ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾਵਾਇਰਸ (ਕੋਵਿਡ-19) ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਹਰ ਰੋਜ ਵਾਧਾ ਹੋ ਰਿਹਾ ਹੈ। ਜਿਸ ਨਾਲ ਇਹ ਅੰਕੜਾ ਵੱਧ ਕੇ 639 ਤੱਕ ਪਹੁੰਚ ਚੁੱਕਾ ਹੈ। ਦੇਸ਼ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 15 ਹੋ ਗਈ ਹੈ।
ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਇੱਕ 65 ਸਾਲਾਂ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਸ੍ਰੀਨਗਰ ਦੇ ਸੀਡੀ ਹਸਪਤਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਕੋਰੋਨਾਵਾਇਰਸ ਨਾਲ ਮੌਤ ਦਾ ਇਹ ਪਹਿਲਾਂ ਮਾਮਲਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲਨਾਡੂ ਦੇ ਮਦੁਰੈ (54 ਸਾਲ), ਮੱਧ ਪ੍ਰਦੇਸ਼ ਦੇ ਉੱਜੈਨ (65 ਸਾਲ) ਅਤੇ ਗੁਜਰਾਤ ਦੇ ਅਹਿਮਦਾਬਾਦ (85 ਸਾਲ) ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਦੱਸ ਦਈਏ ਕਿ ਪੂਰੇ ਦੇਸ਼ ਵੱਲੋਂ ਇਸ ਖਤਰਨਾਕ ਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਬੁੱਧਵਾਰ ਤੋਂ ਦੇਸ਼ ਵਿੱਚ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ ਤਾਂ ਜੋ ਇਸ ਵਾਇਰਸ ਦੀ ਕੜੀ ਨੂੰ ਤੋੜਿਆ ਜਾ ਸਕੇ। ਅੱਜ ਲਾਕਡਾਊਨ ਦਾ ਦੂਜਾ ਦਿਨ ਹੈ। ਹਾਲਾਂਕਿ ਸਰਕਾਰ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ ਪਰ ਕਈ ਥਾਵਾਂ ‘ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ਵ ਪੱਧਰ ‘ਤੇ 195 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੱਖ 50 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਇਟਲੀ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਟਲੀ ‘ਚ ਵਾਇਰਸ ਨਾਲ 7500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 74 ਹਜ਼ਾਰ ਤੋਂ ਵੱਧ ਲੋਕ ਵਾਇਰਸ ਦੀ ਲਪੇਟ ਵਿੱਚ ਹਨ।