ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਸੱਤਵਾਂ ਰਾਗ ‘ਬਿਹਾਗੜਾ’ – ਡਾ. ਗੁਰਨਾਮ ਸਿੰਘ

TeamGlobalPunjab
8 Min Read

ਰਾਗ ਬਿਹਾਗੜਾ ਨੂੰ ਦੇਸੀ ਸੰਗੀਤ ਪਰੰਪਰਾ ਤੋਂ ਵਿਕਸਤ ਰਾਗ ਮੰਨਿਆ ਜਾਂਦਾ ਹੈ ਜੋ ਬਿਹਾਗ ਅਤੇ ਖਮਾਜ ਦੀਆਂ ਸੁਰਾਵਲੀਆਂ ਦੇ ਸੁਰਾਤਮਕ ਸੰਯੋਜਨ ਤੋਂ ਸਰੂਪਿਤ ਹੁੰਦਾ ਹੈ। ਇਸ ਰਾਗ ਦੀਆਂ ਸੁਰਾਵਲੀਆਂ ਉਤਰੀ ਭਾਰਤੀ ਲੋਕ ਸੰਗੀਤ ਅਤੇ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਪਰੰਪਰਾ ਦੀਆਂ ਲੋਕ ਸੰਗੀਤਕ ਰਚਨਾਵਾਂ ਵਿੱਚ ਸੁਣਨ ਨੂੰ ਮਿਲ ਜਾਂਦੀਆਂ ਹਨ। ਸੰਗੀਤ ਦੇ ਪੰਜਾਬ ਅੰਗ ਵਿੱਚ ਇਸ ਰਾਗ ਦਾ ਗਾਇਨ ਵਿਸ਼ੇਸ਼ ਰੂਪ ਵਿੱਚ ਖਿੜਦਾ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -7

7. ਬਿਹਾਗੜਾ ਰਾਗ 

ਡਾ. ਗੁਰਨਾਮ ਸਿੰਘ*

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਤਰਗਤ 31 ਮੁੱਖ ਰਾਗਾਂ ਵਿਚੋਂ ਰਾਗ ਬਿਹਾਗੜਾ ਦਾ ਸੱਤਵਾਂ ਸਥਾਨ ਹੈ। ਇਸ ਰਾਗ ਦੇ ਅੰਤਰਗਤ ਸਨਾਤਨੀ ਬਾਣੀ ਰੂਪ ਵਜੋਂ ਗੁਰੂ ਅਰਜਨ ਦੇਵ ਜੀ ਦਾ ਇੱਕ ਚਉਪਦਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਇੱਕ ਤਿਪਦਾ ਬਾਣੀ ਰਚਨਾ ਦਰਜ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਚਉਪਦਾ ਕਾਵਿਕ ਪਖੋਂ ਵਿਲੱਖਣਤਾ ਰੱਖਦਾ ਹੈ।

- Advertisement -

ਦੂਤਨ ਸੰਗਰੀਆ ॥ ਭੁਇਅੰਗਨਿ ਬਸਰੀਆ ॥ ਅਨਿਕ ਉਪਰੀਆ ॥੧॥

ਤਉ ਮੈ ਹਰਿ ਹਰਿ ਕਰੀਆ ॥ ਤਉ ਸੁਖ ਸਹਜਰੀਆ ॥੧॥ ਰਹਾਉ ॥

ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥ ਵਿਚਿ ਘੂਮਨ ਘਿਰੀਆ ॥੨॥

ਸਗਲ ਬਟਰੀਆ ॥ ਬਿਰਖ ਇਕ ਤਰੀਆ ॥ ਬਹੁ ਬੰਧਹਿ ਪਰੀਆ ॥੩॥

ਥਿਰੁ ਸਾਧ ਸਫਰੀਆ ॥ ਜਹ ਕੀਰਤਨੁ ਹਰੀਆ ॥ ਨਾਨਕ ਸਰਨਰੀਆ ॥੪॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 537)

- Advertisement -

ਗੁਰੂ ਤੇਗ ਬਹਾਦਰ ਜੀ ਦੀ ਪ੍ਰਸਿੱਧ ਪਦ ਰਚਨਾ ਇਸ ਪ੍ਰਕਾਰ ਹੈ:

ਹਰਿ ਕੀ ਗਤਿ ਨਹਿ ਕੋਊ ਜਾਨੈ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ॥੧॥ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 537)

ਇਸੇ ਤਰ੍ਹਾਂ ਉਕਤ ਬਾਣੀ ਤੋਂ ਇਲਾਵਾ ਗੁਰੂ ਰਾਮਦਾਸ ਜੀ ਦੀਆਂ ਰਸਿਕ ਛੰਤ ਰਚਨਾਵਾਂ ਲੋਕ ਬਾਣੀ ਦਾ ਉਤਮ ਨਮੂਨਾ ਹੈ।

ਹਉ ਬਲਿਹਾਰੀ ਤਿਨ੍ ਕਉ ਮੇਰੀ ਜਿੰਦੁੜੀਏ ਜਿਨ੍ ਹਰਿ ਹਰਿ ਨਾਮੁ ਅਧਾਰੋ ਰਾਮ ॥ ((ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 539))

ਬਿਹਾਗੜਾ ਰਾਗ ਅਧੀਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧ ਰਚਨਾ ਇਸ ਪ੍ਰਕਾਰ ਹੈ:

ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ॥ ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544)

ਬਿਹਾਗੜਾ ਰਾਗ ਅਧੀਨ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਛੰਤ ਰਚਨਾਵਾਂ ਜਿਥੇ ਕਾਵਿਕ ਪਖੋਂ ਮਹੱਤਵਪੂਰਨ ਹਨ ਉਥੇ ਗਾਇਨ ਪਖੋਂ ਇਨ੍ਹਾਂ ਦਾ ਸੁਹਜ ਭਰਪੂਰ ਚਲਨ ਗਾਇਨ ਪਖੋਂ ਵਿਸ਼ਿਸ਼ਟਤਾ ਰਖਦਾ ਹੈ। ਹੁਣ ਕੀਰਤਨੀਆਂ ਲਈ ਇਹ ਧਿਆਨ ਦੇਣ ਯੋਗ ਗੁਰਮਤਿ ਸੰਗੀਤਕ ਨੁਕਤਾ ਹੈ ਕਿ ਅਸੀਂ ਛੰਤਾਂ ਨੂੰ ਇਨ੍ਹਾਂ ਦੀ ਮੂਲ ਗਾਇਨ ਸ਼ੈਲੀ ਅਨੁਸਾਰ ਗਾਇਨ ਕਰਕੇ ਹੀ ਇਨ੍ਹਾਂ ਦੀ ਮੌਲਿਕਤਾ ਕਾਇਮ ਰਖ ਸਕਦੇ ਹਾਂ। ਇਹ ਨਹੀਂ ਕਿ ਪਦਿਆਂ ਅਤੇ ਛੰਤ ਰਚਨਾਵਾਂ ਨੂੰ ਅਸੀਂ ਗੀਤ ਸ਼ੈਲੀ ਵਿੱਚ ਹੀ ਗਾਇਨ ਕਰਦੇ ਰਹੀਏ, ਇਸ ਨਾਲ ਗੁਰਮਤਿ ਸੰਗੀਤ ਦੀਆਂ ਇਨ੍ਹਾਂ ਵਿਸ਼ੇਸ਼ ਸ਼ੈਲੀਆਂ ਦੇ ਮੌਲਿਕ ਸਰੂਪ ਅਸੀਂ ਆਪ ਹੀ ਵਿਗਾੜ ਰਹੇ ਹੋਵਾਂਗੇ। ਰਾਗ ਬਿਹਾਗੜਾ ਵਿੱਚ ਮਹਲਾ ੪ ਦੀ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ ਰਚਨਾ ਹੈ।

ਰਾਗ ਬਿਹਾਗੜਾ ਨੂੰ ਦੇਸੀ ਸੰਗੀਤ ਪਰੰਪਰਾ ਤੋਂ ਵਿਕਸਤ ਰਾਗ ਮੰਨਿਆ ਜਾਂਦਾ ਹੈ ਜੋ ਬਿਹਾਗ ਅਤੇ ਖਮਾਜ ਦੀਆਂ ਸੁਰਾਵਲੀਆਂ ਦੇ ਸੁਰਾਤਮਕ ਸੰਯੋਜਨ ਤੋਂ ਸਰੂਪਿਤ ਹੁੰਦਾ ਹੈ। ਇਸ ਰਾਗ ਦੀਆਂ ਸੁਰਾਵਲੀਆਂ ਉਤਰੀ ਭਾਰਤੀ ਲੋਕ ਸੰਗੀਤ ਅਤੇ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਪਰੰਪਰਾ ਦੀਆਂ ਲੋਕ ਸੰਗੀਤਕ ਰਚਨਾਵਾਂ ਵਿੱਚ ਸੁਣਨ ਨੂੰ ਮਿਲ ਜਾਂਦੀਆਂ ਹਨ। ਸੰਗੀਤ ਦੇ ਪੰਜਾਬ ਅੰਗ ਵਿੱਚ ਇਸ ਰਾਗ ਦਾ ਗਾਇਨ ਵਿਸ਼ੇਸ਼ ਰੂਪ ਵਿੱਚ ਖਿੜਦਾ ਹੈ।

ਸੰਗੀਤ ਵਿਦਵਾਨ ਪੰਡਤ ਤਾਰਾ ਸਿੰਘ ਨਰੋਤਮ ਨੇ ਇਸ ਰਾਗ ਦੀ ਉਤਪਤੀ ਮਾਰੂ ਅਤੇ ਕੇਦਾਰਾ ਰਾਗ ਤੋਂ ਪ੍ਰਵਾਨ ਕੀਤੀ ਹੈ। ਰਾਗ ਬਿਹਾਗੜਾ ਦੇ ਉਤਰੀ ਭਾਰਤੀ ਸੰਗੀਤ ਵਿੱਚ ਦੋ ਸਰੂਪ ਵਿਸ਼ੇਸ਼ ਤੌਰ ਤੇ ਪ੍ਰਚਲਿਤ ਹਨ। ਪਹਿਲੇ ਰੂਪ ਵਿੱਚ ਦੋਵੇਂ ਮਧਿਅਮ ਤੇ ਦੂਜੇ ਰੂਪ ਵਿੱਚ ਦੋਵੇਂ ਨਿਸ਼ਾਦ ਪ੍ਰਯੋਗ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਦੋਵੇਂ ਨਿਸ਼ਾਦ ਵਾਲਾ ਸਰੂਪ ਉਤਰੀ ਭਾਰਤੀ ਸੰਗੀਤ ਵਿੱਚ ਜ਼ਿਆਦਾ ਪ੍ਰਚਲਿਤ ਹੈ। ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ ਅਨੁਸਾਰ ਇਸ ਰਾਗ ਨੂੰ ਖਮਾਜ ਅੰਗ ਨਾਲ ਗਾਇਨ ਕੀਤਾ ਜਾਂਦਾ ਹੈ। ਗੁਰਮਤਿ ਸੰਗੀਤ ਵਿੱਚ ਰਾਗ ਬਿਹਾਗੜਾ ਦਾ ਸਰੂਪ ਗਿਆਨੀ ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗ ਨਿਰਣਾਇਕ ਕਮੇਟੀ ਅਤੇ ਸਿੱਖ ਮਿਊਜ਼ੀਕਾਲੋਜੀ ਅਨੁਸਾਰ ਇਸ ਰਾਗ ਦਾ ਇਹ ਸਰੂਪ ਪ੍ਰਵਾਨ ਕੀਤਾ ਗਿਆ ਹੈ: ਬਿਲਾਵਲ ਥਾਟ ਤੋਂ ਉਤਪੰਨ ਇਸ ਰਾਗ ਵਿੱਚ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਆਰੋਹ ਵਿੱਚ ਰਿਸ਼ਭ ਅਤੇ ਧੈਵਤ ਵਰਜਿਤ ਕੀਤੇ ਜਾਂਦੇ ਹਨ ਅਤੇ ਅਵਰੋਹ ਸੰਪੂਰਨ ਹੈ। ਇਸ ਪ੍ਰਕਾਰ ਇਸ ਦੀ ਜਾਤੀ ਔੜਵ-ਸੰਪੂਰਨ ਹੈ। ਇਸ ਰਾਗ ਦਾ ਵਾਦੀ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼  ਵਿੱਚ ਬਿਹਾਗੜਾ ਰਾਗ ਨੂੰ ਬਿਲਾਵਲ ਥਾਟ ਦੇ ਅੰਤਰਗਤ ਰੱਖਦਿਆਂ ਰਾਗ ਬਿਹਾਗ ਵਿੱਚ ਕੋਮਲ ਨਿਸ਼ਾਦ ਅਤੇ ਤੀਬਰ ਮਧਿਅਮ ਦੁਰਬਲ ਕਰਕੇ ਬਿਹਾਗੜਾ ਰਾਗ ਦੀ ਰਚਨਾ ਸਵੀਕਾਰੀ ਹੈ। ਇਸ ਵਿੱਚ ਵਾਦੀ ਸੁਰ ਗੰਧਾਰ, ਸੰਵਾਦੀ ਕੋਮਲ ਨਿਸ਼ਾਦ ਅਤੇ ਅੰਤਰੇ ਵਿੱਚ ਸ਼ੁੱਧ ਨਿਸ਼ਾਦ ਦਾ ਪ੍ਰਯੋਗ ਦਸਦਿਆਂ ਗਾਉਣ ਦਾ ਸਮਾਂ ਮੱਧ-ਰਾਗ ਸਵੀਕਾਰਿਆ ਹੈ। ਇਸ ਰਾਗ ਦਾ ਆਰੋਹ : ਨੀ (ਮੰਦਰ ਸਪਤਕ) ਸ ਗ, ਮ ਪ ਨੀ ਸ (ਤਾਰ ਸਪਤਕ); ਅਵਰੋਹ : ਸ (ਤਾਰ ਸਪਤਕ) ਨੀ ਧ ਪ, ਨੀ (ਕੋਮਲ) ਧ ਪ, ਧ ਗ ਮ ਗ, ਰੇ ਸ; ਮੁੱਖ ਅੰਗ : ਗ ਮ ਪ, ਨੀ (ਕੋਮਲ) ਧ ਪ, ਧ ਗ ਮ ਗ, ਰੇ ਸ ਹੈ। ਇਸ ਤਰ੍ਹਾਂ ਇਸ ਦੇ ਆਰੋਹ ਵਿੱਚ ਰਿਸ਼ਭ ਧੈਵਤ ਵਰਜਿਤ ਹੈ ਅਤੇ ਅਵਰੋਹ ਵਿੱਚ ਕੋਮਲ ਨਿਸ਼ਾਦ ਦੀ ਵਰਤੋਂ ਕੀਤੀ ਜਾਂਦੀ ਹੈ।

ਗੁਰਮਤਿ ਸੰਗੀਤ ਦੀ ਰਾਗ ਧਿਆਨ ਪਰੰਪਰਾ ਅਨੁਸਾਰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਦੌਰਾਨ ਸੰਤ ਬਾਬਾ ਸੁੱਚਾ ਸਿੰਘ ਦੇ ਉੱਦਮ ਨਾਲ ਪ੍ਰਿੰਸੀਪਲ ਸਤਬੀਰ ਸਿੰਘ, ਲੇਖਕ ਅਤੇ ਸ੍ਰੀ ਬੋਧਰਾਜ ਦੇ ਭਰਵੇਂ ਵਿਚਾਰ ਵਟਾਂਦਰੇ ਉਪਰਾਂਤ ਰਾਗ ਬਿਹਾਗੜਾ ਦਾ ਚਿੱਤਰ ਵੀ ਵਿਸ਼ੇਸ਼ ਰੂਪ ਵਿੱਚ ਤਿਆਰ ਕਰਵਾਇਆ ਗਿਆ ਜੋ ਚਿਤਰਕਾਰ ਸ੍ਰੀ ਬੋਧਰਾਜ ਨੇ ਤਿਆਰ ਕੀਤਾ।

ਗੁਰਮਤਿ ਸੰਗੀਤ ਵਿੱਚ ਸ਼ਬਦ ਕੀਰਤਨ ਰਚਨਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੈ ਜਿਨ੍ਹਾਂ ਵੱਖ-ਵੱਖ ਰਾਗਾਂ ਵਿੱਚ ਸ਼ਬਦ ਕੀਰਤਨ ਰਚਨਾਵਾਂ ਦੀ ਰਚਨਾ ਕਰਕੇ (ਕੰਪੋਜ਼ ਕਰਕੇ) ਸੁਰਲਿਪੀ ਬੱਧ ਰੂਪ (ਮਿਊਜ਼ਿਕ ਨੋਟੇਸ਼ਨ) ਤਿਆਰ ਕੀਤੀਆਂ ਹੈ। ਬਿਹਾਗੜਾ ਰਾਗ ਨੂੰ ਆਪਣੀ ਕਲਾ ਪ੍ਰਤਿਭਾ ਦੁਆਰਾ ਸ਼ਬਦ ਕੀਰਤਨ ਰਚਨਾਵਾਂ ਨੂੰ ਸੁਰਲਿਪੀ ਬੱਧ ਕਰਨ ਵਾਲੇ ਗੁਰਮਤਿ ਸੰਗੀਤਕਾਰਾਂ ਵਿਚੋਂ ਗਿਆਨ ਸਿੰਘ ਐਬਟਾਬਾਦ ਨੇ ਆਪਣੀ ਪੁਸਤਕ ਗੁਰਬਾਣੀ ਸੰਗੀਤ (ਭਾਗ ਪਹਿਲਾ, ਦੂਜਾ), ਪ੍ਰੋਫ਼ੈਸਰ ਤਾਰਾ ਸਿੰਘ ਨੇ ਆਪਣੀਆਂ ਪੁਸਤਕਾਂ ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ, ਗੁਰੂ ਅਮਰਦਾਸ ਰਾਗ ਰਤਨਾਵਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ; ਸੰਤ ਸਰਵਣ ਸਿੰਘ ਗੰਧਰਵ ਨੇ ਆਪਣੀ ਪੁਸਤਕ ਸੁਰ ਸਿਮਰਨ ਸੰਗੀਤ (ਭਾਗ ਚੌਥਾ); ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਨੇ ਆਪਣੀ ਪੁਸਤਕ ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ (ਭਾਗ ਪਹਿਲਾ, ਦੂਜਾ); ਡਾ. ਗੁਰਨਾਮ ਸਿੰਘ ਨੇ ਆਪਣੀ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ; ਪ੍ਰੋ. ਕਰਤਾਰ ਸਿੰਘ ਨੇ ਆਪਣੀ ਪੁਸਤਕ ਗੁਰਬਾਣੀ ਸੰਗੀਤ ਦਰਪਣ; ਪ੍ਰਿੰਸੀਪਲ ਦਿਆਲ ਸਿੰਘ ਨੇ ਆਪਣੀ ਪੁਸਤਕ ਗੁਰਮਤਿ ਸੰਗੀਤ ਸਾਗਰ ਅਤੇ ਇਨ੍ਹਾਂ ਤੋਂ ਇਲਾਵਾ ਪ੍ਰੋਫੈਸਰ ਪਰਮਜੋਤ ਸਿੰਘ, ਹਰਮਿੰਦਰ ਸਿੰਘ ਅਤੇ ਹੋਰ ਸੁਰਲਿਪੀਕਾਰਾਂ ਨੇ ਇਸ ਰਾਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਬਦ ਕੀਰਤਨ ਰਚਨਾਵਾਂ ਰਚੀਆਂ ਹਨ ਜੋ ਗੁਰਮਤਿ ਸੰਗੀਤ ਦੇ ਸ਼ਬਦ ਕੀਰਤਨ ਵਿਰਾਸਤ ਦਾ ਵਡਮੁੱਲਾ ਸਰਮਾਇਆ ਹਨ।

ਰਾਗ ਬਿਹਾਗੜਾ ਵਿੱਚ ਵੱਖ-ਵੱਖ ਸ਼ਬਦ ਰਚਨਾਵਾਂ ਦਾ ਗਾਇਨ ਅਸੀਂ www.gurmatsangeetpup.com, www.sikh-relics.com, www.jawadditaksal.org, www.vismaadnaad.org ਵੈਬਸਾਈਟਸ ਤੋਂ ਸਰਵਣ ਕਰ ਸਕਦੇ ਹਾਂ। ਇਸ ਰਾਗ ਨੂੰ ਭਾਈ ਅਵਤਾਰ ਸਿੰਘ, ਭਾਈ ਬਖਸ਼ਿਸ਼ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਭਾਈ ਬਲਬੀਰ ਸਿੰਘ, ਭਾਈ ਗੁਰਮੇਲ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ, ਪ੍ਰੋ. ਪਰਮਜੋਤ ਸਿੰਘ ਅਤੇ ਡਾ. ਗੀਤਾ ਕੌਰ ਪੈਂਤਲ ਨੇ ਬਾਖੂਬੀ ਗਾਇਆ ਹੈ।

*drgnam@yahoo.com

Share this Article
Leave a comment