ਮਾਹਿਰਾਂ ਦਾ ਕਹਿਣਾ – ਸਰਕਾਰ ਬਣਨਾ ਜ਼ਰੂਰੀ ਭਾਵੇਂ ਖਿਚੜੀ ਸਰਕਾਰ ਬਣੇ ਜਾਂ ਫਿਰ ਬਹੁਮਤ ਨਾਲ

TeamGlobalPunjab
5 Min Read

ਬਿੰਦੁੂ ਸਿੰਘ

ਇੱਕ ਪਾਸੇ ਜਿੱਥੇ ਪੰਜਾਬ ਦੇ ਵਸਨੀਕਾਂ ਤੇ ਸਿਆਸਤਦਾਨਾਂ ਨੂੰ  ਚੋਣਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਹੇੈ ਉੱਥੇ ਹੀ ਇਸ ਵੇਲੇ  ਪੰਜਾਬ ਵਿੱਚ ਕਈ ਮੁੱਦੇ ਹੋਰ ਵੀ ਉੱਭਰ ਆਏ ਹਨ ਜੋ ਧਿਆਨ ਮੰਗਦੇ ਹਨ।
ਚੋਣ ਨਤੀਜੇ ਆਉਣ ਤੋਂ ਪਹਿਲਾਂ  ਇਕ ਪਾਸੇ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਵੱਡਾ ਬਣਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤੀਆਂ ‘ਚ ਪੰਜਾਬ ਤੋੰ ਜਿਹੜੇ ਵਿਦਿਆਰਥੀ ਗਏ ਹਨ, ਉਨ੍ਹਾਂ ਦੀ ਚਿੰਤਾ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ। ਹਾਲਾਂਕਿ ਪੰਜਾਬ ਸਰਕਾਰ ਦੇ  ਜਾਰੀ ਕੀਤੇ ਇੱਕ ਤਾਜ਼ਾ ਬਿਆਨ ਮੁਤਾਬਕ ਯੂਕਰੇਨ ਤੋਂ 225 ਵਿਦਿਆਰਥੀ ਵਾਪਸ ਪੰਜਾਬ ਪਰਤ ਆਏ ਹਨ।
ਬੀਬੀਐਮਬੀ ਤੇ  ਯੂਕਰੇਨ ਮਸਲੇ ਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਇਸੇ ਵਿਚਕਾਰ ਚੰਡੀਗੜ੍ਹ ਕੇੈਡਰ ਵਿੱਚ ਡੈਪੂਟੇਸ਼ਨ ਤੇ ਲਾਏ ਜਾਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਅਨੁਪਾਤ ਨੂੰ ਲੈ ਕੇ ਮਸਲਾ ਫੇਰ ਤੋਂ ਓਠ ਰਿਹਾ ਹੇੈ। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕੇਂਦਰ ‘ਚ ਕਾਬਜ਼ ਸਰਕਾਰਾਂ ਨੇ  ਪੰਜਾਬ ਨਾਲ ਵਿਤਕਰਾ ਕੀਤਾ ਹੋਵੇ। ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਵੇਖਿਆ ਜਾਵੇ ਤਾਂ ਮਹਾਰਾਜਾ  ਰਣਜੀਤ ਸਿੰਘ ਦੇ ਰਾਜ ਦੀ ਇੱਕ ਅਜਿਹੀ ਉਦਾਹਰਣ ਸਾਹਮਣੇ ਆ ਜਾਂਦੀ ਹੈ , ਜਿੱਥੇ ਨਿਆਂ ਤੇ ਬਰਾਬਰਤਾ ਵਡਮੁੱਲੇ ਸ਼ਬਦ ਸਨ।
ਪੰਜਾਬ ਵਿੱਚ ਬਹੁਤਾ ਸਮਾਂ  ਦੋ ਰਿਵਾਇਤੀ ਪਾਰਟੀਆਂ ਦਾ ਰਾਜ ਹੀ ਵਾਰੋ ਵਾਰੀ ਰਿਹਾ ਹੈ। ਅਕਾਲੀ ਦਲ ਨੇ ਜ਼ਰੂਰ 10 ਸਾਲ ਲਈ ਲਗਾਤਾਰ ਸੱਤਾ ਨੂੰ ਮਾਣਿਆ। ਇਸ ਵਾਰ  ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ  ਵਿਚਾਰਾਂ ਵਿੱਚ ਵੀ ਇੱਕ ਖਲਾਅ ਜਿਹਾ ਦੇਖਣ ਸੁਣਨ ਨੂੰ ਮਿਲਦਾ ਹੈ।ਕੁਝ ਲੋਕਾਂ ਦਾ ਮੰਨਣਾ ਹੈ ਕਿ  ਦੋਨੋਂ ਰਵਾਇਤੀ ਪਾਰਟੀਆਂ ਵਿੱਚ  ਲੋਕਾਂ ਦੀ ਬੇਭਰੋਸਗੀ ਨੂੰ ਵੇਖਦੇ ਹੋਏ  ਇਸ ਵਾਰ ਆਮ ਆਦਮੀ ਪਾਰਟੀ ਦਾ ਦਾਅ ਲੱਗ ਸਕਦਾ ਹੈ। ਪਰ ਕੁਝ ਲੋਕਾਂ ਦਾ ਖਿਆਲ ਹੈ ਕਿ ਪੰਜਾਬ ਵਿੱਚ ਰਿਵਾਇਤੀ ਪਾਰਟੀਆਂ ਫੇਰ ਭਾਵੇਂ  ਉਹ ਕਾਂਗਰਸ ਹੋਵੇ  ਜਾਂ ਫਿਰ  ਸ਼੍ਰੋਮਣੀ ਅਕਾਲੀ ਦਲ, ਸਰਕਾਰ ਚਲਾਉਣਾ ਇਨ੍ਹਾਂ ਦੋਹਾਂ ਦੇ ਹੀ ਵਸ ਦਾ ਕੰਮ ਹੈ।
ਪਰ ਮਾਹਿਰਾਂ ਨੂੰ ਇਹ ਵੀ ਲੱਗ ਰਿਹਾ ਹੈ ਕਿ  ਹੋ ਸਕਦਾ ਹੈ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲੇ ਤੇ ਮਿਲੀਜੁਲੀ  ਸਰਕਾਰ ਬਣੇ। ਉਹ ਗੱਲ ਵੱਖ ਹੈ ਕਿ ਕਿਹੜੀ ਪਾਰਟੀ ਦਾ ਗੱਠਜੋੜ ਕਿਸ ਪਾਰਟੀ ਨਾਲ ਹੁੰਦਾ ਹੈ ਤੇ ਇਸ ਤਰ੍ਹਾਂ ਬਣੀ ਖਿਚੜੀ ਸਰਕਾਰ ਕਿੰਨੀ ਕੁ ਦੇਰ ਚੱਲੇਗੀ।
ਜੇਕਰ ਰਾਜਨੀਤਿਕ ਸ਼ਾਸਤਰ ਦੀ ਗੱਲ ਕੀਤੀ ਜਾਵੇ  ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਸਿਆਸੀ ਗੱਠਜੋੜਾਂ ਦੇ ਵਿੱਚ  ਵੱਖ ਤੇ ਬਿਲਕੁੱਲ ਉਲਟ ਵਿਚਾਰਧਾਰਾ  ਵਾਲੀਆਂ ਪਾਰਟੀਆਂ ਵੀ ਸੱਤਾ  ਤੇ ਪਹੁੰਚਣ ਤੇ ਸਰਕਾਰ ਬਣਾਉਣ ਲਈ  ਚੋਣਾਂ ਤੋਂ ਬਾਅਦ ਵਾਲੇ  ਗੱਠਜੋੜ ਕਰ ਸਕਦੀਆਂ ਹਨ। ਇਸ ਦੀਆਂ ਕਈ ਮਿਸਾਲਾਂ   ਇਤਿਹਾਸ  ਵਿਚੋਂ ਮਿਲ ਜਾਣਗੀਆਂ।
ਪਰ ਇਸ ਵਾਰ  ਪੰਜਾਬ ਦੀਆਂ ਚੋਣਾਂ ਤੋਂ ਪਹਿਲੇ  ਸਿਆਸਤਦਾਨਾਂ ਵੱਲੋਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਅਦਲਾ ਬਦਲੀਆਂ ਦਾ ਸਿਲਸਿਲਾ  ਕੁਝ ਜ਼ਿਆਦਾ ਹੀ ਵੱਡੇ ਰੂਪ ਵਿੱਚ ਵੇਖਣ ਨੂੰ ਮਿਲਿਆ। ਹੁਣ ਇਸ ਤੋਂ ਕੀ ਅੰਦਾਜ਼ਾ ਲਾਇਆ ਜਾਵੇ  ਕਿ ਇੱਕ ਲੀਡਰ ਜਦੋਂ ਕਿਸੇ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਕੀ ਸੋਚ ਕੇ ਹੁੰਦਾ ਹੈ! ਜਾਂ ਫਿਰ ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ  ਕਿ ਕਈ ਵਾਰ ਪਾਰਟੀ ਸਹੀ ਨਹੀਂ ਸੀ  ਤੇ ਸ਼ਾਇਦ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾਣ ਵਾਲੇ ਲੀਡਰ ਨੂੰ ਇਹ ਲੱਗਦਾ ਹੈ  ਕਿ ਦੂਜੀ ਪਾਰਟੀ ਦੀ ਵਿਚਾਰਧਾਰਾ  ਜ਼ਿਆਦਾ ਸਹੀ ਹੈ।
ਬਹੁਤਾ ਕਰਕੇ ਵੇਖਿਆ ਜਾਵੇ  ਤਾਂ ਇਸ ਵਾਰ ਵੋਟਰ ਵੀ ਆਪਣੇ ਪਹਿਲਾਂ ਵਾਲੇ ਸੁਭਾਅ ਤੋਂ  ਕੁਝ ਵੱਖ ਹੀ  ਜ਼ਾਹਰ ਕਰਦਾ ਨਜ਼ਰ ਆਇਆ। ਇਸ ਵਾਰ ਵੋਟਰ ਚੁੱਪ ਨਜ਼ਰ ਆਇਆ। ਵੈਸੇ ਤਾਂ ਜੇ ਇੱਕ ਵਾਰ ਮੁੜ ਇਤਿਹਾਸ ਦੇ ਪੰਨਿਆਂ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਦੋਨੋਂ ਰਿਵਾਇਤੀ ਪਾਰਟੀਆਂ  ਦੇ ਹਿੱਸੇ ਚ ਹਰ ਪਿੰਡ ਚੋਂ  ਪੱਕੇ ਵੋਟਰ ਮਿਲ ਜਾਣਗੇ। ਆਮ ਆਦਮੀ ਪਾਰਟੀ  2017 ਯਾਨੀ  ਪਿਛਲੀਆਂ ਚੋਣਾਂ ਵਿੱਚ ਪਹਿਲੀ ਵਾਰ ਪੰਜਾਬ ਦੀ ਸਿਆਸਤ ਦੇ ਨਕਸ਼ੇ ਤੇ ਨਜ਼ਰ ਆਈ  ਤੇ ਚੋਣਾਂ ਵਿੱਚ ਨਿੱਤਰੀ ਸੀ। ਇਸ ਪਾਰਟੀ ਦੀ ਆਪਣੀ  ਰਣਨੀਤੀ ਸੀ ਤੇ ਇਸ ਵਾਰ ਵੀ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਹੀ ਵੋਟਰ ਨੂੰ  ਆਪਣੇ ਨਾਲ ਜੋੜਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ।
ਕਈ ਬੁੱਧੀਜੀਵੀਆਂ ਤੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਆਵੇ  ਪਰ ਸਰਕਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ  ਕਿਸ ਪਾਰਟੀ ਦੀ ਸਰਕਾਰ ਆਉਂਦੀ ਹੈ, ਕਿਸ ਗੱਠਜੋੜ ਨਾਲ ਸਰਕਾਰ ਬਣਦੀ ਹੈ ਜਾਂ ਫਿਰ ਮੁੱਖ ਮੰਤਰੀ ਕੌਣ ਬਣਦਾ ਹੈ  ਇਸ ਗੱਲ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਰਕਾਰ ਜ਼ਰੂਰ ਬਣਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅੱਜ ਇਸ ਮੋੜ ਤੇ ਖੜੋਤਾ ਹੈ, ਇਨ੍ਹਾਂ ਹਾਲਾਤਾਂ ਵਿੱਚ ਜਮਹੂਰੀ ਤਰੀਕੇ ਨਾਲ ਲੋਕਾਂ ਦੀ ਚੁਣੀ ਸਰਕਾਰ ਜ਼ਰੂਰ ਬਣਨੀ ਚਾਹੀਦੀ ਹੈ।

Share this Article
Leave a comment