ਗੁਰਦੁਆਰਾ ਚੱਕੀ ਸਾਹਿਬ, ਐਮਨਾਬਾਦ, ਗੁਜਰਾਂਵਾਲਾ, ਪਾਕਿਸਤਾਨ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -10

ਗੁਰਦੁਆਰਾ ਚੱਕੀ ਸਾਹਿਬ, ਐਮਨਾਬਾਦ ਗੁਜਰਾਂਵਾਲਾ

-ਡਾ. ਗੁਰਦੇਵ ਸਿੰਘ*

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਹੁਣ ਤਕ 10 ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਹੋ ਚੁੱਕੇ ਹਾਂ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ‘ਰੋੜੀ ਸਾਹਿਬ’ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਅੱਜ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਿਆਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਗੁਰਦੁਆਰਾ ਚੱਕੀ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਪਾਕਿਸਤਾਨ ਵਿੱਚ ਸੁਸ਼ੋਭਿਤ ਹੈ।

ਗੁਰਦਆਰਾ ਚੱਕੀ ਸਾਹਿਬ

          ਬਾਬਰ ਨੇ ਸੈਦਪੁਰ (ਐਮਨਾਬਾਦ) ‘ਤੇ ਕਬਜਾ ਕਰ ਲਿਆ ਅਤੇ ਸਥਾਨਕ ਲੋਕਾਂ ਨੂੰ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ੳਨ੍ਹਾਂ ਨੂੰ ਕੈਦੀ ਬਣਾ ਲਿਆ। ਜਗਤ ਗੁਰੂ ਬਾਬਾ ਨਾਨਕ ਉਦੋਂ ਸੈਦਪੁਰ ਵਿੱਚ ਹੀ ਸਨ। ਗੁਰੂ ਸਾਹਿਬ ਨੇ ਹਾਅ ਦਾ ਨਾਅਰਾ ਮਾਰਿਆ ਤੇ ਬਾਬਰ ਨੂੰ ਜਾਬਰ ਆਖਿਆ। ਗੁਰੁ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਸਿੱਖ ਪ੍ਰਚਲਿਤ ਧਾਰਨਾ ਅਨੁਸਾਰ ਬਾਬਰ ਨੇ ਕੈਦੀਆਂ ਨੂੰ ਚੱਕੀ ਰਾਹੀਂ ਦਾਣੇ ਪੀਸਣ ਦੇ ਹੁਕਮ ਦਿੱਤੇ। ਗੁਰੂ ਸਾਹਿਬ ਨੂੰ ਵੀ ਚੱਕੀ ਪੀਹਣ ਦੀ ਮੁਸ਼ੱਕਤ ਲਾਈ ਗਈ। ਪਰ ਜਦੋਂ ਅਹਿਲਕਾਰਾਂ ਨੇ ਦੇਖਿਆ ਤਾਂ ਗੁਰੂ ਸਾਹਿਬ ਪ੍ਰਭੂ ਨਾਮ ਵਿੱਚ ਅਡੋਲ ਬੈਠੇ ਨੇ ਅਤੇ ਚੱਕੀ ਆਪਣੇ ਆਪ ਚੱਲ ਰਹੀ ਹੈ। ਉਨ੍ਹਾਂ ਬਾਬਰ ਨੂੰ ਜਾ ਦਸਿਆ। ਬਾਬਰ ਨੇ ਇਹ ਕੌਤਕ ਅੱਖੀਂ ਤਕਿਆ ਤੇ ਗੁਰੂ ਸਾਹਿਬ ਨਾਲ ਗੱਲਬਾਤ ਕੀਤੀ। ਗੁਰੂ ਸਾਹਿਬ ਦੇ ਬਚਨਾਂ ਤੋਂ ਉਹ ਪ੍ਰਭਾਵਿਤ ਹੋ ਗਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਪਰ ਗੁਰੂ ਸਾਹਿਬ ਨੇ ਬਾਕੀ ਕੈਦੀਆਂ ਨੂੰ ਵੀ ਛੱਡਣ ਦੀ ਗੱਲ ਕੀਤੀ ਅਤੇ ਬਾਬਰ ਨੂੰ ਬਚਨ ਕੀਤੇ। ਬਾਬਰ ਨੇ ਗੁਰੂ ਸਾਹਿਬ ਦੇ ਨਾਲ ਨਾਲ ਹਜਾਰਾਂ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ। ਜਿਸ ਅਸਥਾਨ ‘ਤੇ ਗੁਰੂ ਸਾਹਿਬ ਨੂੰ ਕੈਦ ਕਰ ਕੇ ਰੱਖਿਆ ਗਿਆ ਸੀ ਉਸ ਅਸਥਾਨ ‘ਤੇ ਸਿੱਖਾਂ ਵਲੋਂ ਗੁਰਦੁਆਰਾ ਚੱਕੀ ਸਾਹਿਬ ਉਸਾਰਿਆ ਗਿਆ ਹੈ। ਹਵਾਲਿਆਂ ਦੀ ਮੰਨੀਏ ਤਾਂ ਅੱਜ ਇਹ ਗੁਰਦੁਆਰਾ ਐਮਨਾਬਾਦ, ਪਕਿਸਤਾਨ ਵਿੱਚ ਅੱਜ ਵੀ ਸੁਸ਼ੋਭਿਤ ਹੈ ਜਿਸ ਦੇ ਨਾਮ ‘ਤੇ 14 ਘੁਮਾਉ ਜਮੀਨ ਹੈ।

- Advertisement -

          ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਗਿਆਰਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

Share this Article
Leave a comment