ਪਾਕਿਸਤਾਨ ਸਥਿਤ ਇਤਿਹਾਸਿਕ ‘ਗੁਰੂ ਨਾਨਕ ਮਹਿਲ’ ‘ਚ ਭੰਨ ਤੋੜ ਕਰ ਵੇਚਿਆ ਗਿਆ ਕੀਮਤੀ ਸਮਾਨ

TeamGlobalPunjab
3 Min Read

ਇਸਲਾਮਾਬਾਦ: ਪਾਕਿਸਤਾਨ ਦੀ ਨਾਪਾਕ ਹਰਕਤ ਇੱਕ ਬਾਰ ਫਿਰ ਸਾਹਮਣੇ ਆਈ ਹੈ ਉੱਥੋਂ ਦੇ ਪੰਜਾਬ ਸੂਬੇ ‘ਚ ਕੁਝ ਸਥਾਨਕ ਲੋਕਾਂ ਨੇ ਇਤਿਹਾਸਿਕ ‘ਗੁਰੂ ਨਾਨਕ ਮਹਿਲ’ ਦੇ ਇੱਕ ਵੱਡੇ ਹਿੱਸੇ ਨੂੰ ਤੋੜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਮੌਨ ਸਹਿਮਤੀ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਮਹਿਲ ‘ਚ ਭੰਨ ਟੋੜ ਕੀਤੀ ਗਈ ਹੈ। ਇੰਨਾ ਹੀ ਨਹੀਂ ਲੋਕਾਂ ਨੇ ਉੱਥੋਂ ਦੀਆਂ ਖਿੜਕੀਆਂ ਦਰਵਾਜ਼ਿਆਂ ਨੂੰ ਵੀ ਤੋੜ ਕੇ ਵੇਚ ਦਿੱਤਾ ਹੈ।

ਉੱਥੋਂ ਦੇ ਸਥਾਨਕ ਅਖਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ ਇਸ ਚਾਰ ਮੰਜ਼ਿਲਾ ਇਮਾਰਤ ਦੀਆਂ ਦੀਵਾਰਾਂ ‘ਤੇ ਸਿੱਖਾਂ ਦੇ ਪਹਿਲੇ ਗੁਰੂ ਦੀਆਂ ਤਸਵੀਰਾਂ ਤੋਂ
ਇਲਾਵਾ ਹਿੰਦੂ ਰਾਜਿਆਂ ਦੀਆਂ ਵੀ ਤਸਵੀਰਾਂ ਲੱਗੀਆ ਸਨ। ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਬਾਬਾ ਗੁਰੂ ਨਾਨਕ ਮਹਿਲ ਚਾਰ ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਆਇਆ ਕਰਦੇ ਹਨ।

ਇਸ ਵਿਚ ਦੱਸਿਆ ਗਿਆ ਹੈ ਕਿ ਸੂਬਾਈ ਰਾਜਧਾਨੀ ਲਾਹੌਰ ਤੋਂ ਕਰੀਬ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ ਵਿਚ ਬਣੇ ਇਸ ਮਹਿਲ ਵਿਚ 16 ਕਮਰੇ ਸਨ ਅਤੇ ਹਰੇਕ ਕਮਰੇ ਵਿਚ ਘੱਟੋ-ਘੱਟ ਤਿੰਨ ਨਾਜ਼ੁਕ ਦਰਵਾਜੇ ਅਤੇ ਚਾਰ ਰੋਸ਼ਨਦਾਨ ਸਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਓਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮੌਨ ਸਹਿਮਤੀ ਨਾਲ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਮਹਿਲ ਦੇ ਅੰਸ਼ਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀ ਖਿੜਕੀਆਂ, ਦਰਵਾਜੇ ਤੇ ਰੋਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਕ ਅਖਬਾਰ ਨੇ ਦੱਸਿਆ ਕਿ ਉਸ ਨੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਇਮਾਰਤ ਵਿਚ ਰਹਿਣ ਵਾਲੇ ਪਰਿਵਾਰ ਦੇ ਕਈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਮਾਰਤ ਦੀ ਕਾਨੂੰਨੀ ਸਥਿਤੀ ਕੀ ਹੈ, ਇਸ ਦਾ ਮਾਲਕ ਕੌਣ ਹੈ ਅਤੇ ਕਿਹੜੀ ਸਰਕਾਰੀ ਏਜੰਸੀ ਇਸ ਦਾ ਰਿਕਾਰਡ ਰੱਖਦੀ ਹੈ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਰ ਨੇ ਕਿਹਾ, ਮਾਲੀਆ ਰਿਕਾਰਡ ਵਿਚ ਇਸ ਇਮਾਰਤ ਦਾ ਕੋਈ ਜ਼ਿਕਰ ਨਹੀਂ ਹੈ। ਇਹ ਇਮਾਰਤ ਇਤਿਹਾਸਿਕ ਪ੍ਰਤੀਤ ਹੁੰਦੀ ਹੈ ਅਤੇ ਅਸੀਂ ਨਗਰਪਾਲਿਕਾ ਕਮੇਟੀ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਾਂ। ਈ.ਟੀ.ਪੀ.ਬੀ. ਸਿਆਲਕੋਟ ਖੇਤਰ ਦੇ ਰੈਂਟ ਕੁਲੈਕਟਰ ਰਾਣਾ ਵਹੀਦ ਨੇ ਕਿਹਾ,ਸਾਡੀ ਟੀਮ ਗੁਰੂ ਨਾਨਕ ਮਹਿਲ ਬਾਟਨਵਾਲਾ ਦੇ ਸੰਬੰਧ ਵਿਚ ਜਾਂਚ ਕਰ ਰਹੀ ਹੈ। ਜੇਕਰ ਇਹ ਜਾਇਦਾਦ ਈ.ਟੀ.ਪੀ.ਬੀ. ਦੀ ਹੈ ਤਾਂ ਇਸ ਵਿਚ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share this Article
Leave a comment