Home / Uncategorized / Shabad Vichaar 38-”ਦੁਖ ਹਰਤਾ ਹਰਿ ਨਾਮੁ ਪਛਾਨੋ॥’’

Shabad Vichaar 38-”ਦੁਖ ਹਰਤਾ ਹਰਿ ਨਾਮੁ ਪਛਾਨੋ॥’’

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 38ਵੇਂ ਸ਼ਬਦ ਦੀ ਵਿਚਾਰ – Shabad Vichaar -38

ਦੁਖ ਹਰਤਾ ਹਰਿ ਨਾਮੁ ਪਛਾਨੋ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਪ੍ਰਭੂ ਨਾਮ ਦੀ ਬਰਕਤ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪ੍ਰਮਾਤਮਾ ਦੇ ਨਾਮ ਨੇ ਅਜਾਮਲ, ਗਨਕਾ ਵਰਗੇ ਪਾਪੀ ਅਤੇ ਔਗਣਾਂ ਨਾਲ ਭਰੇ ਮਨੁੱਖਾਂ ਨੂੰ ਵੀ ਤਾਰਿਆ ਹੈ। ਪ੍ਰਮਾਤਮਾ ਦੇ ਨਾਮ ਵਿੱਚ ਅਜਿਹੀ ਸ਼ਕਤੀ ਹੈ ਕਿ ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਸ ਨਾਮ ਨੂੰ ਕਿਵੇਂ ਸਿਮਰਨਾ ਹੈ, ਕਿਵੇਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ ਗੁਰਬਾਣੀ ਇਸ ਸੰਦਰਭ ਵਿੱਚ ਸਾਡਾ ਮਾਰਗ ਕਦਮ ਕਦਮ ‘ਤੇ ਰੋਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 38ਵੇਂ ਸ਼ਬਦ ‘ਦੁਖ ਹਰਤਾ ਹਰਿ ਨਾਮੁ ਪਛਾਨੋ॥ ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 830 ‘ਤੇ ਰਾਗ ਬਿਲਾਵਲ ਅਧੀਨ ਅੰਕਿਤ ਹੈ।

ਬਿਲਾਵਲ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਦਾ 16ਵਾਂ ਰਾਗ ਹੈ। ਇਸ ਵਿੱਚ ਸਾਰੇ ਸੁਰ ਸ਼ੁਧ ਲੱਗਦੇ ਹਨ ਅਤੇ ਇਸ ਦਾ ਗਾਇਨ  ਸਮਾਂ ਦਿਨ ਦਾ ਪਹਿਲਾ ਪਹਿਰ ਮੰਨਿਆ ਜਾਂਦਾ ਹੈ। ਇਸ ਰਾਗ ਵਿੱਚ ਬਿਲਾਵਲ ਦੀ ਕੀਰਤਨ ਚਉਕੀ ਪ੍ਰਮੁੱਖ ਕੀਰਤਨ ਚਉਕੀਆਂ ਵਿੱਚ ਸ਼ਾਮਿਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਬਾਰੇ ਹੋਰ ਵਿਸ਼ਥਾਰ ਨਾਲ ਜਾਣਨ ਸੰਬੰਧੀ ਐਤਵਾਰ ਨੂੰ ਸ਼ਾਮੀ 6 ਵਜੇ ਪ੍ਰਕਾਸ਼ਿਤ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਲੜੀ ਨਾਲ ਜੁੜੋ। ਇਸ ਰਾਗ ਲੜੀ ਵਿੱਚ ਵਿਸ਼ਵ ਪ੍ਰਸਿੱਧ ਗੁਰਮਤਿ ਸੰਗੀਤਾਚਾਰੀਆਂ ਡਾ. ਗੁਰਨਾਮ ਸਿੰਘ ਦੇ ਲੇਖ ਪ੍ਰਕਾਸ਼ਿਤ ਹੁੰਦੇ ਹਨ।

ਬਿਲਾਵਲ ਰਾਗ ਵਿੱਚ ਦਰਜ ਨੌਵੇਂ ਪਾਤਸ਼ਾਹ ਦਾ ਇਹ ਪਹਿਲਾ ਸ਼ਬਦ ਮਨੁੱਖ ਨੂੰ ਹਰੀ ਪ੍ਰਭੂ ਦੇ ਨਾਮ ਨੂੰ ਪਛਾਨਣ ਦਾ ਉਪਦੇਸ਼ ਦੇ ਰਿਹਾ ਹੈ ਜੋ ਕਿ ਹਰ ਦੁੱਖ ਦਾ ਨਾਸ਼ਕ ਹੈ।

ਰਾਗੁ ਬਿਲਾਵਲੁ ਮਹਲਾ ੯ ਦੁਪਦੇ  ੴ ਸਤਿਗੁਰ ਪ੍ਰਸਾਦਿ ॥

ਦੁਖ ਹਰਤਾ ਹਰਿ ਨਾਮੁ ਪਛਾਨੋ ॥ ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥

ਹੇ ਭਾਈ! ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ, ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਇਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ।੧।ਰਹਾਉ।

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥

ਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ। ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ।੧।

ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥

(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ। ਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ।੨।੧।

ਗੁਰੂ ਜੀ ਇਸ ਸ਼ਬਦ ਵਿੱਚ ਗਨਕਾ, ਅਜਾਮਲ ਵਰਗੇ ਔਗੁਣਾਂ ਨਾਲ ਭਰੇ ਹੋਏ ਮਨੁੱਖਾਂ ਅਤੇ ਭਗਤ ਧ੍ਰ ਵਰਗੇ ਭਗਤਾਂ ਦੀ ਭਗਤੀ ਦੀ ਉਦਾਹਰਨ ਦੇ ਕੇ ਉਸ ਪ੍ਰਮਾਤਮਾ ਦੇ ਨਾਮ ਦੀ ਬਰਕਤ ਨੂੰ ਸਮਝਾਉਣਾ ਕਰ ਰਹੇ ਹਨ। ਜਿਵੇਂ ਗਨਕਾ ਅਤੇ ਅਜਾਮਲ ਪਾਪੀ ਦੇ ਪਾਪ ਉਸ ਅਕਾਲ ਪੁਰਖ ਪ੍ਰਭੂ ਦੇ ਨਾਮ ਨੇ ਛਿਨ ਮਾਤਰ ਵਿੱਚ ਕੱਟ ਦਿੱਤੇ ਅਤੇ ਜਿਵੇਂ ਧ੍ਰੂ ਭਗਤ ਦੀ ਜੈ ਜੈ ਕਾਰ ਉਸ ਪ੍ਰਭੂ ਦੇ ਨਾਮ ਨੇ ਕੀਤੀ ਉਸ ਤਰ੍ਹਾਂ ਉਸ ਪ੍ਰਮਾਤਮਾ ਦਾ ਨਾਮ ਸਾਡੇ ਵੀ ਸਾਰੇ ਔਗੁਣ ਨਾਸ਼ ਕਰ ਦੇਵੇਗਾ। ਬਸ ਸਾਨੂੰ ਧ੍ਰੂ ਭਗਤ ਦੀ ਭਗਤੀ ਭਾਵਨਾ ਆਪਣੇ ਵਿੱਚ ਲਿਆਉਂਣ ਦੀ ਜ਼ਰੂਰਤ ਹੈ। ਉਹ ਪ੍ਰਮਾਤਮਾ ਸਦਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਹ ਉਸ ਦਾ ਮੁੱਢ ਕਦੀਮੀ ਸੁਭਾਅ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 39ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Check Also

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ … -ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -138 ਗੁਰ ਬਿਨੁ ਕਿਉ ਤਰੀਐ ਸੁਖੁ ਹੋਇ … *ਡਾ. ਗੁਰਦੇਵ ਸਿੰਘ ਸੰਸਾਰ ਨੂੰ …

Leave a Reply

Your email address will not be published. Required fields are marked *