ਨਵੀਂ ਦਿੱਲੀ : ਬੀਤੀ ਕੱਲ੍ਹ ਦਿੱਲੀ ਅੰਦਰ ਇੱਕ ਰਿਹਾਇਸ਼ੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਅੱਗ ਕਾਰਨ 43 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਜ਼ਖਮੀ ਹੋਏ। ਇਸ ਮਾਮਲੇ ‘ਤੇ ਹੁਣ ਸਿਆਸਤਦਾਨਾਂ ਵਿਚਕਾਰ ਬਿਆਨੀ ਜੰਗ ਸ਼ੁਰੂ ਹੋ ਗਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਵਿੱਚ ਲੱਗੀ ਅੱਗ ‘ਤੇ ਜਿੱਥੇ ਸੋਗ ਜ਼ਾਹਰ ਕੀਤਾ ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ‘ ਤੇ ਵੀ ਕਾਫੀ ਤੰਜ ਕਸੇ। ਤਿਵਾੜੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਜਗ੍ਹਾ ਫੈਕਟਰੀ ਸੀ, ਉਥੇ ਉਸ ਫੈਕਟਰੀ ਵਿੱਚ ਤਕਰੀਬਨ 100 ਮਜ਼ਦੂਰ ਕੰਮ ਕਰਦੇ ਸਨ। ਤਿਵਾੜੀ ਨੇ ਕਿਹਾ ਕਿ ਮਜ਼ਦੂਰ ਅੱਗ ਲੱਗਣ ‘ਤੇ ਫੈਕਟਰੀ ਤੋਂ ਬਾਹਰ ਕਿਉਂ ਨਹੀਂ ਨਿਕਲ ਸਕੇ?
ਤਿਵਾੜੀ ਨੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਕਿਤੇ ਅਜਿਹਾ ਤਾਂ ਨਹੀਂ ਸੀ ਕਿ ਫੈਕਟਰੀ ਨੂੰ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ ਜਿਸ ਕਾਰਨ ਉਹ ਬਾਹਰ ਨਹੀਂ ਆ ਸਕੇ ਇਸ ਦੀ ਵੀ ਜਾਂਚ ਹੋਣ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਫੈਕਟਰੀ ਆਮ ਆਦਮੀ ਪਾਰਟੀ ਦੇ ਵਰਕਰ ਦੀ ਹੈ ਅਤੇ ਇਥੋਂ ਦੇ ਕਾਰਪੋਰੇਟ ਆਮ ਆਦਮੀ ਪਾਰਟੀ ਦੇ ਹਨ, ਫਿਰ ਆਮ ਆਦਮੀ ਪਾਰਟੀ ਦੀ ਜਵਾਬਦੇਹੀ ਸਿੱਧੇ ਤੌਰ ‘ਤੇ ਇਸ ਮਾਮਲੇ ਵਿੱਚ ਕਿਉਂ ਨਹੀਂ ਕੀਤੀ ਜਾਂਦੀ। ਮਨੋਜ ਤਿਵਾੜੀ ਨੇ ਕਿਹਾ ਕਿ ਘਟਨਾ ਤੋਂ 1 ਘੰਟਾ ਬਾਅਦ ਦਿੱਲੀ ਦੇ ਮੁੱਖ ਮੰਤਰੀ ਬੁਰਾਡੀ ਵਿਖੇ ਇੱਕ ਰਿਸੈਪਸ਼ਨ ਤੇ ਗਏ ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਦਿੱਲੀ ਵਿੱਚ 45 ਲੋਕਾਂ ਦੀ ਜਾਨ ਚਲੀ ਗਈ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਇੱਕ ਘੰਟਾ ਬਾਅਦ ਸੱਜਣ ਸਭਾ ‘ਚ ਚਲੇ ਜਾਂਦੇ ਹਨ। ਮਨੋਜ ਤਿਵਾੜੀ ਨੇ ਦਿੱਲੀ ਦੀ ਸਾਈਕਲ ਐਂਬੂਲੈਂਸ ਯੋਜਨਾ ‘ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸਾਹਮਣੇ ਆਈਆਂ ਵੀਡੀਓਜ਼ ਅਤੇ ਫੋਟੋਆਂ ਨੂੰ ਦੇਖਣ ‘ਤੇ ਪਤਾ ਲਗਦਾ ਹੈ ਕਿ ਉੱਥੇ ਕਿੱਧਰੇ ਵੀ ਸਾਈਕਲ ਐਂਬੂਲੈਂਸ ਸਾਹਮਣੇ ਨਹੀਂ ਆਈ ਅਤੇ ਨਾ ਹੀ ਬਾਈਕ ਐਂਬੂਲੈਂਸ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 9 ਕਰੋੜ ਰੁਪਏ ਦੀ ਸਾਈਕਲ ਐਂਬੂਲੈਂਸ ਲਈ ਮੁਹਿੰਮ ਚਲਾਈ ਸੀ।