Shabad Vichaar 20-‘ਮਾਈ ਮੈ ਕਿਹਿ ਬਿਧਿ ਲਖਉ ਗੁਸਾਈ’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 20ਵੇਂ ਸ਼ਬਦ ਦੀ ਵਿਚਾਰ – Shabad Vichaar -20

‘ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਮੋਹ ਰੂਪੀ ਮਾਇਆ ਵਿੱਚ ਫਸਿਆ ਮਨੁੱਖ ਨਾ ਕਦੇ ਗੁਰਮੁਖਾਂ ਦੀ ਸੰਗਤ ਕਰਦਾ ਹੈ ਅਤੇ ਨਾ ਹੀ ਪ੍ਰਮਾਤਮਾ ਦਾ ਹੀ ਨਾਮ ਸਿਮਰਦਾ ਹੈ। ਹਰ ਦਿਨ ਮੋਹ ਦੇ ਦਲਦਲ ਵਿੱਚ ਧਸਦਾ ਹੀ ਜਾਂਦਾ ਹੈ। ਸਾਰਾ ਜਨਮ ਇਸੇ ਤਰ੍ਹਾਂ ਅਜਾਈਂ ਹੀ ਗਵਾ ਦਿੰਦਾ ਹੈ। ਇਹ ਕੁਮੱਤ ਦਿਨ ਪ੍ਰਤੀ ਦਿਨ ਹੋਰ ਪ੍ਰਬਲ ਹੁੰਦੀ ਜਾਂਦੀ ਹੈ। ਅਜਿਹਾ ਮਨੁੱਖ ਜਿਸ ਨੇ ਮੋਹ ਰੂਪੀ ਮਾਇਆ ਵਿੱਚ ਫਸ ਕੇ ਪ੍ਰਭੂ ਨੂੰ ਵਿਸਾਰ ਦਿੱਤਾ ਹੈ ਅਤੇ ਪ੍ਰਭੂ ਦੇ ਨਾਮ ਸਿਮਰਨ ਲਈ ਕਦੀ ਕੋਈ ਯਤਨ ਤਕ ਨਹੀਂ ਕੀਤਾ ਅਜਿਹੇ ਮਨੁੱਖ ਨੂੰ ਗੁਰਬਾਣੀ ਹੀ ਸਹੀ ਮਾਰਗ ਦਰਸਾਉਂਦੀ ਹੈ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਅਜਿਹੇ ਮਨੁੱਖ ਨੂੰ ਜੋ ਮੋਹ ਦੀ ਗ੍ਰਿਫਤ ਵਿੱਚ ਫਸ ਚੁੱਕਾ ਹੈ ਉਸ ਨੂੰ ਬਾਹਰ ਕੱਢਣ ਦੇ ਅਸਾਨ ਰਾਹ ਨੂੰ ਰੋਸ਼ਨ ਕਰਦੀ ਹੈ। ਅੱਜ ਅਸੀਂ ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਸ਼ਬਦ ਦੀ ਵਿਚਾਰ ਕਰਾਂਗੇ।  ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 632 ‘ਤੇ ਅੰਕਿਤ ਹੈ ਜੋ ਕਿ  ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ ਛੇਵਾਂ ਸ਼ਬਦ ਹੈ ਅਤੇ ਨੌਵੇਂ ਮਹਲੇ ਦੀ ਕੁੱਲ ਬਾਣੀ ਦਾ 20ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮੋਹ ਦੀ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਮਨੁੱਖ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ:

- Advertisement -

ਸੋਰਠਿ ਮਹਲਾ ੯ ॥

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥

ਹੇ ਮਾਂ! ਧਰਤੀ ਦੇ ਖਸਮ-ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾਂ? ਮੇਰਾ ਮਨ (ਤਾਂ) ਵੱਡੇ ਮੋਹ ਦੀ ਅਗਿਆਨਤਾ ਵਿਚ, ਮੋਹ ਦੇ ਹਨੇਰੇ ਵਿਚ (ਸਦਾ) ਫਸਿਆ (ਅਜੇ ਤਕ ਅਜੇਹੀ) ਮਤਿ ਨਹੀਂ ਹਾਸਲ ਕੀਤੀ (ਜੋ ਮੈਨੂੰ) ਅਡੋਲ ਰੱਖ ਸਕੇ। ॥੧॥ ਰਹਾਉ ॥

ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥ ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥

ਦਿਨ ਰਾਤ ਮੈਂ ਮਾਇਆ ਵਿਚ ਹੀ ਲੰਪਟ ਰਹਿੰਦਾ ਹਾਂ। ਮੇਰੀ ਇਹ ਨੀਚਤਾ ਮੁੱਕਣ ਵਿਚ ਨਹੀਂ ਆਉਂਦੀ।੧।

- Advertisement -

ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥ ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥ 

ਹੇ ਮਾਂ! ਮੈਂ ਕਦੇ ਗੁਰਮੁਖਾਂ ਦੀ ਸੰਗਤਿ ਨਹੀਂ ਕੀਤੀ, ਮੈਂ ਕਦੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਨਹੀਂ ਗਾਇਆ। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਮੈਨੂੰ ਆਪਣੀ ਸ਼ਰਨ ਵਿਚ ਰੱਖ।੨।੬।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਉਸ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ ਜਿਸ ਨੇ ਕਦੇ ਗੁਰਮੁੱਖਾਂ ਦੀ ਸੰਗਤ ਨਹੀਂ ਕੀਤੀ, ਜਿਸ ਨੇ ਕਦੀ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ, ਜੋ ਹਮੇਸ਼ਾਂ ਮੋਹ ਰੂਪੀ ਮਾਇਆ ਵਿੱਚ ਗ੍ਰਸਤ ਰਹਿੰਦਾ ਹੈ, ਜਿਸ ਵਿੱਚ ਕੋਈ ਗੁਣ ਨਹੀਂ, ਅਜਿਹੇ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਾਮਾਤਮਾ ਅੱਗੇ ਜੋੜਦੀ ਕਰਨ ਦਾ ਭਾਵ ਅਰਦਾਸ ਕਰਨ ਦਾ ਮਾਰਗ ਗੁਰੂ ਇਸ ਸ਼ਬਦ ਵਿੱਚ ਦਰਸਾ ਰਹੇ ਹਨ। ਅਜਿਹੇ ਮਨੁੱਖ ਨੂੰ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ। ਉਹ ਵਾਹਿਗੁਰੂ ਬਹੁਤ ਬੇਅੰਤ ਹੈ ਸਭ ਦੇ ਪਾਪ ਖੰਡਨ ਵਾਲਾ ਹੈ। ਇੱਕ ਖਿਨ ਵਿੱਚ ਸਭ ਠੀਕ ਕਰਨ ਵਾਲਾ ਹੈ। ਬਸ ਲੋੜ ਹੈ ਸਾਨੂੰ ਸੱਚੇ ਮਨੋ ਉਸ ਦਾ ਸਿਮਰਨ ਕਰਨ ਦੀ, ਉਸ ਦੀ ਸ਼ਰਣ ਵਿੱਚ ਜਾਣ ਦੀ, ਉਸ ਦਾ ਹੀ ਆਸਰਾ ਤਕਣ ਦੀ। ਅਜਿਹਾ ਕਰਨ ਦੇ ਨਾਲ ਹੀ ਅਸੀਂ ਮੋਹ ਰੂਪੀ ਮਾਇਆ ਦੀ ਗ੍ਰਿਫਤ ਵਿੱਚੋਂ ਬਾਹਰ ਨਿਕਲ ਸਕਾਂਗੇ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 21ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। । ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment