ਸ਼ਬਦ ਵਿਚਾਰ 80 – ਜਪੁ ਜੀ ਸਾਹਿਬ -ਪਉੜੀ 4

TeamGlobalPunjab
7 Min Read

ਸ਼ਬਦ ਵਿਚਾਰ – 80

ਜਪੁ ਜੀ ਸਾਹਿਬ – ਪਉੜੀ 4

ਡਾ. ਗੁਰਦੇਵ ਸਿੰਘ*

 ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਪ੍ਰੇਮ ਭਰੀ ਬੋਲੀ ਦਾ ਮਾਲਕ ਹੈ। ਸਭ ਦੀ ਪਾਲਣਾ ਕਰਦਾ ਹੈ। ਉਸ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਕਿਉਂਕਿ ਉਹ ਸਾਰਿਆਂ ਦਾਤਾਂ ਤਾਂ ਆਪ ਹੀ ਦੇਣ ਵਾਲਾ ਹੈ। ਅਜਿਹੇ ਵਡ ਦਾਤੇ ਨੂੰ ਕਿਵੇਂ ਸਿਮਰਨਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਜਪੁਜੀ ਸਾਹਿਬ ਦੀ ਬਾਣੀ ਚਲ ਰਹੀ ਵਿਚਾਰ ਵਿੱਚ ਅੱਜ ਅਸੀਂ ਚਉਥੀ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਸਾਨੂੰ ਇਹੀ ਵਿਧੀ ਦਸ ਰਹੇ ਹਨ:

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

- Advertisement -

ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ’। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।

ਸਾਚੁ ਨਾਇ = ਵਿਆਕਰਨ ਦਾ ਨੀਯਮ ਹੈ ਕਿ ਕਿਸੇ ‘ਨਾਂਵ’ ਦੇ ਵਿਸ਼ੇਸ਼ਣ ਦਾ ਉਹੀ ਲਿੰਗ ਹੁੰਦਾ ਹੈ, ਜੋ ਉਸ ‘ਨਾਂਵ’ ਦਾ। ‘ਸਾਚੁ ਨਾਇ’ ਵਾਲੀ ਤੁਕ ਵਿਚ ‘ਸਾਹਿਬੁ’ ਪੁਲਿੰਗ ਹੈ, ਇਸ ਕਰ ਕੇ ‘ਸਾਚਾ’ ਭੀ ਪੁਲਿੰਗ ਹੈ। ‘ਸਾਚੁ’ ਪੁਲਿੰਗ ਹੈ, ਸੋ ਜਿਸ ‘ਨਾਂਵ’ ਦਾ ਇਹ ਵਿਸ਼ੇਸ਼ਣ ਹੈ, ਉਹ ਭੀ ਪੁਲਿੰਗ ਹੀ ਚਾਹੀਦਾ ਹੈ, ਅਤੇ ‘ਕਰਤਾ ਕਾਰਕ’ ਹੋਣਾ ਚਾਹੀਦਾ ਹੈ, ਜਿਵੇਂ ‘ਸਾਹਿਬੁ’ ਹੈ।

ਸ਼ਬਦ ‘ਨਾਉ’ ਜਿਤਨਾ ਚਿਰ ‘ਕਰਤਾ ਕਾਰਕ’ ਜਾਂ ‘ਕਰਮ ਕਾਰਕ’ ਵਿੱਚ ਵਰਤਿਆ ਜਾਂਦਾ ਹੈ, ਉਤਨਾ ਚਿਰ ਇਸ ਦੀ ਸ਼ਕਲ ਇਹੀ ਰਹਿੰਦੀ ਹੈ, ਜਿਵੇਂ:

(1) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।4। (2) ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।7।

ਇਹੀ ਸ਼ਬਦ ‘ਨਾਉ’ ਜਪੁਜੀ ਵਿਚ ਇਕ ਵਾਰੀ ਹੋਰ ਆਇਆ ਹੈ, ਪਰ ਉਹ ‘ਕ੍ਰਿਆ’ ਹੈ ਤੇ ਉਸ ਦਾ ਅਰਥ ਹੈ, ‘ਇਸ਼ਨਾਨ ਕਰੋ’, ਜਿਵੇਂ: ਅੰਤਰਗਤਿ ਤੀਰਥ ਮਲਿ ਨਾਉ। (ਪਉੜੀ 21)

- Advertisement -

 ਸ਼ਬਦ ‘ਨਾਉ’ ਦਾ ਬਹੁ-ਵਚਨ ਜਪੁਜੀ ਵਿਚ ਦੋ ਵਾਰੀ ਆਇਆ ਹੈ, ਉਸ ਦਾ ਰੂਪ ‘ਨਾਂਵ’ ਹੈ, ਜਿਵੇਂ: (1) ਅਸੰਖ ਨਾਵ ਅਸੰਖ ਨਾਵ। (ਪਉੜੀ 19) (2) ਜੀਅ ਜਾਤਿ ਰੰਗਾ ਕੇ ਨਾਵ। (ਪਉੜੀ 16)

ਜਦੋਂ ਸ਼ਬਦ ‘ਨਾਉ’ ਕਰਤਾ ਕਾਰਕ ਜਾਂ ਕਰਮ ਕਾਰਕ ਤੋਂ ਬਿਨਾ ਕਿਸੇ ਹੋਰ ਕਾਰਕ ਵਿਚ ਵਰਤਿਆ ਜਾਏ, ਤਾਂ ‘ਨਾਉ’ ਦੀ ਥਾਂ ‘ਨਾਇ’ ਹੋ ਜਾਂਦਾ ਹੈ, ਜਿਵੇਂ: ਨਾਇ ਤੇਰੈ ਤਰਣਾ ਨਾਇ ਪਤਿ ਪੂਜ। ਨਾਉ ਤੇਰਾ ਗਹਣਾ ਮਤਿ ਮਕਸੂਦ। (ਪਰਭਾਤੀ ਬਿਭਾਸ ਮਹਲਾ 1) ਨਾਇ = ਨਾਮ ਦੀ ਰਾਹੀਂ। ਪਰ ‘ਸਾਚਿ ਨਾਇ’ ਵਾਲਾ ‘ਨਾਇ’ ਕਰਤਾ ਕਾਰਕ ਹੀ ਹੋ ਸਕਦਾ ਹੈ, ਕਿਉਕਿ ਇਸ ਦਾ ਵਿਸ਼ੇਸ਼ਣ ‘ਸਾਚੁ’ ਭੀ ਕਰਤਾ ਕਾਰਕ ਹੈ। ਇਸ ‘ਨਾਇ’ ਉੱਪਰਲੇ ਪਰਮਾਣ ਵਾਲੇ ‘ਨਾਇ’ ਤੋਂ ਵੱਖਰਾ ਹੈ। ਜਪੁਜੀ ਦੀ ਪਉੜੀ ਨੰ: 6 ਦੀ ਪਹਿਲੀ ਤੁਕ ਵਿਚ ਭੀ ‘ਨਾਇ’ ਸ਼ਬਦ ਮਿਲਦਾ ਹੈ, ਪਰ ਇਥੇ ‘ਕ੍ਰਿਆ’ ਹੈ, ਇਸ ਦਾ ਅਰਥ ਹੈ ‘ਨ੍ਹਾਇ ਕੇ’। ਸੋ ਇਹ ‘ਨਾਇ’ ਭੀ ‘ਸਾਚੁ ਨਾਇ’ ਵਾਲਾ ਨਹੀਂ ਹੈ। ਸ਼ਬਦ ‘ਨਾਈ’ ਭੀ ਜਪੁਜੀ ਵਿਚ ਹੇਠ ਲਿਖੀਆਂ ਤੁਕਾਂ ਵਿਚ ਵਰਤਿਆ ਗਿਆ ਹੈ:

(1) ਵਡਾ ਸਾਹਿਬ, ਵਡੀ ਨਾਈ, ਕੀਤਾ ਜਾ ਕਾ ਹੋਵੇ। (ਪਉੜੀ 21)

(2) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27) ਇੱਥੇ ਲਫ਼ਜ਼ ‘ਨਾਈ’ ਇਸਤ੍ਰੀ-ਲਿੰਗ ਹੈ। ਸੋ ਇਹ ਸ਼ਬਦ ਭੀ ‘ਸਾਚੁ ਨਾਇ’ ਤੋਂ ਵੱਖਰਾ ਹੈ। ਅਸਾਂ ਇਸ ਸ਼ਬਦ ‘ਨਾਇ’ ਦਾ ਅਰਥ ‘ਨਿਆਇ’ ਕੀਤਾ ਹੈ। ਇਸੇ ਤਰ੍ਹਾਂ ਹੇਠ-ਲਿਖੀ ਤੁਕ ਵਿਚ ਭੀ ‘ਨਾਈ’ ਤੋਂ ‘ਨਿਆਈ’ ਪਾਠ ਵਾਲਾ ਅਰਥ ਕਰੀਦਾ ਹੈ। ‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।’ (ਸੋਰਠਿ ਕਬੀਰ ਜੀ) ‘ਨਾਈ’ ਤੇ ‘ਨਿਆਈ’ ਦਾ ਅਰਥ ਹੈ ‘ਨਿਆਇ’। ਅੱਜ ਕੱਲ੍ਹ ਦੀ ਪੰਜਾਬੀ ਵਿਚ ਭੀ ਨਿਆਇ’ ‘ਨੀਵੇਂ ਥਾਉਂ’ ਨੂੰ ਆਖੀਦਾ ਹੈ। ਸੋ ਜਿਵੇਂ ਇਸ ਪ੍ਰਮਾਣ ਵਿਚ ‘ਨਾਈ’ ਨੂੰ ‘ਨਿਆਈ’ ਸਮਝ ਕੇ ਅਰਥ ਕਰੀਦਾ ਹੈ, ਤਿਵੇਂ ਇਸ ਲਫ਼ਜ਼ ‘ਨਾਇ’ ਨੂੰ ‘ਨਿਆਇ’ ਹੀ ਸਮਝਣਾ ਹੈ।

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’-ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।4।

ਸੋ ਉਸ ਅਕਾਲ ਪੁਰਖ ਦੀ ਬੋਲੀ ਪ੍ਰੇਮ ਹੈ। ਪ੍ਰੇਮ ਹੀ ਵਸੀਲਾ ਹੈ, ਜਿਸ ਦੀ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀਂ ਉਸ ਨਾਲ ਕਰ ਸਕਦੇ ਹਾਂ। ਲਫ਼ਜ਼ ‘ਏਵੈ’ ਪਰਗਟ ਕਰਦਾ ਹੈ ਕਿ ਇਸ ਪਉੜੀ ਦੀ ਤੀਜੀ ਤੇ ਚੌਥੀ ਤੁਕ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਅਖ਼ੀਰਲੀਆਂ ਤਿੰਨ ਤੁਕਾਂ ਹੈ-ਜੇ ਅੰਮ੍ਰਿਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫ਼ਤ-ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ। ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ ‘ਪ੍ਰੇਮ’। ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ ‘ਪ੍ਰੇਮ ਪਟੋਲਾ’ ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ ਪੰਜਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment