Breaking News

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਛੇਵਾਂ ਰਾਗ ‘ਦੇਵਗੰਧਾਰੀ’ – ਡਾ. ਗੁਰਨਾਮ ਸਿੰਘ

ਵਿਦਵਾਨ ਦੇਵਗੰਧਾਰੀ ਰਾਗ ਨੂੰ ਸੰਗੀਤ ਜਗਤ ਦਾ ਪ੍ਰਾਚੀਨ ਤੇ ਅਪ੍ਰਚਲਿਤ ਰਾਗ ਮੰਨਦੇ ਹਨ ਪਰੰਤੂ ਦੇਵਗੰਧਾਰੀ ਰਾਗ ਦਾ ਪ੍ਰਚਲਨ ਗੁਰਮਤਿ ਸੰਗੀਤ ਪੱਧਤੀ ਤੋਂ ਇਲਾਵਾ ਭਾਰਤੀ ਸੰਗੀਤ ਵਿਚ ਘੱਟ ਹੀ ਮਿਲਦਾ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਸਵਰਮੇਲ ਕਲਾਨਿਧੀ ਅਤੇ ਸੰਗੀਤ ਪਾਰਿਜਾਤ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਪੁਸਤਕ ਰਾਗ ਵਿਆਕਰਣ ਅਨੁਸਾਰ ਭਾਰਤੀ ਸੰਗੀਤ ਵਿਚ ਦੇਵਗੰਧਾਰੀ ਰਾਗ ਦੇ ਤਿੰਨ ਸਰੂਪ ਪ੍ਰਚਾਰ ਵਿਚ ਹਨ : 1. ਆਸਾਵਰੀ ਅੰਗ, 2. ਆਸਾਵਰੀ ਅਤੇ ਆਸਾ ਅੰਗ, 3. ਤੋੜੀ ਅੰਗ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਨਾਂ ਦੇਵਗੰਧਾਰੀ ਤੋੜੀ ਵੀ ਮਿਲਦਾ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -6

6. ਦੇਵਗੰਧਾਰੀ ਰਾਗ

ਗੁਰਨਾਮ ਸਿੰਘ (ਡਾ.)*

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੇਵਗੰਧਾਰੀ ਰਾਗ ਨੂੰ ਰਾਗਾਤਮਕ ਕ੍ਰਮ ਵਿਚ ਛੇਵੇਂ ਸਥਾਨ ਤੇ ਪੰਨਾ ੫੨੭ ’ਤੇ ਅੰਕਿਤ ਹੈ। ਇਸ ਰਾਗ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਰੂਪ ਵਿਚ ਕੀਤੀ ਗਈ ਹੈ ਜਿਸ ਦੇ ਅੰਤਰਗਤ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਦੇਵਗੰਧਾਰੀ ਰਾਗ ਵਿਚ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਦੇ ਚਉਪਦੇ ਬਾਣੀ ਰੂਪ ਵਿਚ ਅੰਕਿਤ ਹਨ। ਇਸ ਰਾਗ ਵਿਚ ਭਗਤਾਂ ਦੁਆਰਾ ਰਚਿਤ ਬਾਣੀ ਉਪਲਬਧ ਨਹੀਂ ਜਿਸ ਤੋਂ ਇਸ ਰਾਗ ਦੇ ਗੁਰਮਤਿ ਸੰਗੀਤ ਨਾਲ ਅੰਤਰੀਵੀ ਮੌਲਿਕ ਸਬੰਧ ਪ੍ਰਗਟ ਹੁੰਦੇ ਹਨ।

ਵਿਦਵਾਨ ਦੇਵਗੰਧਾਰੀ ਰਾਗ ਨੂੰ ਸੰਗੀਤ ਜਗਤ ਦਾ ਪ੍ਰਾਚੀਨ ਤੇ ਅਪ੍ਰਚਲਿਤ ਰਾਗ ਮੰਨਦੇ ਹਨ ਪਰੰਤੂ ਦੇਵਗੰਧਾਰੀ ਰਾਗ ਦਾ ਪ੍ਰਚਲਨ ਗੁਰਮਤਿ ਸੰਗੀਤ ਪੱਧਤੀ ਤੋਂ ਇਲਾਵਾ ਭਾਰਤੀ ਸੰਗੀਤ ਵਿਚ ਘੱਟ ਹੀ ਮਿਲਦਾ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਸਵਰਮੇਲ ਕਲਾਨਿਧੀ ਅਤੇ ਸੰਗੀਤ ਪਾਰਿਜਾਤ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਪੁਸਤਕ ਰਾਗ ਵਿਆਕਰਣ ਅਨੁਸਾਰ ਭਾਰਤੀ ਸੰਗੀਤ ਵਿਚ ਦੇਵਗੰਧਾਰੀ ਰਾਗ ਦੇ ਤਿੰਨ ਸਰੂਪ ਪ੍ਰਚਾਰ ਵਿਚ ਹਨ : 1. ਆਸਾਵਰੀ ਅੰਗ, 2. ਆਸਾਵਰੀ ਅਤੇ ਆਸਾ ਅੰਗ, 3. ਤੋੜੀ ਅੰਗ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਨਾਂ ਦੇਵਗੰਧਾਰੀ ਤੋੜੀ ਵੀ ਮਿਲਦਾ ਹੈ।

ਆਧੁਨਿਕ ਥਾਟ ਪੱਧਤੀ ਅਨੁਸਾਰ ਦੇਵਗੰਧਾਰੀ ਕਿਸੇ ਥਾਟ ਦੇ ਅੰਤਰਗਤ ਨਹੀਂ ਆਉਂਦਾ ਕਿਉਂਕਿ ਇਹ ਇਕ ਜਟਿਲ ਰਾਗ ਹੈ। ਥਾਟ^ਉਪ^ਥਾਟ ਪੱਧਤੀ ਅਨੁਸਾਰ ਅਸੀਂ ਇਸ ਰਾਗ ਦਾ ਵਰਗੀਕਰਨ ਆਸਾਵਰੀ ਅਤੇ ਬਿਲਾਵਲ ਥਾਟ ਵਿਚ ਕਰ ਸਕਦੇ ਹਾਂ। ਗੁਰਮਤਿ ਸੰਗੀਤ ਵਿਚ ਇਸ ਰਾਗ ਦੇ ਆਸਾਵਰੀ, ਭੈਰਵ ਤੇ ਬਿਲਾਵਲ ਥਾਟ ਵਿਚ ਪ੍ਰਕਾਰ ਉਪਲਬਧ ਹਨ। ਆਸਾਵਰੀ ਥਾਟ ਦੇ ਦੇਵਗੰਧਾਰੀ ਰਾਗ ਵਿਚ ਦੋਵੇਂ ਧੈਵਤ ਦੋਵੇਂ ਨਿਸ਼ਾਦ ਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਸੁਰ ਮਧਿਅਮ ਤੇ ਸੰਵਾਦੀ ਸੁਰ ਸ਼ੜਜ ਹੈ। ਇਸ ਦੇ ਆਰੋਹ ਵਿਚ ਗੰਧਾਰ ਤੇ ਨਿਸ਼ਾਦ ਵਰਜਿਤ ਹਨ। ਇਸ ਰਾਗ ਦਾ ਅਵਰੋਹ ਸੰਪੂਰਨ ਹੈ। ਇਸ ਲਈ ਇਸ ਦੀ ਜਾਤੀ ਔੜਵ^ਸੰਪੂਰਨ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਭੈਰਵ ਥਾਟ ਦੇ ਦੇਵਗੰਧਾਰੀ ਰਾਗ ਵਿਚ ਦੋਵੇਂ ਧੈਵਤ ਅਤੇ ਦੋਵੇਂ ਨਿਸ਼ਾਦ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਰਾਗ ਦੀ ਜਾਤੀ ਔੜਵ^ਸੰਪੂਰਨ ਅਤੇ ਸਮਾਂ ਦਿਨ ਦਾ ਪਹਿਲਾ ਪਹਿਰ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਦੇਵਗੰਧਾਰੀ ਨੂੰ ਬਿਲਾਵਲ ਥਾਟ ਦਾ ਸੰਪੂਰਨ ਰਾਗ ਸਵੀਕਾਰਿਆ ਹੈ ਅਤੇ ਇਸ ਦਾ ਵਾਦੀ ਸੁਰ ਸ਼ੜਜ ਅਤੇ ਸੰਵਾਦੀ ਪੰਚਮ ਸਵੀਕਾਰਿਆ ਗਿਆ ਹੈ। ਗੁਰਮਤਿ ਸੰਗੀਤ ਵਿਚ ਰਾਗ ਨਿਰਣਾਇਕ ਕਮੇਟੀ ਅਤੇ ਹੋਰ ਕਈ ਵਿਦਵਾਨਾਂ ਨੇ ਦੇਵਗੰਧਾਰੀ ਦੇ ਸਰੂਪ ਨੂੰ ਇਸ ਤਰ੍ਹਾਂ ਪ੍ਰਵਾਨ ਕੀਤਾ ਹੈ ਕਿ ਇਸ ਰਾਗ ਵਿਚ ਦੋਵੇਂ ਧੈਵਤ, ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੇ ਆਰੋਹ ਵਿਚ ਗੰਧਾਰ ਤੇ ਨਿਸ਼ਾਦ ਵਰਜਿਤ ਹਨ। ਅਵਰੋਹ ਸੰਪੂਰਨ ਹੈ ਅਤੇ ਇਸ ਵਿਚ ਗੰਧਾਰ ਦੁਰਬਲ ਲਗਾਇਆ ਜਾਂਦਾ ਹੈ। ਇਸ ਲਈ ਇਸ ਦੀ ਜਾਤੀ ਔੜਵ^ਸੰਪੂਰਨ ਹੈ। ਇਸ ਦਾ ਵਾਦੀ ਸੁਰ ਮਧਿਅਮ ਤੇ ਸੰਵਾਦੀ ਸੁਰ ਸ਼ੜਜ ਹੈ। ਇਹ ਰਾਗ ਦਿਨ ਦੇ ਦੂਜੇ ਪਹਿਰ ਗਾਇਆ ਤੇ ਵਜਾਇਆ ਜਾਂਦਾ ਹੈ। ਇਸ ਦੇ ਆਰੋਹ ਵਿਚ ਸਾ, ਰੇ, ਮ, ਪ, ਧ, ਸਾ, ਸੁਰ ਲੱਗਦੇ ਹਨ ਅਤੇ ਅਵਰੋਹ ਵਿਚ ਸਾ, ਨੀ, ਧ, ਪ, ਮ, ਪ, ਧ (ਕੋਮਲ), ਨੀ (ਕੋਮਲ), ਧ (ਕੋਮਲ) ਪ, ਮ, ਗ, ਰੇ, ਸਾ।

ਦਸਮ ਗ੍ਰੰਥ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਰਚਨਾਵਾਂ ਵਾਂਗੂੰ ਦੇਵਗੰਧਾਰੀ ਵਿਚ ਵੀ ਕੁਝ ਸ਼ਬਦ ਰਚਨਾਵਾਂ ਅੰਕਿਤ ਹਨ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ ਦੇਵਗੰਧਾਰੀ ਰਾਗ ਦੀ ਬਾਣੀ ਅਧੀਨ ਹੀ ਇਕ ਦੇਵਗੰਧਾਰ ਰਾਗ ਦਾ ਪ੍ਰਯੋਗ ਵੀ ਮਿਲਦਾ ਹੈ। ਇਸ ਰਾਗ ਦੇ ਪ੍ਰਯੋਗ ਸਬੰਧੀ ਵਿਦਵਾਨਾਂ ਵਿਚ ਵਖਰੇਵਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਪੁਰਾਤਨ ਬੀੜਾਂ ਵਿਚ ਪੰਨਾ ੫੩੧ ’ਤੇ ਰਾਗ ਦੇਵਗੰਧਾਰੀ ਦੇ ਅੰਤਰਗਤ ਦੇਵਗੰਧਾਰ ਮਹਲਾ ਸਿਰਲੇਖ ਅਧੀਨ ਇਕ ਸ਼ਬਦ ਅਪੁਨੇ ਹਰਿ ਪਹਿ ਬਿਨਤੀ ਕਹੀਐ ਮਿਲਦਾ ਹੈ। ਵਰਤਮਾਨ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਿਚ ਰਾਗ ਦੇਵਗੰਧਾਰ ਦੀ ਥਾਂ ਦੇਵਗੰਧਾਰੀ ਹੀ ਅੰਕਿਤ ਹੈ। ਕੁਝ ਵਿਦਵਾਨ ਇਸ ਰਾਗ ਨੂੰ ਦੇਵਗੰਧਾਰੀ ਹੀ ਮੰਨਦੇ ਹਨ ਪਰੰਤੂ ਅਸੀਂ ਗੁਰਮਤਿ ਸੰਗੀਤ ਸੰਮੇਲਨ ਲਈ ਗਠਤਿ ਰਾਗ ਨਿਰਣਾਇਕ ਕਮੇਟੀ ਨੇ ਲੰਬੀ ਵਿਚਾਰ ਉਪਰੰਤ ਸੰਤ ਬਾਬਾ ਸੁੱਚਾ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਪ੍ਰੋਫ਼ੈਸਰ ਕਰਤਾਰ ਸਿੰਘ ਅਤੇ ਲੇਖਕ ਨੇ ਇਸ ਰਾਗ ਦੇ ਗਾਇਨ ਲਈ ਸਹਿਮਤੀ ਦਿੰਦਿਆਂ ਇਸ ਰਾਗ ਨੂੰ ਗੁਰਮਤਿ ਸੰਗੀਤ ਪੱਧਤੀ ਦੇ ਇਕ ਰਾਗ ਵਜੋਂ ਮਾਨਤਾ ਦਿੱਤੀ ਜਿਸ ਦਾ ਗਾਇਨ ਵਿਸ਼ੇਸ਼ ਰੂਪ ਵਿਚ ਕਰਵਾਇਆ ਗਿਆ।

ਭਾਰਤੀ ਸੰਗੀਤ ਵਿਚ ਇਹ ਰਾਗ ਨੂੰ ਅਪ੍ਰਚਲਿਤ ਰਾਗਾਂ ਦੀ ਸ਼੍ਰੇਣੀ ਅਧੀਨ ਰਖਿਆ ਗਿਆ ਹੈ। ਪ੍ਰਾਚੀਨ ਗ੍ਰੰਥਾਂ ਵਿਚ ਵੀ ਇਸ ਰਾਗ ਦਾ ਉਲੇਖ ਮਿਲਦਾ ਹੈ। ਦੇਵਗੰਧਾਰ ਰਾਗ ਦੇ ਨਾਦਾਤਮਕ ਸਰੂਪ ਚਾਰ ਪ੍ਰਕਾਰ ਦੇ ਮਿਲਦੇ ਹਨ, ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ। ਦੇਵਗੰਧਾਰ ਰਾਗ ਦੇ ਆਸਾਵਰੀ ਥਾਟ ਅਧੀਨ ਤਿੰਨ ਸਰੂਪ ਮਿਲਦੇ ਹਨ, ਜਿਨ੍ਹਾਂ ਵਿਚੋਂ ਪਹਿਲੇ ਪ੍ਰਕਾਰ ਵਿਚ ਵਿਦਵਾਨਾਂ ਨੇ ਇਸ ਦੀ ਜਾਤੀ ਸੰਪੂਰਨ ਮੰਨੀ ਹੈ, ਇਸ ਵਿਚ ਵਾਦੀ ਧੈਵਤ, ਸੰਵਾਦੀ ਗੰਧਾਰ ਸੁਰ ਮੰਨਿਆ ਹੈ। ਇਸ ਵਿਚ ਧੈਵਤ, ਨਿਸ਼ਾਦ ਕੋਮਲ ਅਤੇ ਦੋਵੇਂ ਗੰਧਾਰ ਵਰਤੇ ਜਾਂਦੇ ਹਨ। ਕੁਝ ਵਿਦਵਾਨ ਇਸੇ ਪ੍ਰਕਾਰ ਵਿਚ ਹੀ ਆਰੋਹ ਵਿਚ ਗੰਧਾਰ ਵਰਜਿਤ ਕਰਕੇ ਇਸ ਦੀ ਜਾਤੀ ਸ਼ਾੜਵ^ਸੰਪੂਰਨ ਮੰਨਦੇ ਹਨ। ਦੇਵਗੰਧਾਰ ਦੇ ਆਸਾਵਰੀ ਥਾਟ ਅਧੀਨ ਹੀ ਕੁਝ ਵਿਦਵਾਨ ਇਸ ਦੇ ਆਰੋਹ ਵਿਚ ਰਿਸ਼ਭ ਧੈਵਤ ਵਰਜਿਤ ਕਰਕੇ ਇਸ ਦੀ ਜਾਤੀ ਔੜਵ^ਸੰਪੂਰਨ ਮੰਨਦੇ ਹਨ। ਵਾਦੀ^ਸੰਵਾਦੀ ਗੰਧਾਰ^ਧੈਵਤ ਨੂੰ ਹੀ ਮੰਨਿਆ ਗਿਆ ਹੈ। ਇਸ ਵਿਚ ਗੰਧਾਰ, ਨਿਸ਼ਾਦ ਅਤੇ ਧੈਵਤ ਕੋਮਲ ਵਰਤੇ ਗਏ ਹਨ ਅਤੇ ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਮੰਨਿਆ ਗਿਆ ਹੈ। ਦੇਵਗੰਧਾਰ ਰਾਗ ਦਾ ਚੌਥਾ ਸਰੂਪ ਬਿਲਾਵਲ ਥਾਟ ਅਧੀਨ ਮਿਲਦਾ ਹੈ। ਇਸ ਰਾਗ ਦੀ ਜਾਤੀ ਔੜਵ^ਸੰਪੂਰਨ ਮੰਨੀ ਗਈ ਹੈ। ਇਸ ਰਾਗ ਦਾ ਵਾਦੀ ਸੁਰ ਪੰਚਮ ਅਤੇ ਸੰਵਾਦੀ ਸ਼ੜਜ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਮੰਨਿਆ ਜਾਂਦਾ ਹੈ। ਇਸ ਰਾਗ ਦਾ ਵਿਸਥਾਰ ਦਾ ਸਥਾਨ ਮੱਧ ਅਤੇ ਤਾਰ ਸਪਤਕ ਮੰਨਿਆ ਗਿਆ ਹੈ।

ਗੁਰਮਤਿ ਸੰਗੀਤ ਦੀ ਰਾਗ ਨਿਰਣਾਇਕ ਕਮੇਟੀ ਅਤੇ ਹੋਰ ਗੁਰਮਤਿ ਸੰਗੀਤ ਵਿਦਵਾਨਾਂ ਨੇ ਰਾਗ ਦੇਵਗੰਧਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਅਧੀਨ ਸੁਤੰਤਰ ਰਾਗ ਸਵੀਕਾਰਿਆ ਹੈ। ਇਸ ਰਾਗ ਨੂੰ ਆਸਾਵਰੀ ਥਾਟ ਅਧੀਨ ਇਸ ਦੇ ਆਰੋਹ ਵਿਚ ਗੰਧਾਰ ਵਰਜਿਤ ਕਰਕੇ ਸ਼ਾੜਵ^ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਅਤੇ ਵਾਦੀ^ਸੰਵਾਦੀ ਗੰਧਾਰ^ਧੈਵਤ ਨੂੰ ਹੀ ਪ੍ਰਵਾਨ ਕੀਤਾ ਹੈ। ਇਸ ਵਿਚ ਧੈਵਤ, ਨਿਸ਼ਾਦ ਕੋਮਲ ਅਤੇ ਦੋਵੇਂ ਨਿਸ਼ਾਦ ਵਰਤੇ ਗਏ ਹਨ। ਇਸ ਰਾਗ ਆਰੋਹ ਵਿਚ ਸ, ਰੇ ਮ ਪ ਧ (ਕੋਮਲ) ਮ, ਪ ਧ (ਕੋਮਲ) ਨੀ (ਕੋਮਲ) ਸਂ ਤੇ ਅਵਰੋਹ ਵਿਚ ਸਂ ਨੀ (ਕੋਮਲ) ਧ (ਕੋਮਲ) ਪ, ਮ ਮਗ (ਮ ਸੁਰ ਦੇ ਕਣਯੁਕਤ ਗ ਕੋਮਲ) ਰੇ ਸ, ਰੇ ਨੀ (ਕੋਮਲ) ਸ ਰੇ ਗ ਗ ਮ ਪ ਮਗ (ਮ ਸੁਰ ਦੇ ਕਣਯੁਕਤ ਗ ਕੋਮਲ) ਰੇ ਸ।

ਚਿੱਤਰਕਾਰ ਸ੍ਰੀ ਬੋਧਰਾਜ ਵੱਲੋਂ 1992 ਵਿਚ ਰਾਗ ਦੇਵਗੰਧਾਰੀ ਦਾ ਇਕ ਖੂਬਸੂਰਤ ਪੇਟਿੰਗ ਆਪਣੀ ਕਲਪਨਾ ਅਨੁਸਾਰ ਤਿਆਰ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਹਰਿਮੰਦਰ ਸਾਹਿਬ ਦੇ ਪਰਿਪੇਖ ਵਿਚ ਦੇਗਵੰਧਾਰੀ ਰਾਗ ਨੂੰ ਚਿਤਰਿਆ ਹੈ।

ਰਾਗ ਦੇਵਗੰਧਾਰੀ ਦਾ ਗਾਇਨ ਗੁਰਮਤਿ ਸੰਗੀਤ ਦੇ ਕੀਰਤਨਕਾਰਾਂ ਵਲੋਂ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ। ਭਾਈ ਬਖਸ਼ੀਸ਼ ਸਿੰਘ, ਭਾਈ ਦਿਲਬਾਗ ਸਿੰਘ ਗੁਲਾਬ ਸਿੰਘ, ਭਾਈ ਬਲਬੀਰ ਸਿੰਘ, ਪ੍ਰੋਫ਼ੈਸਰ ਕਰਤਾਰ ਸਿੰਘ, ਡਾH ਗੁਰਨਾਮ ਸਿੰਘ (ਲੇਖਕ), ਪ੍ਰੋਫ਼ੈਸਰ ਸੁਰਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਗੁਰਮੀਤ ਸਿੰਘ, ਪ੍ਰੋਫ਼ੈਸਰ ਕੁਲਵੰਤ ਸਿੰਘ ਚੰਦਨ, ਪ੍ਰੋਫ਼ੈਸਰ ਪਰਮਜੋਤ ਸਿੰਘ ਆਦਿ ਸਮੇਤ ਪ੍ਰਮੁੱਖ ਕੀਰਤਨਕਾਰ ਤੇ ਗੁਰਮਤਿ ਸੰਗੀਤ ਦੇ ਵਿਦਵਾਨ ਇਸ ਰਾਗ ਦਾ ਗਾਇਨ ਸਮੇਂ ਸਮੇਂ ‘ਤੇ ਕਰਦੇ ਰਹੇ ਹਨ। ਇਨ੍ਹਾਂ ਕੀਰਤਨਕਾਰਾਂ ਦੀ ਆਵਾਜ਼ ਵਿਚ ਇਸ ਰਾਗ ਦਾ ਗਾਇਨ www.gurmatsangeetpup.com, www.vismaadnaad.org., www.youtube.com, www.jawadditaksal.org ਵੈੱਬਸਾਈਟਸ ਤੋਂ ਵੀ ਸੁਣਿਆ ਜਾ ਸਕਦਾ ਹੈ।

*drgnam@yahoo.com 

Check Also

ਬਜ਼ੁਰਗਾਂ ‘ਚ ‘ਇਕੱਲਤਾ’ ਨੂੰ ਦੂਰ ਕਰਨ ਲਈ ‘ਪਿੰਡ ਦੀ ਸੱਥ’ ਸੰਕਲਪ ਨੂੰ ਸ਼ਹਿਰੀ ਖੇਤਰਾਂ ‘ਚ ਲਾਗੂ ਕੀਤਾ ਜਾਵੇਗਾ: ਡਾ.ਬਲਜੀਤ ਕੌਰ

ਲੁਧਿਆਣਾ/ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਕੂਲਾਂ …

Leave a Reply

Your email address will not be published. Required fields are marked *