ਹਰਿਆਣੇ ਵਿੱਚ ਭਾਜਪਾ ਨਾਲ ਕਿਉਂ ਫਸੇ ਬਾਦਲਾਂ ਦੇ ਸਿੰਙ

TeamGlobalPunjab
4 Min Read

ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਦੰਗਲ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਉਮੀਦਵਾਰ ਆਪਸ ਵਿਚ ਭਿੜਨੇ ਸ਼ੁਰੂ ਹੋ ਗਏ ਹਨ। ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਕਿਤੇ ਰਾਗਣੀਆਂ ਚਲ ਰਹੀਆਂ ਅਤੇ ਕਿਤੇ ਸਿਆਸੀ ਰਾਗ ਅਲਾਪੇ ਜਾ ਰਹੇ ਹਨ। ਮੁੱਖ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਇਨੈਲੋ ਦੇ ਉਮੀਦਵਾਰ ਚੋਣ ਅਖਾੜੇ ਵਿੱਚ ਜ਼ੋਰ ਅਜ਼ਮਾਈ ਲਈ ਤਿਆਰ ਹਨ। ਸੱਤਾਧਾਰੀ ਪਾਰਟੀ ਉੱਪਰ ਤਾਬੜਤੋੜ ਹਮਲੇ ਹੋ ਰਹੇ ਹਨ। ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਸੂਬੇ ਵਿੱਚ ਵਿਕਾਸ, ਅਰਥ ਵਿਵਸਥਾ ਤੇ ਹੋਰ ਕੰਮਾਂ ਲਈ ਖਰਾ ਨਾ ਉਤਰਨ ਦੇ ਦੋਸ਼ ਮੜ੍ਹ ਰਹੇ ਹਨ। ਇਹ ਪਾਰਟੀਆਂ ਤਾਂ ਸਮੇਂ ਸਮੇਂ ਸਿਰ ਖੱਟਰ ਸਰਕਾਰ ਨੂੰ ਘੇਰ ਕੇ ਸੂਬੇ ਵਿੱਚ ਨਫ਼ੇ ਨੁਕਸਾਨ ਦਾ ਲੇਖਾ-ਜੋਖਾ ਵੀ ਕਰਦੀਆਂ ਰਹੀਆਂ ਹਨ। ਧਰਨੇ ਮੁਜ਼ਾਹਰੇ ਵੀ ਹੁੰਦੇ ਰਹੇ। ਹੁਣ ਵੋਟਰਾਂ ਨੂੰ ਭਰਮਾਉਣ ਲਈ ਇਕ ਦੂਜੇ ਉਪਰ ਵੱਧ ਤੋਂ ਵੱਧ ਸਿਆਸੀ ਵਾਰ ਕੀਤੇ ਜਾ ਰਹੇ ਹਨ।

ਸਿਆਸੀ ਵਫਾਦਾਰੀਆਂ ਤਾਕ ‘ਤੇ ਰੱਖ ਕੇ ਆਪਣਾ ਰਾਜਨੀਤਕ ਲਾਹਾ ਲੈਣ ਦੀਆਂ ਗੋਂਦਾਂ ਵੀ ਗੁੰਦ ਲਈਆਂ ਗਈਆਂ ਹਨ। ਸਭ ਤੋਂ ਵੱਧ ਦਿਲਚਸਪ ਤੇ ਹੈਰਾਨੀ ਵਾਲੀ ਸਥਿਤੀ ਤਾਂ ਹਰਿਆਣਾ ‘ਚ ਇਨੈਲੋ ਦੀ ਭਾਈਵਾਲ ਅਤੇ ਪੰਜਾਬ ਵਿਚ ਭਾਜਪਾ ਦੀ ਸਾਂਝ ਵਾਲੀ ਪਾਰਟੀ ਅਕਾਲੀ ਦਲ ਦੀ ਬਣੀ ਹੋਈ ਹੈ। ਇਹਨਾਂ ਉੱਪਰ ਸਿਆਸਤ ਵਿੱਚ ‘ਨਾ ਪੱਕਾ ਦੋਸਤ ਨਾ ਪੱਕਾ  ਦੁਸ਼ਮਣ’ ਵਾਲੀ ਕਹਾਵਤ ਢੁੱਕਦੀ ਹੈ। ਬਸ ਜਿੱਥੇ ਮੌਕਾ ਮਿਲੇ ਸਿਆਸੀ ਲਾਹਾ ਲੈ ਲਵੋ। ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਦੇ ਖਿਲਾਫ ਆਪਣੇ ਉਮੀਦਵਾਰ ਉਤਾਰੇ ਹੋਏ ਹਨ। ਇਸ ਤੋਂ ਭਾਜਪਾ ਆਗੂ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਾਫੀ ਖ਼ਫ਼ਾ ਹਨ। ਇਹ ਨਾਰਾਜ਼ਗੀ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਖੱਟਰ ਨੇ ਕਾਲਾਂਵਾਲੀ ਦੀ ਇਕ ਚੋਣ ਰੈਲੀ ਵਿੱਚ ਕਿਹਾ ਕਿ ਅਕਾਲੀ ਦਲ ਤਾਂ ਸਾਡੇ ਅੱਗੇ ਪਿੱਛੇ ਫਿਰਦਾ ਰਿਹਾ ਪਰ ਅਸੀਂ ਚੋਣ ਸਮਝੌਤਾ ਨਹੀਂ ਕੀਤਾ। ਮੁੱਖ ਮੰਤਰੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਅਕਾਲੀ ਦਲ ਹਰਿਆਣਾ ਨੂੰ ਐੱਸ ਵਾਈ ਐੱਲ ਦਾ ਪਾਣੀ ਦਿਵਾਏ ਤਾਂ ਅਸੀਂ ਆਪਣੇ ਉਮੀਦਵਾਰ ਹਟਾ ਲਵਾਂਗੇ। ਉਹਨਾਂ ਕਿਹਾ ਕਿ ਇਸ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੜਚਨਾਂ ਡਾਹੀਆਂ ਉਸ ਨੂੰ ਸੂਬੇ ਦੇ ਲੋਕ ਜਾਣਦੇ ਹਨ। ਜੇ ਅਕਾਲੀ ਦਲ ਇਹ ਅੜਚਨਾਂ ਖੜੀਆਂ ਨਾ ਕਰਦਾ ਤਾਂ ਭਾਜਪਾ ਨੇ ਅਕਾਲੀ ਦਲ ਵਿਰੁੱਧ ਆਪਣੇ ਉਮੀਦਵਾਰ ਨਹੀਂ ਉਤਾਰਨੇ ਸਨ। ਇਹਨਾਂ ਸ਼ਰਤਾਂ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਹੈ। ਗੌਰਤਲਬ ਹੈ ਕਿ ਭਾਜਪਾ ਅਤੇ ਅਕਾਲੀ ਦਲ ਨੇ ਤਿੰਨ ਵਿਧਾਨ ਸਭਾ ਹਲਕਿਆਂ ਕਾਲਾਂਵਾਲੀ, ਰਤੀਆ ਅਤੇ ਗੂਹਲਾ ਚੀਕਾ ਵਿੱਚ ਇਕ ਦੂਜੇ ਦੇ ਵਿਰੁੱਧ ਆਪਣੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ।

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭਾਜਪਾ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੂੰ ਮੋੜਵੇਂ ਜਵਾਬ ਵੀ ਦਿੱਤੇ ਜਾ ਰਹੇ ਹਨ।  ਰਤੀਆ ਹਲਕੇ ਵਿਚ ਉਹਨਾਂ ਭਾਜਪਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੋ ਲੋਕ ਸਰਕਾਰ ਬਣਾਉਣ ਦੇ ਸੁਫ਼ਨੇ ਲੈ ਰਹੇ ਹਨ, ਉਹ ਵਿਰੋਧੀ ਧਿਰ ਵੱਲ ਬੈਠਣਗੇ। ਇਸ ਤਰ੍ਹਾਂ ਦੋਵਾਂ ਪਾਰਟੀਆਂ ਵਿਚ ਕੁੜੱਤਣ ਵਧਦੀ ਨਜ਼ਰ ਆ ਰਹੀ ਹੈ। ਇਕ ਪਾਸੇ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ ਦੂਜੇ ਪਾਸੇ ਕੇਂਦਰ ਵਿਚ ਕੈਬਨਿਟ ਮੰਤਰੀ ਤੇ ਉਹਨਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਭਾਜਪਾ ਸਰਕਾਰ ਦੇ ਸੋਹਲੇ ਗਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਾਪਤੀਆਂ ਗਿਣਾ ਕੇ ਨਹੀਂ ਥੱਕਦੇ। ਇਹ ਗੱਲ ਹਜ਼ਮ ਨਹੀਂ ਹੋ ਰਹੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਦੇਵੀ ਲਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀਆਂ ਵਫ਼ਾਦਾਰੀਆਂ ਤਾਂ ਲੰਮੇ ਸਮੇਂ ਤੋਂ ਨਿਭਦੀਆਂ ਆ ਰਹੀਆਂ ਹਨ ਪਰ ਭਾਜਪਾ ਅਤੇ ਅਕਾਲੀ ਦਲ ਦੀ ਬਹੁਤੀ ਦੇਰ ਨਿਭਦੀ ਨਜ਼ਰ ਨਹੀਂ ਆ ਰਹੀ।

-ਅਵਤਾਰ ਸਿੰਘ

- Advertisement -

-ਸੀਨੀਅਰ ਪੱਤਰਕਾਰ

Share this Article
Leave a comment