ਕੋਵਿਡ-19 : ਵਾਇਰਸ ਕਾਰਨ 100 ਕਰੋੜ ਤੋਂ ਵੱਧ ਲੋਕ ਘਰਾਂ ਅੰਦਰ ਬੰਦ, ਹੁਣ ਤੱਕ ਦੁਨੀਆ ਭਰ ‘ਚ 16 ਹਜ਼ਾਰ ਲੋਕਾਂ ਦੀ ਮੌਤ

TeamGlobalPunjab
2 Min Read

ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਨੇ ਹੁਣ ਤੱਕ ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਦੁਨੀਆ ਦੇ ਕਈ ਦੇਸ਼ਾਂ ਨੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਲਗਭਗ 100 ਕਰੋੜ ਲੋਕ ਆਪਣੇ ਘਰਾਂ ਅੰਦਰ ਬੰਦ ਹਨ।

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 16,000 ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਲੱਖ 50 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਇਸ ਦੇ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਚੀਨ ‘ਚ (81,093) ਅਤੇ ਇਟਲੀ ‘ਚ (63,927) ਸਾਹਮਣੇ ਆਏ ਹਨ।

ਚੀਨ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਇਟਲੀ ‘ਚ ਹੋਈਆਂ ਹਨ। ਕੋਰੋਨਾ ਨਾਲ ਹੁਣ ਤਕ ਇਟਲੀ ‘ਚ 6,077 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 63,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ।  ਕੋਰੋਨਾਵਾਇਰਸ ਨਾਲ ਅਮਰੀਕਾ ‘ਚ ਇੱਕ ਦਿਨ ‘ਚ 139 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਅਮਰੀਕਾ ‘ਚ ਮੌਤ ਦਾ ਅੰਕੜਾ ਵੱਧ ਕੇ 550 ਹੋ ਗਿਆ ਹੈ ਤੇ ਲਗਭਗ 44,000 ਹਜ਼ਾਰ ਲੋਕ ਵਾਇਰਸ ਨਾਲ ਸੰਕਰਮਿਤ ਹਨ। ਫਰਾਂਸ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 860 ਹੋ ਗਈ ਹੈ ਤੇ 20 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।

ਦੱਸ ਦਈਏ ਕਿ ਟੋਕਿਓ ਓਲੰਪਿਕਸ ‘ਤੇ ਵੀ ਜਾਨਲੇਵਾ ਕੋਰੋਨਾਵਾਇਰਸ ਦਾ ਖਤਰਾ ਮੰਡਰਾਉਣ ਲੱਗਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਅਨੁਭਵੀ ਮੈਂਬਰ ਰਿਚਰਡ ਡਿਕ ਪਾਉਂਡ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਚੱਲਦਿਆਂ ਆਈਓਸੀ ਨੇ ਟੋਕਿਓ ਓਲੰਪਿਕ ਨੂੰ 24 ਜੁਲਾਈ ਤੋਂ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ।

- Advertisement -

Share this Article
Leave a comment