ਭਾਰਤੀ ਨੌਜਵਾਨ ’ਤੇ ਲੱਗੇ ਮਸਜਿਦ ਬਾਹਰ ਮੁਸਲਮਾਨਾਂ ‘ਤੇ ਹਮਲਾ ਕਰਨ ਦੇ ਦੋਸ਼

Prabhjot Kaur
3 Min Read

ਓਨਟਾਰੀਓ: ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ਵਿੱਚ 28 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਗ਼ਲਤ ਧਾਰਮਿਕ ਟਿੱਪਣੀਆਂ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ‘ਚ ਹੈਰਾਨੀਜਨਕ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਮੁਸਲਮਾਨਾਂ ਨੂੰ ਕਾਰ ਹੇਠ ਦਰੜਨ ਦੀ ਕੋਸ਼ਿਸ਼ ਕੀਤੀ ਗਈ।

ਯਾਰਕ ਰੀਜਨਲ ਪੁਲਿਸ ਨੇ ਐਤਵਾਰ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਰਾਂਟੋ ਦੇ 28 ਸਾਲਾ ਸ਼ਰਨ ਕਰੁਣਾਕਰਨ ਨੂੰ ਗ੍ਰਿਫ਼ਤਾਰ ਕਰਦਿਆਂ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਕਾਰ ‘ਚ ਸਵਾਰ ਸ਼ੱਕੀ ਵੱਲੋਂ ਨਾਂ ਸਿਰਫ਼ ਮੁਸਲਮਾਨਾਂ ਨੂੰ ਦਰੜਨ ਦਾ ਯਤਨ ਕੀਤਾ ਗਿਆ ਸਗੋਂ ਧਾਰਮਿਕ ਨਫ਼ਰਤ ਵਾਲੀਆਂ ਟਿੱਪਣੀਆਂ ਕਰਦਿਆਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਇਹ ਵਾਰਦਾਤ ਮਾਰਖਮ ਦੀ ਡੈਨੀਸਨ ਸਟ੍ਰੀਟ (Denison Street) ਵਿਖੇ ਸਥਿਤ ਮਸਜਿਦ ‘ਚ ਵਾਪਰੀ ਅਤੇ ਸ਼ਰਨ ਕਰੁਣਾਕਰਨ ਵਿਰੁੱਧ ਹਥਿਆਰ ਨਾਲ ਹਮਲਾ ਕਰਨ, ਧਮਕੀਆਂ ਦੇਣ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਵੱਲੋਂ ਲਾਏ ਦੋਸ਼ ਅਦਾਲਤ ‘ਚ ਸਾਬਤ ਨਹੀਂ ਕੀਤੇ ਗਏ ਅਤੇ ਕਰੁਣਾਕਰਨ ਦੀ ਅਦਾਲਤ ‘ਚ ਅਗਲੀ ਪੇਸ਼ੀ 11 ਅਪ੍ਰੈਲ ਨੂੰ ਨਿਊ ਮਾਰਕਿਟ ਦੀ ਅਦਾਲਤ ‘ਚ ਹੋਵੇਗੀ। ਮੁਸਲਮਾਨਾਂ ਵਿਰੁੱਧ ਨਫ਼ਰਤ ਵਾਲੀ ਇੱਕ ਹੋਰ ਵਾਰਦਾਤ `ਤੇ ਟਿੱਪਣੀ ਕਰਦਿਆਂ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਵਾਰਦਾਤ ਬਾਰੇ ਸੁਣ ਕੇ ਦਿਲ ਨੂੰ ਡੂੰਘੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਵਿਰੁੱਧ ਵਧਦੀ ਨਫ਼ਰਤ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ ਪਰ ਅਸੀਂ ਨਫ਼ਰਤ ਦੀ ਜਿੱਤ ਨਹੀਂ ਹੋਣ ਦਿਆਂਗੇ।

ਸੋਸਾਇਟੀ ਵੱਲੋਂ ਜਾਰੀ ਬਿਆਨ ਕਹਿੰਦਾ ਹੈ ਕਿ ਮਸਜਿਦ ਦੀ ਪਾਰਕਿੰਗ ‘ਚ ਦਾਖ਼ਲ ਹੋਏ ਸ਼ੱਕੀ ਵੱਲੋਂ ਸਭ ਤੋਂ ਪਹਿਲਾਂ ਪਵਿੱਤਰ ਕੁਰਾਨ ਦੀ ਬੇਅਦਬੀ ਕੀਤੀ ਗਈ ਅਤੇ ਫਿਰ ਮੁਸਲਮਾਨ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗਿਆ। ਇਸੇ ਦੌਰਾਨ ਉਸ ਨੇ ਕਾਰ ਦੀ ਰਫ਼ਤਾਰ ਤੇਜ਼ ਕੀਤੀ ਅਤੇ ਉਥੇ ਮੌਜੂਦ ਲੋਕਾਂ ਨੂੰ ਦਰੜਨ ਦਾ ਯਤਨ ਕੀਤਾ। ਉੱਧਰ ਯਾਰਕ ਰੀਜਨਲ ਪੁਲਿਸ ਦੇ ਇੰਟੈਲੀਜੈਂਸ ਯੂਨਿਟ ਅਤੇ ਹੇਟ ਕ੍ਰਾਈਮ ਯੂਨਿਟ ਵੱਲੋਂ ਡਿਸਟ੍ਰਿਕਟ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ ਤਾਲਮੇਲ ਅਧੀਨ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਈ ਹੋਰ ਪੀੜਤ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇ ਕਿਸੇ ਕੋਲ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 1-866- 876–5423 ਐਕਸਟੈਨਸ਼ਨ 7541 ‘ਤੇ ਸੰਪਰਕ ਕਰ ਸਕਦੇ ਹਨ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 1-800-222-ਟਿਪਸ ‘ਤੇ ਕਾਲ ਕੀਤੀ ਜਾ ਸਕਦੀ ਹੈ।

Share this Article
Leave a comment