ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਤੀਜਾ ਰਾਗ ‘ਗਉੜੀ’ – ਡਾ. ਗੁਰਨਾਮ ਸਿੰਘ

TeamGlobalPunjab
7 Min Read

ਗਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਦਾ ਤੀਸਰਾ ਰਾਗ ਹੈ। ਇਸ ਰਾਗ ਦਾ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 151 ਤੋਂ ਹੁੰਦਾ ਹੈ। ਇਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਅਤੇ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਮਹੱਤਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਗਉੜੀ ਦੇ ਸਭ ਤੋਂ ਜ਼ਿਆਦਾ 11 ਪ੍ਰਕਾਰਾਂ ਦਾ ਪ੍ਰਯੋਗ ਕਰਕੇ ਇਸ ਰਾਗ ਨੂੰ ਪੂਰਨ ਵਿਸਥਾਰ ਦਿੱਤਾ ਗਿਆ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -3

3. ਗਉੜੀ ਰਾਗ

ਡਾ. ਗੁਰਨਾਮ ਸਿੰਘ

ਗੁਰਮਤਿ ਸੰਗੀਤ ਦਾ ਮੂਲ ਰਾਗ ਪ੍ਰਬੰਧ ਇਸ ਪਰੰਪਰਾ ਦੀ ਸ਼ਬਦ ਕੀਰਤਨ ਪੱਧਤੀ ਨੂੰ ਰਾਗਾਤਮਕ ਬਨਾਉਣ ਲਈ ਸਿਰਜਿਆ ਗਿਆ ਹੈ। ਬਾਣੀ ਉੱਪਰ ਰਾਗਾਂ ਦਾ ਨਿਰਧਾਰਣ ਕੇਵਲ ਰਸਮੀ ਨਹੀਂ ਸਗੋਂ ਬਾਣੀ ਦੀ ਪ੍ਰਕਿਰਤੀ ਅਤੇ ਉਸ ਵਿੱਚ ਪ੍ਰਗਟਾਏ ਗਏ ਭਾਵਾਂ ਦੇ ਅਨੁਕੂਲ ਹੈ। ਵੱਖੋ-ਵੱਖਰੇ ਰਾਗ ਵਿਭਿੰਨ ਸੁਰਾਤਮਕ ਰੰਗ ਦਰਸਾਉਂਦੇ ਹਨ, ਇਸੇ ਲਈ ਤਾਂ ਇੱਕ ਤੋਂ ਵਧੀਕ ਰਾਗ ਪ੍ਰਯੋਗ ਕੀਤੇ ਗਏ ਹਨ। ਇਸ ਲਈ ਰਾਗ ਅਤੇ ਸਬੰਧਿਤ ਰਾਗ ਵਿੱਚ ਗਾਉਣਾ ਜ਼ਰੂਰੀ ਹੈ। ਕੀਰਤਨੀਆਂ ਵੀਰਾਂ ਲਈ ਰਾਗ ਦਾ ਨਿਰਧਾਰਣ ਜਾਂ ਬਾਣੀ ਵਿੱਚ ਦਰਸਾਏ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਨਾ ਉਸੇ ਤਰ੍ਹਾਂ ਜ਼ਰੂਰੀ ਹੈ ਜਿਵੇਂ ਉਨ੍ਹਾਂ ਦੇ ਬਸਤਰਾਂ ਦੀ ਬਾਹਰੀ ਦਿੱਖ ਜਾਂ ਮੈਚਿੰਗ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕੀਰਤਨੀਆਂ ਦੇ ਬਸਤਰਾਂ ਆਦਿ ਦੀ ਤਾਂ ਪੂਰੀ ਪੂਰੀ ਮੈਚਿੰਗ ਹੈ ਤੇ ਫਿਰ ਬਾਣੀ ਨਾਲ ਸਬੰਧਿਤ ਰਾਗ ਦੀ ਮੈਚਿੰਗ ਭਾਵ ਨਿਰਧਾਰਤ ਰਾਗ ਨੂੰ ਅਸੀਂ ਕਿਉਂ ਵਿਸਾਰ ਦਿੰਦੇ ਹਾਂ ਇਹ ਵਿਚਾਰਨ ਵਾਲੀ ਗੱਲ ਹੈ। ਖੈਰ ਅਸੀਂ ਗੁਰਮਤਿ ਸੰਗੀਤ ਦੇ ਰਾਗ ਪ੍ਰਬੰਧ ਬਾਰੇ ਵਿਚਾਰ ਕਰ ਰਹੇ ਸੀ।

- Advertisement -

ਗੁਰਮਤਿ ਸੰਗੀਤ ਦੇ ਮੂਲ ਰਾਗ ਪ੍ਰਬੰਧ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਗੀਤ ਵਿਧਾਨ ਹੈ ਜਿਸ ਵਿੱਚ ਮੁੱਖ 31 ਰਾਗ ਤੇ ਵਿਭਿੰਨ ਰਾਗ ਪ੍ਰਕਾਰ ਪ੍ਰਯੋਗ ਕੀਤੇ ਗਏ ਹਨ। ਇਨ੍ਹਾਂ ਰਾਗਾਂ ਵਿਚੋਂ ਤੀਸਰਾ ਰਾਗ ਗਉੜੀ ਹੈ। ਇਸ ਰਾਗ ਦਾ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 151 ਤੋਂ ਹੁੰਦਾ ਹੈ। ਗਉੜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਅਤੇ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਮਹੱਤਵ ਇਸ ਕਰਕੇ ਵੀ ਹੈ ਕਿ ਇਸ ਵਿੱਚ ਰਾਗ ਗਉੜੀ ਦੇ ਸਭ ਤੋਂ ਜ਼ਿਆਦਾ ਪ੍ਰਕਾਰਾਂ ਦਾ ਪ੍ਰਯੋਗ ਕਰਕੇ ਇਸ ਰਾਗ ਨੂੰ ਪੂਰਨ ਵਿਸਥਾਰ ਦਿੱਤਾ ਗਿਆ ਹੈ। ਇਨ੍ਹਾਂ ਰਾਗ ਪ੍ਰਕਾਰਾਂ ਬਾਰੇ ਅਸੀਂ ਸੁਤੰਤਰ ਰੂਪ ਵਿੱਚ ਚਰਚਾ ਕਰਾਂਗੇ।

ਰਾਗ ਗਉੜੀ ਨੂੰ ਸੰਗੀਤ ਜਗਤ ਵਿੱਚ ਗੋਰੀ, ਗੌੜੀ, ਗਵਰੀ, ਗਉਰੀ ਆਦਿ ਨਾਵਾਂ ਨਾਲ ਉਚਾਰਿਆ ਤੇ ਲਿਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਨੂੰ ‘ਗਉੜੀ’ ਜਾਂ ‘ਗੌੜੀ’ ਅਤੇ ਰਾਗ ਮਾਲਾ ਵਿੱਚ ‘ਗਵਰੀ’ ਸ਼ਬਦ ਜੋੜਾਂ ਨਾਲ ਦਰਸਾਇਆ ਗਿਆ ਹੈ। ਵਿਭਿੰਨ ਸ਼ਬਦ ਜੋੜਾਂ ਤੋਂ ਇਸ ਦੇ ਵੱਖੋ ਵੱਖਰੇ ਸੰਗੀਤ ਮੱਤਾਂ, ਸੰਪਰਦਾਵਾਂ, ਇਲਾਕਿਆਂ ਵਿੱਚ ਪ੍ਰਚਲਿਤ ਹੋਣ ਦੇ ਪ੍ਰਮਾਣ ਹਨ ਜਿਸ ਨੂੰ ਇਸ ਰਾਗ ਦੀ ਅਮੀਰੀ ਵਜੋਂ ਪਛਾਣਨਾ ਚਾਹੀਦਾ ਹੈ। ਗਉੜੀ ਰਾਗ ਭਾਰਤੀ ਤੇ ਗੁਰਮਤਿ ਸੰਗੀਤ ਦੋਵੇਂ ਪੱਧਤੀਆਂ ਵਿੱਚ ਪ੍ਰਚਲਿਤ ਹੈ। ਗੁਰੂ ਕਾਲ ਦੇ ਸਮਕਾਲੀ ਗ੍ਰੰਥਾਂ ਵਿੱਚ ਵੀ ਇਸ ਦਾ ਉਲੇਖ ਮਿਲਦਾ ਹੈ। ਭਾਰਤੀ ਸੰਗੀਤ ਦੇ ਗ੍ਰੰਥ ‘ਸੰਗੀਤ ਦਰਪਣ’ ਵਿੱਚ ਇਸ ਰਾਗ ਦਾ ‘ਧਿਆਨ’ ਵਿਸ਼ੇਸ਼ ਰੂਪ ਵਿੱਚ ਚਿਤਰਿਆ ਗਿਆ ਹੈ। ਇਸ ਗ੍ਰੰਥ ਮੁਤਾਬਕ ਇਸ ਰਾਗ ਦਾ ਰੰਗ ਸਾਂਵਲਾ ਹੈ, ਕੰਨਾਂ ਵਿੱਚ ਅੰਬ ਬੂਰ ਦੇ ਗਹਿਣੇ ਪਾਏ ਹੋਏ ਹਨ, ਕੋਇਲ ਦੇ ਨਾਦ ਵਾਗੂੰ ਇਸ ਦੇ ਗਲੇ ਵਿਚੋਂ ਰਸ ਟਪਕਦਾ ਹੈ, ਇਸ ਦਾ ਨਾਦ ਸੂਖਸ਼ਮ ਹੈ।

ਤੀਜੇ ਗੁਰੂ ਅਮਰਦਾਸ ਜੀ ਨੇ ਗਉੜੀ ਰਾਗ ਨੂੰ ਅਧਿਆਤਮ ਅਰਥਾਂ ਵਿੱਚ ਰੂਪਾਂਤਰਿਤ ਕੀਤਾ ਹੈ। ਗੁਰਬਾਣੀ ਦੇ ਇਸ ਰਾਗ ਧਿਆਨ ਤੇ ਗੁਰਮਤਿ ਪ੍ਰਸੰਗ ਵਿੱਚ ਅਸੀਂ ਵੀ ਇਸ ਰਾਗ ਦੀ ਇੱਕ ਰਾਗ ਪੇਟਿੰਗ ਸ. ਦੇਵਿੰਦਰ ਸਿੰਘ ਚੰਡੀਗੜ੍ਹ ਤੇ ਬਾਬਾ ਸੁੱਚਾ ਸਿੰਘ ਜੀ (ਜਵੱਦੀ) ਦੀ ਪ੍ਰੇਰਨਾ ਸਦਕਾ 1992 ਵਿੱਚ ਬਣਵਾਈ ਸੀ ਜਿਸ ਵਿੱਚ ਗੁਰੂ ਅਮਰਦਾਸ ਜੀ ਦਾ ਗਉੜੀ ਰਾਗ ਵਿੱਚ ਦਰਜ ਸਲੋਕ ਨੂੰ ਅਧਾਰ ਬਣਾਇਆ ਗਿਆ ਹੈ।

ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥

ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੩੧੧)

- Advertisement -

ਗਉੜੀ ਭਾਵੇਂ ਭਾਰਤੀ ਤੇ ਗੁਰਮਤਿ ਸੰਗੀਤ ਵਿੱਚ ਜਾਣਿਆ ਪਛਾਣਿਆ ਤੇ ਪ੍ਰਚਲਿਤ ਰਾਗ ਤਾਂ ਹੈ ਪਰੰਤੂ ਗਾਇਨ ਵਾਦਨ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਨਹੀਂ ਕਿਉਂਕਿ ਇਸ ਦੇ ਸੰਗੀਤ ਰੂਪ ਪ੍ਰਸਤੁਤ ਕਰਨ ਲਈ ਰਾਗਦਾਰੀ ਦੀ ਸੂਖਮ ਸੂਝ ਤੇ ਦੂਸਰੇ ਰਾਗਾਂ ਨਾਲੋਂ ਨਿਖੇੜਣ ਲਈ ਰਾਗ ਕਲਾ ਕੌਸ਼ਲ ਦੀ ਜ਼ਰੂਰਤ ਹੈ। ਗੁਰਮਤਿ ਸੰਗੀਤ ਵਿੱਚ ਵੀ ਭਾਵੇਂ ਇਸ ਰਾਗ ਦੇ ਪ੍ਰਕਾਰ ਇੱਕ ਤੋਂ ਵਧੀਕ ਪ੍ਰਚਾਰ ਵਿੱਚ ਹਨ ਪਰੰਤੂ ਫਿਰ ਵੀ ਕੀਰਤਨੀਏ ਇਸ ਨੂੰ ਸਪੱਸ਼ਟ ਤੇ ਨਿਖੇੜ ਕੇ ਗਾਉਣ ਤੋਂ ਗੁਰੇਜ਼ ਕਰਦਿਆਂ ਘੱਟ ਹੀ ਗਾਉਂਦੇ ਰਹੇ ਹਨ। ਫਿਰ ਵੀ ਸਾਡੇ ਰਾਗ ਸਰੋਤਾਂ ਵਿੱਚ ਇਸ ਰਾਗ ਦੇ ਵਿਆਖਿਆਕਾਰ ਤੇ ਪ੍ਰਸਤੁਤਕਾਰ ਹਨ। ਗੁਰਮਤਿ ਸੰਗੀਤ ਵਿੱਚ ਰਾਗ ਗਉੜੀ ਦੇ ਕੁਝ ਰੂਪ ਉਪਲਬਧ ਹਨ, ਦੋ ਰੂਪ ਭੈਰਵ ਥਾਟ ਵਿਚ, ਦੋ ਪੂਰਵੀ ਥਾਟ ਵਿਚ, ਇੱਕ ਬਿਲਾਵਲ ਥਾਟ ਵਿੱਚ ਮਿਲ ਜਾਂਦਾ ਹੈ। ਇੱਥੇ ਇਹ ਸਪੱਸ਼ਟ ਕਰਨਾ ਉਚਿਤ ਹੋਵੇਗਾ ਕਿ ਅਸੀਂ ਇੱਥੇ ਗਉੜੀ ਦੇ ਹੀ ਰਾਗ ਸਰੂਪ ਦੀ ਵਿਚਾਰ ਚਰਚਾ ਕਰ ਰਹੇ ਹਾਂ। ਇਸ ਦੇ ਰਾਗ ਪ੍ਰਕਾਰ ਵੱਖਰੇ ਹਨ ਜਿਨ੍ਹਾਂ ਬਾਰੇ ਅਸੀਂ ਵੱਖਰੇ ਤੌਰ ਤੇ ਚਰਚਾ ਕਰਾਂਗੇ। ਇਨ੍ਹਾਂ ਰਾਗ ਪ੍ਰਕਾਰਾਂ ਦੇ ਅੰਤਰਗਤ ਮਹਲਾ ੧ ਤੋਂ ਮਹਲਾ ੯ ਤਕ ਪਦੇ, ਦੁਪਦੇ, ਚਉਪਦੇ ਬਾਣੀ ਰਚਨਾਵਾਂ ਅੰਕਿਤ ਹਨ ਜਿਨ੍ਹਾਂ ਦਾ ਅੰਕਣ ਮਹਲਾ ੧ ਤੋਂ ਲੈ ਕੇ ਮਹਲਾ ੯ ਤੱਕ ਕ੍ਰਮਵਾਰ ਹੀ ਰਹਿੰਦਾ ਹੈ। ਇਸ ਉਪਰੰਤ ਅਸ਼ਟਪਦੀ ਤੇ ਫੇਰ ਵਿਸ਼ੇਸ਼ ਬਾਣੀ ਰਚਨਾਵਾਂ ਅੰਕਿਤ ਕੀਤੀਆਂ ਗਈਆਂ ਹਨ। ਰਾਗ ਗਉੜੀ ਦੇ ਅੰਤਰਗਤ ਮਹਲਾ ੧ ਦੇ ਪਦੇ, ਚਉਪਦੇ, ਅਸ਼ਟਪਦੀਆਂ, ਛੰਤ, ਮਹਲਾ ੩ ਦੇ ਪਦੇ, ਅਸ਼ਟਪਦੀਆਂ, ਛੰਤ, ਮਹਲਾ ੪ ਦੇ ਪਦੇ, ਕਰਹਲੇ, ਵਾਰ, ਮਹਲਾ ੫ ਦੇ ਪਦੇ, ਅਸ਼ਟਪਦੀਆਂ, ਛੰਤ, ਬਾਵਨ ਅਖਰੀ, ਸੁਖਮਨੀ, ਤਿਥੀ, ਵਾਰ, ਮਹਲਾ ੯ ਦੇ ਪਦੇ ਅਤੇ ਭਗਤ ਕਬੀਰ ਅਤੇ ਭਗਤ ਨਾਮਦੇਵ ਦੀਆਂ ਬਾਣੀ ਰਚਨਾਵਾਂ ਅੰਕਿਤ ਹਨ।

ਗਉੜੀ ਰਾਗ ਵਿੱਚ ਗੁਰਮਤਿ ਸੰਗੀਤ ਦੇ ਕੁਝ ਸੰਗੀਤ ਰਚਨਾਕਾਰਾਂ ਨੇ ਸ਼ਬਦ ਕੀਰਤਨ ਰਚਨਾਵਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਪ੍ਰੋਫ਼ੈਸਰ ਤਾਰਾ ਸਿੰਘ, ਗਿਆਨ ਸਿੰਘ ਐਬਟਾਬਾਦ, ਡਾH ਗੁਰਨਾਮ ਸਿੰਘ, ਪ੍ਰੋਫ਼ੈਸਰ ਕਰਤਾਰ ਸਿੰਘ ਆਦਿ ਦੇ ਨਾਮ ਵਿਸ਼ੇਸ਼ ਹਨ। ਗਾਇਨ ਪੱਖੋਂ ਵੇਖੀਏ ਤਾਂ ਇਸ ਰਾਗ ਵਿੱਚ ਭਾਈ ਅਵਤਾਰ ਸਿੰਘ, ਭਾਈ ਬਲਬੀਰ ਸਿੰਘ, ਭਾਈ ਬਖਸ਼ੀਸ਼ ਸਿੰਘ, ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ, ਡਾ. ਗੁਰਨਾਮ ਸਿੰਘ, ਪ੍ਰੋ. ਕਰਤਾਰ ਸਿੰਘ,  ਪ੍ਰੋ. ਪਰਮਜੋਤ ਸਿੰਘ, ਪ੍ਰੋ. ਸੁਰਿੰਦਰ ਸਿੰਘ ਯੂ.ਕੇ., ਕੁਲਵੰਤ ਸਿੰਘ ਚੰਦਨ, ਪ੍ਰਿੰ. ਸੁਖਵੰਤ ਸਿੰਘ, ਬੀਬੀ ਮਨਜੀਤ ਕੌਰ, ਪ੍ਰੋ. ਹਰਚੰਦ ਸਿੰਘ, ਭਾਈ ਗੁਰਦੇਵ ਸਿੰਘ ਖਾਲਸਾ, ਭਾਈ ਗੁਰਦੇਵ ਸਿੰਘ ਬਟਾਲਾ ਆਦਿ ਦੀ ਰਿਕਾਰਡਿੰਗ ਉਪਲੱਬਧ ਹੈ।

ਕੀਰਤਨੀਏ ਵੀਰ ਗਉੜੀ ਨੂੰ ਬਹੁਤ ਘੱਟ ਗਾਉਂਦੇ ਹਨ। ਆਸ ਕਰਦੇ ਹਾਂ ਕਿ ਗੁਰੂ ਦੇ ਇਨ੍ਹਾਂ ਅਲੋਪ ਹੋ ਰਹੇ ਰਾਗਾਂ ਵਿੱਚ ਬਾਣੀ ਗਾ ਕੇ ਅਸੀਂ ਸ਼ਬਦ ਦਾ ਸਹੀ ਸੰਗੀਤਕ ਸੰਚਾਰ ਵੀ ਕਰਾਂਗੇ ਤੇ ਆਪਣੀ ਰਾਗ ਵਿਰਾਸਤ ਦੀ ਸੰਭਾਲ ਵੀ ਕਰ ਸਕਾਂਗੇ।

Share this Article
Leave a comment