ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮਾਂ ਨੂੰ ਸਮਰਪਿਤ ਕੀਤਾ ਵੱਡਾ ਐਲਾਨ! ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

TeamGlobalPunjab
2 Min Read

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ। ਇਸੇ ਸਿਲਸਿਲੇ ‘ਚ ਥਾਂ ਥਾਂ ‘ਤੇ ਲੰਗਰ ਵੀ ਲਗਾਏ ਜਾ ਰਹੇ ਹਨ। ਕੁਝ ਅਜਿਹਾ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਜਿਸ ਦੀ ਪੁਸ਼ਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਬੁਲਾਰੇ ਸੁਦੀਪ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 8 ਨਵੰਬਰ ਨੂੰ ਛੇ ਅਤੇ 9 ਨਵੰਬਰ ਨੂੰ ਪੰਜ ਥਾਵਾਂ ‘ਤੇ ਲੰਗਰ ਲਗਾਏ ਜਾ ਰਹੇ ਹਨ।

ਸੁਦੀਪ ਸਿੰਘ ਨੇ ਦੱਸਿਆ ਕਿ  8 ਨਵੰਬਰ ਨੂੰ ਸੰਜੇ ਗਾਂਧੀ ਕੈਂਸਰ ਹਸਪਤਾਲ (ਰੋਹਿਣੀ), ਮਾਰਬਲ ਮਾਰਕਿਟ (ਰਾਜੌਰੀ ਗਾਰਡਨ), ਜੈ ਪ੍ਰਕਾਸ਼ ਨਰਾਇਣ ਹਸਪਤਾਲ (ਦਿੱਲੀ ਗੇਟ), ਗੁਰੂ ਤੇਗ ਬਹਾਦਰ ਹਸਪਤਾਲ (ਜਮਨਾਪੁਰ), ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਨਹਿਰੂ ਪਲੇਸ ਵਿਚ ਲੰਗਰ ਲਗਾਇਆ ਜਾਵੇਗਾ। ਜਦੋਂ ਕਿ 9  ਨਵੰਬਰ ਨੂੰ ਤਿਲਕ ਨਗਰ ਮੈਟਰੋ ਸਟੇਸ਼ਨ ਚੌਂਕ, ਟੀ ਬੀ ਹਸਪਤਾਲ, ਕਿੰਗਜਵੇ ਕੈਂਪ, ਸੀ ਆਰ ਪੀ ਕੈਂਪ ਸਾਹਿਬਪੁਰਾ, ਲੋਨੀ ਬਾਰਡਰ ਅੇਤ ਗੁਰਮਤਿ ਵਿਦਿਆਲਿਆ ਅੰਘੇਰੀਆ ਮੋੜ ਮਹਿਰੋਲੀ ਵਿਖੇ ਲੰਗਰ ਲਗਾਏ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਇਹ ਲੰਗਰ ਲਗਾਉਣ ਦਾ ਮਕਸਦ ਗੈਰ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਦਿੱਤੇ ਸੰਦੇਸ਼ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਵੱਲੋਂ ਲੰਗਰ ਪ੍ਰਥਾ ਦੀ ਸ਼ੁਰੂਆਤ ਦੀ ਜਾਣਕਾਰੀ ਦੇਣਾ ਹੈ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ‘ਤੇ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ  9, 10 ਅਤੇ 11 ਤਾਰੀਖ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ, ਬੰਗਲਾ ਸਾਹਿਬ ਤੇ ਨਾਨਕ ਪਿਆਓ ਸਾਹਿਬ ਵਿਖੇ ਦੀਵਾਨ ਵੀ ਸਜਾਏ ਜਾ ਰਹੇ ਹਨ ਅਤੇ 11 ਤਾਰੀਕ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਓ ਤੱਕ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਅਤੇ 12 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਮੁੱਖ ਸਮਾਗਮ ਕੀਤੇ ਜਾਣਗੇ।

- Advertisement -

Share this Article
Leave a comment