ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -22
ਗੁਰਦੁਆਰਾ ਛੋਟਾ ਨਾਨਕਿਆਣਾ ਹੁਜਰਾ ਸ਼ਾਹ, ਮੁਕੀਮ, ਓਕਾੜਾ ਪਾਕਿਸਤਾਨ
*ਡਾ. ਗੁਰਦੇਵ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਿਆਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਛੋਟਾ ਨਾਨਕਿਆਣਾ ਹੁਜਰਾ ਸ਼ਾਹ ਮੁਕੀਮ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ।
ਜਗਤ ਉਧਾਰ ਹਿਤ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਲੰਬੀਆਂ-ਲੰਬੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਸਿੱਖ ਸਫਿਆਂ ਵਿੱਚ ਉਦਾਸੀਆਂ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਗੁਰੂ ਸਾਹਿਬ ਵੱਖ ਵੱਖ ਸਥਾਨਾਂ ‘ਤੇ ਗਏ ਅਤੇ ਉਥੇ ਜਾ ਸਥਾਨਕ ਲੋਕਾਂ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਵਾਇਆ। ਇਸੇ ਲੜੀ ਅਧੀਨ ਗੁਰੂ ਸਾਹਿਬ ਹੁਜਰਾ ਸ਼ਾਹ ਮੁਕੀਮ ਪਹੁੰਚੇ। ਹੁਜਰਾ ਸ਼ਾਹ ਮੁਕੀਮ ਤੋਂ ਬੋਗਾ ਆਵਨ ਜਾਣ ਵਾਲੀ ਸੜਕ ‘ਤੇ ਲਗਭਗ ਇੱਕ ਕਿਲੋਮੀਟਰ ‘ਤੇ ਇਹ ਅਸਥਾਨ ਸਥਿਤ ਹੈ। ਗੁਰੂ ਸਾਹਿਬ ਮਾਣਕ ਦੇਕੇ ਤੋਂ ਚੱਲ ਕੇ ਇਸ ਅਸਥਾਨ ‘ਤੇ ਆਏ। ਇਸ ਅਸਥਾਨ ‘ਤੇ ਕਦੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੁੰਦਾ ਸੀ ਪਰ ਵਰਤਮਾਨ ਸਮੇਂ ਇਸ ਅਸਥਾਨ ‘ਤੇ ਕੇਵਲ ਖੇਤ ਹੀ ਹਨ। ਲੋਕ ਅੱਜ ਵੀ ਇਸ ਥਾਂ ਨੂੰ ਨਾਨਕਿਆਣਾ ਕਰਕੇ ਜਾਣਦੇ ਹਨ। ਇਸ ਗੁਰਦੁਆਰੇ ਦੇ ਨਾਮ ਅੱਜ ਵੀ 9.5 ਘਮਾਉ ਜ਼ਮੀਨ ਹੈ ਅਤੇ ਹੋਰ ਵੀ ਕਈ ਪਿੰਡਾਂ ਵਿੱਚ ਵੀ ਇਸ ਦੀ ਮਾਲਕੀ ਹੈ। ਅੱਸੂ ਤੇ ਕੱਤਕ ਨੂੰ ਮੇਲਾ ਜੁੜਦਾ ਸੀ ਪਰ ਹੁਣ ਇਥੇ ਯਾਦਗਾਰ ਦੇ ਤੌਰ ‘ਤੇ ਕੇਵਲ ਇੱਕ ਬੋਹੜ ਅਤੇ ਇੱਕ ਖੂਹ ਹੀ ਹੈ।
- Advertisement -
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 23ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।
*gurdevsinghdr@gmail.com