ਆਹ ਚੱਕੋ ਰਾਮ ਰਹੀਮ ਦੀ ਜ਼ਮਾਨਤ ‘ਤੇ ਹਾਈ ਕੋਰਟ ਦਾ ਆ ਗਿਆ ਵੱਡਾ ਫੈਸਲਾ

TeamGlobalPunjab
5 Min Read

ਚੰਡੀਗੜ੍ਹ : ਚੋਣਾਂ ਮੌਕੇ ਜਿਨ੍ਹਾਂ ਸਿਆਸਤਦਾਨਾਂ ਨੂੰ ਬਲਾਤਕਾਰੀ ਬਾਬੇ ਰਾਮ ਰਹੀਮ ਦੇ ਜੇਲ੍ਹ ‘ਚੋਂ ਬਾਹਰ ਆਉਣ ਦੀਆਂ ਖ਼ਬਰਾਂ ਨੇ ਪ੍ਰੇਸ਼ਾਨ ਕਰ ਰੱਖਿਆ ਸੀ ਉਨ੍ਹਾਂ ਲਈ ਮਾਨਸਿਕ ਰਾਹਤ ਦੀ ਵੱਡੀ ਖ਼ਬਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਬਾਬੇ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਤੇ ਕਿਹਾ ਹੈ ਕਿ ਜੇਕਰ ਰਾਮ ਰਹੀਮ ਚੋਣਾਂ ਮੌਕੇ ਜੇਲ੍ਹ ‘ਚੋਂ ਬਾਹਰ ਆ ਗਿਆ ਤਾਂ ਇਸ ਨਾਲ ਕਾਨੂੰਨ ਅਤੇ ਵਿਵਸਥਾ ਨੂੰ ਖ਼ਤਰਾ ਹੋ ਸਕਦਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਜਿੱਥੇ ਪੰਜਾਬ ਤੇ ਹਰਿਆਣਾ ਦੀਆਂ ਕਈ ਸਿਆਸੀ ਪਾਰਟੀਆਂ ਦੇ ਲੋਕਾਂ ਦੇ ਮੂੰਹ ‘ਤੇ ਮੁੜ ਰੌਣਕਾ ਪਰਤ ਆਈਆਂ ਹਨ, ਉੱਥੇ ਡੇਰਾ ਸਿਰਸਾ ਅੰਦਰ ਇਸ ਖ਼ਬਰ ਦੇ ਆਉਣ ਨਾਲ ਮਾਤਮ ਦਾ ਮਾਹੌਲ ਹੈ।

ਦੱਸ ਦਈਏ ਕਿ ਰਾਮ ਰਹੀਮ ਨੇ ਬੀਤੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜੀ ਪਾ ਕੇ ਇਸ ਲਈ ਜ਼ਮਾਨਤ ਮੰਗੀ ਸੀ ਕਿਉਂਕਿ ਬਾਬੇ ਦਾ ਇਹ ਦਾਅਵਾ ਸੀ ਕਿ ਉਸ ਨੇ ਇੱਕ ਧੀ ਗੋਦ ਲੈ ਰੱਖੀ ਹੈ, ਤੇ ਉਸ ਦਾ 10 ਮਈ ਨੂੰ ਵਿਆਹ ਹੈ। ਬਾਬੇ ਅਨੁਸਾਰ ਉਸ ਨੇ ਆਪਣੀ ਉਸ ਮੂੰਹ ਬੋਲੀ ਬੇਟੀ ਦੇ ਵਿਆਹ ਦਾ ਇੰਤਜਾਮ ਕਰਨਾ ਹੈ, ਜਿਸ ਲਈ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਲੋੜ ਹੈ। ਹਾਈ ਕੋਰਟ ਨੇ ਇਸ ‘ਤੇ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ, ਤੇ ਇਸ ਦੇ ਜਵਾਬ ਵਿੱਚ ਸੀਬੀਆਈ ਦੇ ਵਕੀਲਾਂ ਦਾ ਇਹ ਤਰਕ ਸੀ, ਕਿ ਜਿਸ ਲੜਕੀ ਨੂੰ ਰਾਮ ਰਹੀਮ ਨੇ ਗੋਦ ਲਈ ਲੜਕੀ ਦੱਸਿਆ ਹੈ, ਅਸਲ ਵਿੱਚ ਬਾਬੇ ਨੇ ਉਸ ਲੜਕੀ ਨੂੰ ਕਾਨੂੰਨੀ ਤੌਰ ‘ਤੇ ਗੋਦ ਲਿਆ ਹੀ ਨਹੀਂ ਹੈ, ਤੇ ਜੇਕਰ ਰਾਮ ਰਹੀਮ ਨੂੰ ਇਸ ਬਿਨ੍ਹਾਂ ‘ਤੇ ਅਦਾਲਤ ਨੇ ਜਮਾਨਤ ‘ਤੇ ਰਿਹਾਅ ਕੀਤਾ ਤਾਂ ਉਹ ਅਜਿਹੀਆਂ ਕਈ ਹੋਰ ਲੜਕੀਆਂ ਦੇ ਸਹਾਰੇ ਆਉਣ ਵਾਲੇ ਸਮੇਂ ਵਿੱਚ ਮੁੜ ਰਿਹਾਈ ਦੀ ਮੰਗ ਕਰੇਗਾ।

ਇਸ ਤੋਂ ਇਲਾਵਾ ਰਾਮ ਚੰਦਰ ਛੱਤਰਪਤੀ ਨਾਮ ਦੇ ਜਿਸ ਪੱਤਰਕਾਰ ਦਾ ਕਤਲ ਕਰਨ ਦੇ ਦੋਸ਼ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਉਸ ਦੇ ਪੁੱਤਰ ਅਨੁਸ਼ਲ ਛੱਤਰਪਤੀ ਨੇ ਵੀ ਬਾਬੇ ਨੂੰ ਜਮਾਨਤ ‘ਤੇ ਰਿਹਾਅ ਕਰਨ ਦਾ ਵਿਰੋਧ ਕੀਤਾ ਹੈ। ਛਤਰਪਤੀ ਦੇ ਵਕੀਲਾਂ ਦਾ ਕਹਿਣਾ ਹੈ, ਕਿ ਜਿਸ ਵੇਲੇ ਪੰਚਕੂਲਾ ਵਿੱਚ ਬਾਬੇ ਨੂੰ ਸਜ਼ਾ ਹੋਈ ਸੀ ਤਾਂ ਉਸ ਵੇਲੇ ਹੋਈ ਹਿੰਸਾ ਵਿੱਚ 36 ਬੰਦੇ ਮਾਰੇ ਗਏ ਸਨ, ਜਿਨ੍ਹਾਂ ਦੀ ਲਈ ਰਾਮ ਰਹੀਮ ਜਿੰਮੇਵਾਰ ਹੈ।

ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਕੇਸ ਵਿੱਚ ਸ਼ਿਕਾਇਤ ਕਰਤਾ ਹੰਸ ਰਾਜ ਚੌਹਾਨ ਨੇ ਵੀ ਰਾਮ ਰਹੀਮ ਦੀ ਰਿਹਾਈ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਸੀ, ਕਿ ਜੇਕਰ ਬਾਬਾ ਬਾਹਰ ਆ ਗਿਆ ਤਾਂ ਉਹ ਬਾਹਰ ਆ ਕੇ ਇਸ ਸਬੂਤਾਂ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

- Advertisement -

ਅੱਜ ਇਸ ਮਾਮਲੇ ਵਿੱਚ ਅਦਾਲਤ ਨੇ 40 ਮਿੰਟ ਦੀ ਸੁਣਵਾਈ ਕੀਤੀ, ਤੇ ਇਹ ਤਰਕ ਦਿੱਤਾ ਕਿ ਜੇਕਰ ਬਾਬੇ ਨੇ ਆਪਣੀ ਮੂੰਹ ਬੋਲੀ ਲੜਕੀ ਦੇ ਵਿਆਹ ਵਿੱਚ ਕੁਝ ਰਸਮਾਂ ਕਰਨੀਆਂ ਹਨ ਤਾਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਅਦਾਲਤ ਅਨੁਸਾਰ ਇਹ ਰਸਮਾਂ ਰਾਮ ਰਹੀਮ ਦਾ ਪੁੱਤਰ ਅਤੇ ਉਨ੍ਹਾਂ ਦੀ ਪਤਨੀ ਵੀ ਅਦਾ ਕਰ ਸਕਦੇ ਹਨ, ਪਰ ਕਿਸੇ ਦੀ ਇੱਛਾ ਅਨੁਸਾਰ ਕਾਨੂੰਨ ਝੁਕ ਨਹੀਂ ਸਕਦਾ। ਹਾਈ ਕੋਰਟ ਅਨੁਸਾਰ ਚੋਣਾਂ ਮੌਕੇ ਰਾਮ ਰਹੀਮ ਨੂੰ ਜ਼ਮਾਨਤ ਦੇਣਾ ਕਾਨੂੰਨ ਅਤੇ ਵਿਵਸਥਾ ਲਈ ਖ਼ਤਰਾ ਹੋ ਸਕਦਾ ਹੈ। ਲਿਹਾਜਾ ਬਾਬੇ ਦੀ ਜ਼ਮਾਨਤ ਅਰਜੀ ਹਾਈ ਕੋਰਟ ਨੇ ਰੱਦ ਕਰ ਦਿੱਤੀ।

ਇਸ ਖ਼ਬਰ ਦੇ ਬਾਹਰ ਆਉਣ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੱਖ ਵੱਖ ਚਰਚਾਵਾਂ ਨਾਲ ਗਰਮਾ-ਗਰਮ ਹੋ ਗਿਆ ਹੈ। ਜਿਸ ਵਿੱਚ ਹਰ ਕੋਈ ਆਪਣਾ ਆਪਣਾ ਤਰਕ ਦੇ ਰਿਹਾ ਹੈ, ਕੋਈ ਕਹਿੰਦਾ ਹੈ ਕਿ ਬਾਬੇ ਦੇ ਭਗਤਾਂ ਨੂੰ ਕੋਈ ਪਾਰਟੀ ਪਸੰਦ ਤਾਂ ਆ ਨਹੀਂ ਰਹੀ, ਪਤਾ ਨਹੀਂ ਕਿਹੜੀ ਪਾਰਟੀ ਦੇ ਵਿਰੁੱਧ ਜਾਣਗੇ? ਕੋਈ ਕਹਿੰਦਾ ਹੈ ਕਿ ਜੇ ਬਾਬਾ ਬਾਹਰ ਆ ਗਿਆ ਤਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ਨੂੰ ਪ੍ਰਭਾਵਿਤ ਕਰੇਗਾ ਤੇ ਬਾਅਦ ਵਿੱਚ ਸਿਆਸਤਦਾਨਾਂ ਦੇ ਆਸ਼ੀਰਵਾਦ ਨਾਲ ਸਦਾ ਲਈ ਬਾਹਰ ਆ ਜਾਵੇਗਾ ਤੇ ਕੋਈ ਕਹਿੰਦਾ ਹੈ ਕਿ ਜੇ ਇਹ ਇੱਕ ਬਾਹਰ ਆ ਗਿਆ ਤਾਂ ਫਿਰ ਮੁੜ ਅੰਦਰ ਨਹੀਂ ਜਾਵੇਗਾ ਤੇ ਇਹ ਕਈਆਂ ਨੂੰ ਮਰਾਵੇਗਾ। ਕੁੱਲ ਮਿਲਾ ਕੇ ਬਾਬੇ ਦੀ ਜ਼ਮਾਨਤ ਅਰਜੀ ਰੱਦ ਹੋਣ ਦੀ ਖ਼ਬਰ ਉਨ੍ਹਾਂ ਸੀਟਾਂ ਦੇ ਉਮੀਦਵਾਰਾਂ ਲਈ ਖੁਸ਼ੀਆਂ ਲੈ ਕੇ ਆਈ ਹੈ ਜਿਨ੍ਹਾਂ ਸੀਟਾਂ ‘ਤੇ ਬਾਬੇ ਦੇ ਭਗਤਾਂ ਦੀ ਗਿਣਤੀ ਵੱਧ ਹੈ। ਹੁਣ ਇਹ ਖੁਸ਼ੀ ਕਿੰਨੀ ਦੇਰ ਤੱਕ ਕਾਇਮ ਰਹਿੰਦੀ ਹੈ ਇਸ ਦਾ ਪਤਾ ਤਾਂ 23 ਮਈ ਤੋਂ ਬਾਅਦ ਹੀ ਲੱਗ ਪਾਏਗਾ।

Share this Article
Leave a comment