ਇੰਝ ਲੱਗਦਾ ਹੈ ਕਿ ਜਿਵੇਂ ਰਾਧਾ ਸਵਾਮੀ ਡੇਰਾ ਬਿਆਸ ਦਾ ਵਿਵਾਦਾਂ ਦੇ ਨਾਲ ਨਾਤਾ ਹੀ ਜੁੜ ਗਿਆ ਹੋਵੇ, ਪਹਿਲਾਂ ਡੇਰਾ ਮੁਖੀ ਗੁਰਿੰਦਰ ਢਿੱਲੋਂ ‘ਤੇ ਕਿਸਾਨਾਂ ਦੀ ਜ਼ਮੀਨ ਦੱਬਣ ਦੇ ਇਲਜ਼ਾਮ ਲੱਗੇ, ਫਿਰ ਮਾਲਵਿੰਦਰ ਅਤੇ ਸ਼ਿਵਿੰਦਰ ਭਰਾਵਾਂ ਦੇ ਰਨਬੈਕਸੀ ਮਾਮਲੇ ‘ਚ ਗੁਰਿੰਦਰ ਢਿੱਲੋਂ ਨੂੰ ਦਿੱਲੀ ਹਾਈ ਕੋਰਟ ਨੇ 14 ਨਵੰਬਰ ਨੂੰ ਅਦਾਲਤ ਪੇਸ ਹੋਣ ਦੇ ਹੁਕਮ ਦਿੱਤੇ ਅਤੇ ਹੁਣ ਡੇਰੇ ਦੀ ਪ੍ਰਚਾਰਕ ਦੱਸੀ ਜਾਂਦੀ ਬਬੀਤਾ ਰਾਧਾ ਸੁਆਮੀ ਨਾਮਕ ਮਹਿਲਾ ਨੇ ਯੂਟਿਊਬ ‘ਸ਼ਰਦਾ ਚੈਨਲ’ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗੁਰਿੰਦਰ ਢਿੱਲੋਂ ਦੀ ਤੁਲਨਾ ਕੀਤੀ ਹੈ। ਜਿਸ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦਰਅਸਲ ਇਹ ਵਾਇਰਲ ਹੋ ਰਹੀ ਆਡੀਓ ਵਿੱਚ ਪਹਿਲਾਂ ਤਾਂ ਪ੍ਰਚਾਰ ਕਰ ਰਹੀ ਮਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸ਼ਾ ਕਰਦੀ ਹੈ ਅਤੇ ਫਿਰ ਕਹਿੰਦੀ ਹੈ ਕਿ ਬਿਲਕੁਲ ਉਸੇ ਤਰ੍ਹਾਂ ਉਨ੍ਹਾਂ ਦੇ ਬਾਬਾ ਜੀ ਹਨ। ਇਹ ਆਡੀਓ ਸਾਹਮਣੇ ਆਉਣ ‘ਤੇ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਇਸ ਆਡੀਓ ‘ਤੇ ਸਖਤ ਇਤਰਾਜ਼ ਜਤਾਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੰਨੀ ਦਿਨੀਂ ਪੰਜਾਬ ਫਿਰਕਾਪ੍ਰਸਤੀਆਂ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇੱਥੇ ਲਗਾਤਾਰ ਵਿਵਾਦ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਸ਼ਾਂਤੀ ਆਉਂਦੀ ਹੈ ਤਾਂ ਅਜਿਹੀਆਂ ਅੱਗ ਲਾਉਣ ਵਾਲੀਆਂ ਗੱਲਾਂ ਸਾਹਮਣਾ ਆਉਂਦੀਆਂ ਹਨ ਅਤੇ ਇਸ ਵਿੱਚ ਸਿੱਖ ਕੌਮ ਨੂੰ ਜਿਆਦਾ ਵਰਤਿਆ ਜਾਂਦਾ ਹੈ।
ਭਾਈ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਵਿੱਚ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਵੀ ਜਿੰਮੇਵਾਰ ਹੈ ਕਿਉਂਕਿ ਉਹ ਆਪਣੇ ਅਕਾਵਾਂ ਬਾਦਲਾਂ ਵੱਲ ਦੇਖ ਰਹੇ ਹਨ ਅਤੇ ਬਾਦਲਾਂ ਦਾ ਸਬੰਧ ਗੁਰਿੰਦਰ ਸਿੰਘ (ਡੇਰਾ ਬਿਆਸ ਮੁਖੀ) ਨਾਲ ਹੈ। ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਗੁਰੂਆਂ ਦਾ ਮਜ਼ਾਕ ਬਣਾਉਦੇ ਹਨ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਅਜਿਹੀ ਗਲਤੀ ਕਰਨ ਦੀ ਹਿੰਮਤ ਨਾ ਕਰ ਸਕੇ।