ਸਿੱਧੂ ਨੂੰ ਲਾਂਭੇ ਕਰਨ ਲਈ ਕੈਪਟਨ ਨੇ ਸੱਦ ਲਈ ਮੀਟਿੰਗ, ਦੋਵਾਂ ਦੀ ਲੜਾਈ ਪਹੁੰਚੀ ਸੱਤਵੇਂ ਆਸਮਾਨ ‘ਤੇ, ਸਿੱਧੂ ਆਪੇ ਹੀ ਪਾਸਾ ਵੱਟ ਗਿਆ ਕਾਂਗਰਸ ‘ਚੋਂ?

TeamGlobalPunjab
5 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਦੌਰ ਭਾਵੇਂ ਖਤਮ ਹੋ ਚੁਕਿਆ ਹੈ, ਪਰ ਇੰਝ ਜਾਪਦਾ ਹੈ ਜਿਵੇਂ ਪੰਜਾਬ ਕਾਂਗਰਸ ਅੰਦਰ ਸਿਆਸੀ ਪਾਰਾ ਅਜੇ ਵੀ ਸੱਤਵੇਂ ਆਸਮਾਨ ‘ਤੇ ਹੈ। ਇਸ ਦਾ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਤਲਖ ਮਿਜਾਜੀ ਨੂੰ ਮੰਨਿਆ ਜਾ ਰਿਹਾ ਹੈ। ਜਿੱਥੇ ਬੀਤੀ ਕੱਲ੍ਹ ਲੰਮੀ ਚੁੱਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਬੜਾ ਠੰਡੇ ਅਤੇ ਚੂੰਡੀ ਵੱਢ ਅੰਦਾਜ ਵਿੱਚ ਜਵਾਬ ਦਿੱਤਾ, ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਵਾਬ ਸੁਣਦਿਆਂ ਹੀ ਸੂਬਾ ਕਾਂਗਰਸ ਦੇ ਨਵੇਂ ਚੁਣੇ ਮੈਂਬਰ ਪਾਰਲੀਮੈਂਟਾਂ, ਵਿਧਾਇਕਾਂ ਤੇ ਮੰਤਰੀਆਂ ਦੀ ਇੱਕ ਅਜਿਹੀ ਮੀਟਿੰਗ ਸੱਦੀ ਜਿਸ ਵਿੱਚ ਸਿੱਧੂ ਕਿਤੇ ਦਿਖਾਈ ਨਹੀਂ ਦਿੱਤੇ। ਕਹਿਣ ਨੂੰ ਤਾਂ ਪੰਜਾਬ ਕਾਂਗਰਸ ਦੇ 70 ਦੇ ਕਰੀਬ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਦੀ ਇਹ ਮੀਟਿੰਗ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਅਸਤੀਫਿਆਂ ਨੂੰ ਇੱਕ ਸੁਰ ਨਾਲ ਨਕਾਰਨ ਲਈ ਸੱਦੀ ਗਈ ਸੀ, ਪਰ ਇਸ ਮੀਟਿੰਗ  ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਬੈਠ ਕੇ ਖਿਚਵਾਈ ਗਈ ਜਿਹੜੀ ਤਸਵੀਰ ਸੋਸ਼ਲ ਮੀਡੀਆ ‘ਤੇ ਪਾਈ ਹੈ, ਉਸ ਵਿੱਚੋਂ ਨਵਜੋਤ ਸਿੱਧੂ ਨੂੰ ਗਾਇਬ ਦੇਖ ਕੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਉਠ ਖੜ੍ਹੀ ਹੈ, ਕਿ ਮੀਟਿੰਗ ਤਾਂ ਇੱਕ ਬਹਾਨਾ ਸੀ, ਜਦਕਿ ਅਸਲ ਮਕਸਦ ਤਾਂ ਸਿੱਧੂ ਨੂੰ ਲਾਂਭੇ ਕਰਨ ਦਾ ਹੈ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਸੂਬੇ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਇੱਕ ਮਤਾ ਪਾਸ ਕਰਕੇ ਜਿੱਥੇ ਰਾਹੁਲ ਗਾਂਧੀ ਨੂੰ ਆਪਣੀ ਪ੍ਰਧਾਨਗੀ ਦੇ ਆਹੁਦੇ ‘ਤੇ ਕਾਇਮ ਰਹਿਣ ਦੀ ਅਪੀਲ ਕੀਤੀ, ਉੱਥੇ ਦੂਜੇ ਪਾਸੇ ਇਨ੍ਹਾਂ ਲੋਕਾਂ ਨੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਵੀ ਰੱਦ ਕਰਨ ਦੀ ਸਿਫਾਰਿਸ਼ ਕਰਨ ਲਈ ਕਾਂਗਰਸ ਹਾਈ ਕਮਾਂਡ ਨੂੰ ਲਿਖਤੀ ਤੌਰ ‘ਤੇ ਭੇਜ ਦਿੱਤਾ ਹੈ।

ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਇੱਕ ਟਵੀਟ ਕਰਕੇ ਸਾਰੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪਾਈ ਹੈ, ਕਿ ਇਹ ਮੀਟਿੰਗ ਕਿਉਂ ਸੱਦੀ ਗਈ ਸੀ, ਪਰ ਅਜਿਹੇ ਮਾਮਲਿਆਂ ‘ਤੇ ਬੜੀ ਨਜਦੀਕੀ ਨਾਲ ਨਜ਼ਰਾਂ ਗੱਡੀ ਬੈਠੇ ਲੋਕਾਂ ਨੇ ਇਹ ਮੀਟਿੰਗ ਸਿੱਧੂ ਦੇ ਪੱਤਰਕਾਰ ਸੰਮੇਲਨ ਤੋਂ ਬਾਅਦ ਰੱਖੇ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਬੀਤੀ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਪੱਤਰਕਾਰ ਸੰਮੇਲਨ ਕੀਤਾ ਗਿਆ ਸੀ ਉਸ ਵਿੱਚ ਉਨ੍ਹਾਂ ਨੇ ਇਸ ਗੱਲ ਨੂੰ ਬੜੇ ਅਦਬ ਨਾਲ ਮੁੱਖ ਮੰਤਰੀ ਨੂੰ ਮਹਾਂ ਬਦੌਲਤ ਕਹਿੰਦਿਆਂ ਇਹ ਦੁਹਰਾਇਆ ਸੀ, ਕਿ ਉਹ ਆਪਣੇ ਕਿਸੇ ਵੀ ਸਾਥੀ ਜਾਂ ਮੁੱਖ ਮੰਤਰੀ ਦੇ ਖਿਲਾਫ ਕੁਝ ਨਹੀਂ ਬੋਲਣਗੇ, ਤੇ ਹੋਇਆ ਵੀ ਇੰਝ ਹੀ। ਇਸ ਦੌਰਾਨ ਸਿੱਧੂ ਨੇ ਸਿਰਫ ਉਨ੍ਹਾਂ ਹੀ ਗੱਲਾਂ ਦਾ ਜਵਾਬ ਦਿੱਤਾ ਜਿਹੜੀਆਂ ਗੱਲਾਂ ਦੇ ਦੋਸ਼ ਉਨ੍ਹਾਂ ‘ਤੇ ਲਾਏ ਗਏ ਸਨ। ਪਰ ਇਸ ਦੇ ਬਾਵਜੂਦ ਇਹ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਜਵਾਬ ਕਈਆਂ ਨੂੰ ਸਿਆਸੀ ਚੂੰਢੀਆਂ ਵੱਢ ਗਏ। ਮਾਹਰਾਂ ਅਨੁਸਾਰ ਇਹ ਮੀਟਿੰਗ ਉਨ੍ਹਾਂ ਸਿਆਸੀ ਚੁੰਢੀਆਂ ਦੇ ਦਰਦ ਅਤੇ ਵਿਰੋਧ ਦੇ ਰੂਪ ਵਿੱਚ ਰੱਖੀ ਗਈ ਨਜ਼ਰ ਆਉਂਦੀ ਹੈ। ਦੋਸ਼ ਹੈ ਕਿ ਇਸ ਮੀਟਿੰਗ ਵਿੱਚੋਂ ਸਿੱਧੂ ਨੂੰ ਬਾਹਰ ਰੱਖ ਕੇ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਧਾਇਕਾਂ ਸੰਸਦ ਮੈਂਬਰਾਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਖਿਚਵਾਈ ਗਈ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਇਸ ਲਈ ਪਾਇਆ ਗਿਆ, ਕਿਉਂਕਿ ਇਹ ਤਸਵੀਰ ਇਹ ਸੁਨੇਹਾ ਦਿੰਦੀ ਹੈ ਕਿ ਸਾਡੇ ਨਾਲ ਕਿੰਨੇ ਬੰਦੇ ਹਨ, ਤੇ ਤੁਸੀਂ ਕਿੱਥੇ ਖੜ੍ਹੇ ਹੋਂ? ਕੁੱਲ ਮਿਲਾ ਕੇ ਮਾਮਲਾ ਬਹੁਤ ਭਖ ਚੁਕਿਆ ਹੈ, ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਇਸ ਗੱਲ ਦਾ ਦੁੱਖ ਇਹ ਕਹਿ ਕੇ ਜਾਹਰ ਕਰ ਰਹੇ ਹਨ ਕਿ ਅਜਿਹਾ ਕਰਕੇ ਕੈਪਟਨ ਅਤੇ ਉਸ ਦੇ ਸਾਥੀਆਂ ਨੇ ਸਿੱਧੂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ, ਕੈਪਟਨ ਅਤੇ ਉਸ ਦੇ ਸਾਥੀਆਂ ਨੂੰ ਕੀ, ਕਿੱਥੇ, ਕਦੋਂ ਤੇ ਕਿਵੇਂ ਜਵਾਬ ਦਿੰਦੇ ਹਨ?

- Advertisement -

 

Share this Article
Leave a comment