਕੋਰੋਨਾ ਮਹਾਮਾਰੀ ਨੇ ਦੇਸ਼ ਦੀਆਂ ਚੂਲ੍ਹਾਂ ਹੀ ਹਿਲਾ ਦਿੱਤੀਆਂ ਹੋਣ ਉਸ ਲਈ ਕੌਣ ਜ਼ਿੰਮੇਵਾਰ ਹੈ। ਇਸ ਦਾ ਜਵਾਬ ਲੈਣ ਲਈ ਦੇਸ਼ ਦੇ ਲੋਕਾਂ ਨੂੰ ਤਾੜੀਆਂ ਅਤੇ ਥਾਲੀਆਂ ਵਜਾਉਣ ਨਾਲ ਨਹੀਂ ਟਾਲਿਆ ਜਾ ਸਕਦਾ ਅਤੇ ਨਾ ਹੀ ਕੋਰੋਨਾ ਮਹਾਮਾਰੀ ਦਾ ਯੁੱਧ ਲੜ ਰਹੇ ਲੋਕਾਂ ਵੱਲੋਂ ਮੈਦਾਨ ‘ਚ ਦਿੱਤੀਆਂ ਜਾਨਾਂ ਦਾ ਅੰਬਰਾਂ ਤੋਂ ਫੁੱਲ ਬਰਸਾ ਕੇ ਗਮ ਭੁਲਾਇਆ ਜਾ ਸਕਦਾ ਹੈ। ਲੋੜ ਜ਼ਮੀਨੀ ਹਕੀਕਤਾਂ ਨੂੰ ਪਰਵਾਨ ਕਰਦਿਆਂ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਕਿ ਦੇਸ਼ ਦੇ ਕਰੋੜਾਂ ਲੋਕਾਂ ਦਾ ਭਰੋਸਾ ਬਹਾਲ ਹੋ ਸਕੇ ਅਤੇ ਘੱਟੋ ਘੱਟ ਦੇਸ਼ ਦਾ ਸਿਸਟਮ ਉਨ੍ਹਾਂ ਨੂੰ ਇੱਜ਼ਤ ਨਾਲ ਜਿਉਣ ਦੇ ਸਾਧਨ ਮੁਹੱਈਆ ਕਰ ਸਕੇ।

ਸੰਪਰਕ : 9814002186

- Advertisement -

Share this Article
Leave a comment