ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ ਗਿਆਰਵੇਂ ਸ਼ਬਦ ਦੀ ਵਿਚਾਰ – Shabad Vichaar -11

TeamGlobalPunjab
5 Min Read

ਮਨ ਦੀ ਬਲਵਾਨ ਦੁਨੀਆਂ ਨੂੰ ਜਿੱਤਣਾ ਹੈ ਬੜਾ ਮੁਸ਼ਕਲ ਪਰ …

-ਡਾ. ਗੁਰਦੇਵ ਸਿੰਘ

ਮਨ ਨੂੰ ਕਿੰਨਾ ਸਮਝਾਈ ਦਾ ਹੈ ਪਰ ਇਹ ਹੈ ਕਿ ਟੱਸ ਤੋਂ ਮੱਸ ਨਹੀਂ ਹੁੰਦਾ। ਅਕਸਰ ਅਸੀਂ ਮਨ ਦੇ ਕੋਲੋਂ ਮਜ਼ਬੂਰ ਹੋ ਜਾਂਦੇ ਹਨ। ਇਸ ਦੀ ਪਕੜ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ ਜੇ ਦੇਖਿਆ ਜਾਵੇ ਤਾਂ ਜ਼ਿੰਦਗੀ ਦੀ ਖੇਡ ਹੀ ਮਨ ‘ਤੇ ਆ ਟਿੱਕ ਹੋਈ ਹੈ। ਜਦੋਂ ਮਨ ਦੀ ਨਬਜ ਪਕੜ ਵਿੱਚ ਆ ਗਈ ਤਾਂ ਜੀਵਨ ਦੀ ਖੇਡ ਵੀ ਸਮਝ ਆ ਜਾਵੇਗੀ ਪਰ ਮਨ ਨੂੰ ਕਿਵੇਂ ਵਸ ਵਿੱਚ ਕੀਤਾ ਜਾ ਸਕਦਾ ਹੈ।  ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਵਿੱਚ ਚੰਚਲ ਤੇ ਬਲਵਾਨ ਮਨ ਨੂੰ ਪਕੜਨ ਦਾ ਰਾਹ ਦਰਸਾਇਆ ਗਿਆ ਹੈ।

ਅੱਜ ਅਸੀਂ ਯਹ ਮਨੁ ਨੈਕ ਨ ਕਹਿਓ ਕਰੈ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਦੇਵਗੰਧਾਰੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 536 ‘ਤੇ ਅੰਕਿਤ ਹੈ। ਇਸ ਤੋਂ ਪਹਿਲਾਂ ਆਸਾ ਰਾਗ ਵਿਚਲੇ ਸ਼ਬਦ ਦੀ ਵੀਚਾਰ ਕੀਤੀ ਸੀ। ਆਸਾ ਰਾਗ ਵਿੱਚ ਨੌਵੇਂ ਗੁਰੂ ਦਾ ਇੱਕ ਹੀ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਸੰਗੀਤਮਈ ਰੂਪ ਵਿੱਚ ਕੀਤਾ ਗਿਆ ਹੈ। ਮੁੱਖ 31 ਰਾਗਾਂ ਦੇ ਅੰਤਰਗਤ ਬਾਣੀ ਨੂੰ ਸੰਪਾਦਿਤ ਕੀਤਾ ਗਿਆ ਹੈ। 31 ਰਾਗਾਂ ਦੇ ਅੰਤਰਗਤ 31 ਹੋਰ ਰਾਗ ਪ੍ਰਕਾਰ ਦਰਜ ਹਨ। ਇਹਨਾਂ ਬਾਰੇ ਜਾਨਣ ਲਈ ਐਤਵਾਰ ਨੂੰ ਸ਼ਾਮੀ 6 ਵਜੇ ਪ੍ਰਕਾਸ਼ਿਤ ਹੋ ਰਹੇ ਗੁਰਮਤਿ ਸੰਗੀਤਅਚਾਰੀਆ ਡਾ. ਗੁਰਨਾਮ ਸਿੰਘ ਜੀ ਦੇ ਖੋਜ ਪੱਤਰਾਂ ਨਾਲ ਆਪ ਜੁੜ ਸਕਦੇ ਹੋ। ਅੱਜ ਦਾ ਸ਼ਬਦ ਜੋ ਦੇਵਗੰਧਾਰੀ ਰਾਗ ਦੇ ਅੰਤਰਗਤ ਅੰਕਿਤ ਹੈ, ਇਸ ਵਿੱਚ ਨੌਵੇਂ ਨਾਨਕ  ਮਨ ਨੂੰ ਵਾਰ ਵਾਰ ਸਮਝਾਉਂਣ ਦਾ ਉਪਦੇਸ਼ ਕਰ ਰਹੇ ਹਨ:

ੴ ਸਤਿਗੁਰ ਪ੍ਰਸਾਦਿ॥ ਰਾਗੁ ਦੇਵਗੰਧਾਰੀ ਮਹਲਾ ੯॥

- Advertisement -

ਯਹ ਮਨੁ ਨੈਕ ਨ ਕਹਿਓ ਕਰੈ॥

ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ॥੧॥ਰਹਾਉ॥

ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ।੧।ਰਹਾਉ।

ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ॥

ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥੧॥

- Advertisement -

ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ।੧।

ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥

ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ॥੨॥੧॥

ਹੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਹੇ ਨਾਨਕ! ਮੁੜ ਇਸ ਨੂੰ) ਆਖ-(ਹੇ ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ।੨।੧।

ਮਨ ਦੀ ਪ੍ਰਵਿਤੀ ਬਹੁਤ ਬਲਵਾਨ ਹੈ ਇਹ ਮਨ ਰਤਾ ਭਰ ਭੀ ਕਹਿਣੇ ਵਿੱਚ ਨਹੀਂ ਹੈ। ਇਸ ਨੂੰ ਸਮਝਾ ਸਮਝਾ ਕੇ ਥੱਕ ਗਿਆ ਹਾਂ, ਇਹ ਆਪਣੀ ਖੋਟੀ ਮਤਿ ਛੱਡਣਾ ਹੀ ਨਹੀਂ ਚਾਹੁੰਦਾ। ਇਹ ਮਨ ਮਾਇਆ ਦੇ ਨਸ਼ੇ ਵਿੱਚ ਝੱਲਾ ਹੋਇਆ ਪਿਆ ਹੈ, ਬਹੁਰੂਪੀਆਂ ਬਣੀ ਵੱਖ ਵੱਖ ਵਿਖਾਵੇ ਕਰ ਕੇ ਇਹ ਮਨ ਦੁਨੀਆਂ ਨੂੰ ਠੱਗਦਾ ਰਹਿੰਦਾ ਹੈ ਮਾਇਆ ਇੱਕਠੀ ਕਰਨ ਵਿੱਚ ਲੱਗਾ ਰਹਿੰਦਾ ਹੈ ਪਰ ਫਿਰ ਵੀ ਇਹ ਸੰਤੁਸ਼ਟ ਨਹੀਂ ਹੁੰਦਾ। ਇਸ ਦੀ ਹਾਲਤ ਕੁੱਤੇ ਦੀ ਪੂਛ ਵਾਂਗ ਹੈ ਜੋ ਕਦੇ ਸਿੱਧੀ ਨਹੀਂ ਹੋ ਸਕਦੀ ਪਰ  ਇਹ ਮਨ ਜਿੰਨਾ ਮਰਜੀ ਵੀ ਢੀਠ ਕਿਉਂ ਨਾ ਹੋਵੇ ਇਸ ਨੂੰ ਵਾਰ ਵਾਰ ਸਮਝਾਉਣਾ ਚਾਹੀਦਾ ਹੈ ਕਿ ਇਹ ਸਭ ਮੋਹ ਮਾਇਆ ਦਾ ਛਲਾਵਾ ਹੀ ਹੈ। ਇਸ ਲਈ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਹੀ ਸੰਸਾਰ ਵਿੱਚ ਆਉਂਣ ਦਾ ਮਨੋਰਥ ਸੰਪੂਰਨ ਹੋਵੇਗਾ। ਮਨ ਦੀ ਇਸ ਬਲਵਾਨ ਦੁਨੀਆਂ ਨੂੰ ਬੇਸ਼ੱਕ ਜਿੱਤਣਾ ਬੜਾ ਮੁਸ਼ਕਲ ਪਰ ਇਹ ਅਸੰਭਵ ਵੀ ਨਹੀਂ ਇਸ ਨੂੰ ਜਿੱਤਿਆ ਜਾ ਸਕਦਾ ਹੈ।

ਕੱਲ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਗਿਆਰਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਜਾਂਦਾ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment