Home / ਧਰਮ ਤੇ ਦਰਸ਼ਨ / ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ- ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ- ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -17

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ

*ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਦੇ ਅੰਤਰਗਤ ਗੋਂਡ ਰਾਗ ਨੂੰ ਸਤਾਰਵੇਂ ਸਥਾਨ ‘ਤੇ ਅੰਕਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਰਾਗ ਨੂੰ ਗੋਂਡ, ਗੌਡ ਅਤੇ ਗੌਂਡ ਨਾਵਾਂ ਨਾਲ ਅੰਕਿਤ ਕੀਤਾ ਗਿਆ ਹੈ। ਗੋਂਡ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਦੇ ਛੇ ਪਦੇ ਅਤੇ ਗੁਰੂ ਅਰਜਨ ਦੇਵ ਜੀ 22 ਪਦੇ ਤੇ ਇਕ ਅਸ਼ਟਪਦੀਆਂ ਅੰਕਿਤ ਹਨ। ਇਸ ਤੋਂ ਬਿਨਾਂ ਭਗਤ ਕਬੀਰ ਗਿਆਰਾਂ ਪਦੇ, ਭਗਤ ਨਾਮਦੇਵ ਜੀ ਦੇ ਸਤ ਪਦੇ ਅਤੇ ਭਗਤ ਰਵਿਦਾਸ ਜੀ ਦੇ ਦੋ ਪਦੇ ਬਾਣੀ ਵਿਚ ਇਸ ਰਾਗ ਦੇ ਅੰਤਰਗਤ ਦਰਜ ਹੈ। ਇਹ ਭਾਰਤੀ ਸੰਗੀਤ ਦਾ ਇਕ ਪ੍ਰਾਚੀਨ ਅਤੇ ਅਪ੍ਰਚਲਿਤ ਰਾਗ ਹੈ।

ਪ੍ਰੋ. ਪਿਆਰਾ ਸਿੰਘ ਪਦਮ ਗੋਂਡ ਰਾਗ ਸਬੰਧੀ ਲਿਖਦੇ ਹਨ ਕਿ ਇਸ ਰਾਗ ਵਿਚ ਧਨਾਸਰੀ, ਮਲਾਰ ਅਤੇ ਬਿਲਾਵਲ ਰਾਗਾਂ ਦਾ ਮਿਸ਼ਰਣ ਹੈ। ਪ੍ਰਿੰਸੀਪਲ ਸਤਬੀਰ ਸਿੰਘ ਇਸ ਰਾਗ ਦੇ ਗਾਇਨ ਸਬੰਧੀ ਵਿਚਾਰ ਹੈ ਕਿ ਗੋਂਡ ਰਾਗ ਦਾ ਗਾਇਨ ਸਮਾਂ ਵੈਸੇ ਤਾਂ ਅੱਧੀ ਰਾਤ ਦਾ, ਪਰ ਬਾਰਿਸ਼ ਦੇ ਮੌਸਮ ਵਿਚ ਹਰ ਸਮੇਂ ਗਾਇਆ ਜਾ ਸਕਦਾ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ ਇਹ ਸੰਪੂਰਨ ਜਾਤੀ ਦਾ ਰਾਗ ਹੈ ਜਿਸ ਵਿਚ ਸ਼ੜਜ, ਰਿਸ਼ਭ, ਮਧਿਅਮ, ਪੰਚਮ ਅਤੇ ਨਿਸ਼ਾਦ ਸ਼ੁੱਧ ਅਤੇ ਗੰਧਾਰ, ਧੈਵਤ ਕੋਮਲ ਲਗਦੇ ਹਨ। ਇਸ ਦਾ ਵਾਦੀ ਪੰਚਮ, ਸੰਵਾਦੀ ਮਧਿਅਮ ਅਤੇ ਗਾਉਣ ਦਾ ਸਮਾਂ ਦੁਪਹਿਰ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥ ‘ਸੰਗੀਤ ਰਤਨਾਕਰ’ ਦੇ ਪੰਨਾ 6’ਤੇ ਇਸ ਰਾਗ ਨੂੰ ਰਾਗਾਂਗ ਰਾਗ ਦਰਸਾਇਆ ਗਿਆ ਹੈ।

ਗੋਂਡ ਰਾਗ ਪ੍ਰਾਚੀਨ ਰਾਗ ਹੋਣ ਕਰਕੇ ਇਸ ਦੇ ਕਈ ਸਰੂਪ ਮਿਲਦੇ ਹਨ। ਕਈ ਵਿਦਵਾਨ ਇਸ ਰਾਗ ਨੂੰ ਕਾਫੀ ਥਾਟ ਅਤੇ ਕਈ ਇਸ ਨੂੰ ਬਿਲਾਵਲ ਥਾਟ ਜਨਯ ਰਾਗ ਰਾਗ ਮੰਨਦੇ ਹਨ। ਆਧੁਨਿਕ ਭਾਰਤੀ ਸੰਗੀਤ ਦੇ ਨਵ-ਨਿਰਮਾਤਾ ਪੰ. ਵਿਸ਼ਣੂ ਨਾਰਾਇਣ ਭਾਤਖੰਡੇ ਗੋਂਡ ਰਾਗ ਬਾਰੇ ਆਪਣੇ ਗ੍ਰੰਥ ਵਿਚ ਲਿਖਦੇ ਹਨ ਗੋਂਡ ਇਕ ਕਾਫ਼ੀ ਥਾਟ ਤੋਂ ਉਤਪੰਨ ਹੋਣ ਵਾਲਾ ਅਪ੍ਰਸਿੱਧ ਰੂਪ ਹੈ। ਇਸ ਰਾਗ ਦੇ ਪੂਰਵਾਂਗ ਵਿਚ ਕਾਨੜਾ ਅਤੇ ਉਤਰਾਂਗ ਵਿਚ ਮਲਾਰ ਦਾ ਮਿਸ਼ਰਣ ਹੈ। ਇਸ ਦਾ ਵਾਦੀ ਸੁਰ ਪੰਚਮ ਅਤੇ ਉਤਰਾਂਗ ਵਿਚ ਮਲਾਰ ਦਾ ਮਿਸ਼ਰਣ ਹੈ। ਇਸ ਦਾ ਵਾਦੀ ਸੁਰ ਪੰਚਮ ਅਤੇ ਸੰਵਾਦੀ ਸ਼ੜਜ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਅੰਤਿਮ ਪਹਿਰ ਹੈ। ਇਸ ਦਾ ਚਲਨ ਰਿਸ਼ਭ ਗੰਧਾਰ (ਕੋਮਲ) ਰਿਸ਼ਭ ਮਧਿਅਮ ਗੰਧਾਰ (ਕੋਮਲ) ਰਿਸ਼ਭ ਸ਼ੜਜ ਮੰਨਿਆ ਹੈ।

ਕੁਝ ਵਿਦਵਾਨ ਗੋਂਡ ਰਾਗ ਦੀਆਂ ਉਪਰੋਕਤ ਵਿਸ਼ੇਸ਼ਤਾਵਾਂ ਨੂੰ ਸਵੀਕਾਰਦੇ ਹੋਏ ਉਸ ਦੇ ਚਲਨ ਵਿਚ ਥੋੜਾ ਵਖਰੇਵਾਂ ਮੰਨਦੇ ਹਨ, ਮਧਿਅਮ ਪੰਚਮ, ਧੈਵਤ ਸ਼ੜਜ (ਤਾਰ ਸਪਤਕ), ਧੈਵਤ ਰਿਸ਼ਭ (ਤਾਰ ਸਪਤਕ), ਸ਼ੜਜ (ਤਾਰ ਸਪਤਕ), ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ, ਗੰਧਾਰ (ਕੋਮਲ) (ਅੰਦੋਲਿਤ), ਮਧਿਅਮ ਰਿਸ਼ਭ, ਸ਼ੜਜ ਨਿਸ਼ਾਦ (ਮੰਦਰ ਸਪਤਕ) ਸ਼ੜਜ।

ਗੁਰਮਤਿ ਸੰਗੀਤ ਵਿਚ ਸਿੱਖ ਰਬਾਬੀ ਕੀਰਤਨੀਆਂ ਅਤੇ ਵਿਦਵਾਨਾਂ ਨੇ ਗੋਂਡ ਰਾਗ ਨੂੰ ਬਿਲਾਵਲ ਥਾਟ ਅਧੀਨ ਸਵੀਕਾਰਿਆ ਹੈ। ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਨੇ ਵੀ ਇਸ ਸਰੂਪ ਨੂੰ ਹੀ ਪ੍ਰਵਾਨ ਕੀਤਾ ਹੈ। ਇਸ ਸਰੂਪ ਵਿਚ ਰਾਗ ਦੀ ਜਾਤੀ ਸੰਪੂਰਨ ਮੰਨੀ ਗਈ ਹੈ। ਇਸ ਦਾ ਵਾਦੀ ਸ਼ੜਜ ਸੰਵਾਦੀ ਮਧਿਅਮ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਮੰਨਿਆ ਗਿਆ ਹੈ। ਆਰੋਹ : ਸ਼ੜਜ, ਰਿਸ਼ਭ, ਗੰਧਾਰ, ਮਧਿਅਮ; ਪੰਚਮ, ਧੈਵਤ, ਨਿਸ਼ਾਦ, ਧੈਵਤ, ਨਿਸ਼ਾਦ, ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ), ਨਿਸ਼ਾਦ, ਧੈਵਤ, ਨਿਸ਼ਾਦ, ਪੰਚਮ; ਮਧਿਅਮ, ਗੰਧਾਰ, ਰਿਸ਼ਭ, ਸ਼ੜਜ; ਮੁੱਖ ਅੰਗ : ਰਿਸ਼ਭ ਗੰਧਾਰ ਮਧਿਅਮ, ਪੰਚਮ ਮਧਿਅਮ, ਮਧਿਅਮ, ਪੰਚਮ, ਨਿਸ਼ਾਦ, ਧੈਵਤ, ਨਿਸ਼ਾਦ, ਪੰਚਮ, ਧੈਵਤ, ਮਧਿਅਮ, ਗੰਧਾਰ, ਮਧਿਅਮ, ਗੰਧਾਰ ਰਿਸ਼ਭ, ਸ਼ੜਜ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਰਾਗ ਪ੍ਰਬੰਧ ਵਿਚ ਰਾਗ ਗੋਂਡ ਦੇ ਅਧੀਨ ਹੀ ਇਕ ਹੋਰ ਰਾਗ ਪ੍ਰਕਾਰ “ਬਿਲਾਵਲ ਗੋਂਡ” ਦਰਜ ਹੈ। ਇਸ ਰਾਗ ਨੂੰ ਵੀ ਅਪ੍ਰਚਲਿਤ ਅਤੇ ਅਪ੍ਰਸਿੱਧ ਰਾਗਾਂ ਦੀ ਸ਼ੇ੍ਰਣੀ ਵਿਚ ਰਖਿਆ ਜਾਂਦਾ ਹੈ। ਇਸ ਰਾਗ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਰਾਗ ਦੇ ਰਾਗਾਂ, ਬਿਲਾਵਲ ਅਤੇ ਗੋਂਡ ਰਾਗ ਦੀਆਂ ਮਧੁਰ ਸੁਰਾਵਲੀਆਂ ਦੇ ਸੁਮੇਲ ਤੋਂ ਉਤਪੰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਾਰਤੀ ਸੰਗੀਤ ਪੱਧਤੀ ਦੇ ਹੋਰ ਕਿਸੇ ਗ੍ਰੰਥ ਵਿਚ ਇਸ ਰਾਗ ਦਾ ਉਲੇਖ ਨਹੀਂ ਮਿਲਦਾ। ਬਿਲਾਵਲ ਗੌਂਡ ਗੁਰਮਤਿ ਸੰਗੀਤ ਦਾ ਮਿਸ਼ਰਿਤ ਰਾਗ ਹੈ ਜਿਸ ਨੂੰ ਬਿਲਾਵਲ ਅਤੇ ਗੌਂਡ ਦੋਹਾਂ ਦੇ ਸੁਮੇਲ ਦੁਆਰਾ ਗਾਉਣ ਦੀ ਪ੍ਰਥਾ ਹੈ। ਇਹ ਗੁਰਮਤਿ ਸੰਗੀਤ ਪਰੰਪਰਾ ਦਾ ਮੌਲਿਕ ਰਾਗ ਹੈ।  ਇਸ ਰਾਗ ਦਾ ਸਰੂਪ ਅਸੀਂ ਮੁਹੰਮਦ ਸ਼ਾਹ ਰੰਗੀਲੇ ਦੇ ਦਰਬਾਰੀ ਗਾਇਕ ਨਿਆਮਤ ਖਾਂ ਸਦਾ ਰੰਗ ਦੇ ਇਕ ਖਿਆਲ ਦੇ ਆਧਾਰ ਤੇ ਨਿਰਧਾਰਿਤ ਕੀਤਾ ਹੈ। ਇਹ ਖਿਆਲ ਬੰਦਿਸ਼ ਗਵਾਲੀਅਰ ਘਰਾਣੇ ਦੇ ਪ੍ਰਸਿੱਧ ਗਾਇਕ ਪੰਡਿਤ ਸਦਾ ਸ਼ਿਵ (ਪੰਡਿਤ ਵਿਸ਼ਣੂ ਦਿਗੰਬਰ ਪਲੁਸਕਰ ਦੇ ਗੁਰੂ ਭਾਈ) ਰਚਿਤ ਪੁਸਤਕ ਭਾਰਤੀਯ ਸੰਗੀਤ ਮਾਲਾ ਭਾਗ-ਦੂਜਾ ਦੇ ਪੰਨਾ 88-89 ਤੇ ਸੁਰ ਲਿਪੀ ਸਹਿਤ ਅੰਕਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਭਗਤ ਨਾਮਦੇਵ ਜੀ ਦਾ ਇਕ ਸ਼ਬਦ ਪੰਨਾ 874-75 ਉਪਰ ਅੰਕਿਤ ਹੈ। ਰਾਗ ਗੋਂਡ ਬਿਲਾਵਲ ਦੀ ਉਤਪਤੀ ਬਿਲਾਵਲ ਥਾਟ ਤੋਂ ਮੰਨੀ ਜਾਂਦੀ ਹੈ। ਇਸ ਰਾਗ ਵਿਚ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦੇ ਆਰੋਹ ਤੇ ਅਵਰੋਹ ਵਿਚ ਸੱਤ ਸੁਰ ਵਕਰ ਢੰਗ ਨਾਲ ਪ੍ਰਯੋਗ ਕੀਤੇ ਜਾਂਦੇ ਹਨ। ਇਸ ਲਈ ਇਸ ਦੀ ਜਾਤੀ ਵਕਰ-ਸੰਪੂਰਨ ਹੈ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਸੁਰ ਧੈਵਤ ਮੰਨਿਆ ਜਾਂਦਾ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ।

ਬਿਲਾਵਲ ਗੋਂਡ ਦੇ ਇਕ ਹੋਰ ਸਰੂਪ ਨੂੰ ਥਾਟ ਬਿਲਾਵਲ ਦੇ ਅੰਤਰਗਤ ਮੰਨਿਆ ਜਾਂਦਾ ਹੈ। ਇਸ ਰਾਗ ਵਿਚ ਸੁਰ ਸਾਰੇ ਸ਼ੁੱਧ ਸੁਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੀ ਜਾਤੀ ਵਕਰ-ਸੰਪੂਰਨ ਹੈ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਧੈਵਤ ਮੰਨਿਆ ਜਾਂਦਾ ਹੈ। ਇਸ ਰਾਗ ਨੂੰ ਦਿਨ ਦੇ ਦੂਜੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਰਾਗ ਨਿਰਣਾਇਕ ਕਮੇਟੀ ਨੇ ਰਾਗ ਬਿਲਾਵਲ ਗੋਂਡ ਦਾ ਸਰੂਪ ਇਸ ਤਰਾਂ ਪ੍ਰਵਾਨ ਕੀਤਾ ਹੈ ਜਿਸ ਅਨੁਸਾਰ ਰਾਗ ਦੀ ਉਤਪਤੀ ਥਾਟ ਬਿਲਾਵਲ ਤੋਂ ਮੰਨੀ ਗਈ ਹੈ। ਇਸ ਦੀ ਜਾਤੀ ਵਕਰ ਸੰਪੂਰਨ ਹੈ। ਇਸ ਦਾ ਵਾਦੀ ਸੁਰ ਗੰਧਾਰ, ਸੰਵਾਦੀ ਸੁਰ ਧੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਦਾ  ਆਰੋਹ : ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ, ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਨਿਸ਼ਾਦ ਪੰਚਮ, ਮਧਿਅਮ ਗੰਧਾਰ ਰਿਸ਼ਭ ਮਧਿਅਮ ਗੰਧਾਰ, ਪੰਚਮ ਰਿਸ਼ਭ ਸ਼ੜਜ; ਮੁੱਖ ਅੰਗ : ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ, ਗੰਧਾਰ ਰਿਸ਼ਭ ਮਧਿਅਮ ਗੰਧਾਰ, ਪੰਚਮ ਰਿਸ਼ਭ ਸ਼ੜਜ ਪ੍ਰਵਾਨ ਕੀਤਾ।

ਗੋਂਡ ਰਾਗ ਦੇ ਅਧੀਨ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ,  ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਰਾਗੀ  ਜਸਵੰਤ ਸਿੰਘ ਤੀਵਰ, ਪ੍ਰੋ. ਹਰਮਿੰਦਰ ਸਿੰਘ, ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ। ਗੋਂਡ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ www.gurmatsangeetpup.com,     www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Check Also

ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 108 ਜਪੁਜੀ ਸਾਹਿਬ – ਪਉੜੀ 32 ਡਾ. ਗੁਰਦੇਵ ਸਿੰਘ* ਸ੍ਰਿਸ਼ਟੀ ਕਰਤਾ ਨੂੰ …

Leave a Reply

Your email address will not be published. Required fields are marked *