ਰਾਜ ਸਭਾ ‘ਚ ਅਮਿਤ ਸ਼ਾਹ ਦਾ ਵੱਡਾ ਐਲਾਨ, ਖਤਮ ਕਰਤੀ ਧਾਰਾ 370? ਜੰਮੂ ਕਸ਼ਮੀਰ ਕੋਲ ਨਹੀਂ ਰਿਹਾ ਹੁਣ ਵਿਸ਼ੇਸ ਰਾਜ ਦਾ ਦਰਜਾ?

TeamGlobalPunjab
3 Min Read

ਨਵੀਂ ਦਿੱਲੀ :ਇਸ ਵਕਤ ਦੀ ਵੱਡੀ ਖਬਰ ਰਾਜ ਸਭਾ ਤੋਂ ਆ ਰਹੀ ਹੈ ਜਿੱਥੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲਦਿਆਂ ਨਾ ਸਿਰਫ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੇ ਆਰਟੀਕਲ 370 ਨੂੰ ਖਤਮ  ਕਰਨ ਦਾ ਐਲਾਨ ਕੀਤਾ ਹੈ, ਬਲਕਿ ਗ੍ਰਹਿ ਮੰਤਰੀ ਅਨੁਸਾਰ ਜੰਮੂ ਕਸ਼ਮੀਰ ਸੂਬੇ ਦਾ ਹੁਣ ਪੁਨਰ ਗਠਨ ਕੀਤਾ ਜਾਵੇਗਾ। ਜਿਸ ਤਹਿਤ ਅਮਿਤ ਸ਼ਾਹ ਨੇ ਪ੍ਰਸਤਾਵ ਰੱਖਿਆ ਹੈ ਕਿ ਇਸ ਸੂਬੇ ਨੂੰ 2 ਕੇਂਦਰ ਸ਼ਾਸਤ ਸੂਬਿਆਂ ਵਿੱਚ ਵੰਡ ਦਿੱਤਾ ਜਾਵੇ ਲੱਦਾਖ ਤੇ ਜੰਮੂ ਕਸ਼ਮੀਰ। ਇਸ ਪ੍ਰਸਤਾਵ ਤਹਿਤ ਲੱਦਾਖ ਇੱਕ ਅਜਿਹਾ ਕੇਂਦਰ ਸਾਸ਼ਤ ਸੂਬਾ ਹੋਵੇਗਾ ਜਿਸ ਦੀ ਕੋਈ ਅਸੈਂਬਲੀ ਨਹੀਂ ਹੋਵੇਗੀ ਤੇ ਜੰਮੂ ਕਸ਼ਮੀਰ ਅਸੈਂਬਲੀ ਵਾਲਾ ਕੇਂਦਰ ਸਾਸ਼ਤ ਸੂਬਾ ਹੋਵੇਗਾ

ਇਹ ਐਲਾਨ ਕੇਂਦਰੀ ਕੈਬਨਿਟ ਦੀ ਉਸ ਮੀਟਿੰਗ ਤੋਂ ਬਾਅਦ ਨਿੱਕਲ ਕੇ ਸਾਹਮਣੇ ਆਇਆ ਹੈ ਜਿਹੜੀ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਹੋਈ ਸੀ। ਦੱਸ ਦਈਏ ਕਿ ਆਰਟੀਕਲ 370 ਸੰਵਿਧਾਨ ਦੀ ਉਹ ਧਾਰਾ ਹੈ ਜਿਹੜੀ ਕਿ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ ਰਾਜ ਦਾ ਦਰਜ਼ਾ ਦਵਾਉਂਦੀ ਹੈ ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦਹਾਕਿਆਂ ਤੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ ਰਾਜ ਦਾ ਦਰਜਾ ਦਿੱਤੇ ਜਾਣ ਦਾ ਵਿਰੋਧ ਕਰਦੀ ਆ ਰਹੀ ਹੈ। ਸ਼ਾਇਦ ਇਹੋ ਕਾਰਨ ਰਿਹਾ ਕਿ ਬੀਜੇਪੀ ਨੇ ਇਸ ਮੁੱਦੇ ਨੂੰ 2 ਵਾਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਲ ਕੀਤਾ ਸੀ।

ਹੁਣ ਤੋਂ ਥੋੜੀ ਦੇਰ ਪਹਿਲਾਂ ਜਿਉਂ ਹੀ ਅਮਿਤ ਸ਼ਾਹ ਨੇ ਆਰਟੀਕਲ 370 ਨੂੰ ਖਤਮ ਕੀਤੇ ਜਾਣ ਦਾ ਐਲਾਨਨਾਮਾ ਪੜ੍ਹਨਾਂ ਸ਼ੁਰੂ ਕੀਤਾ ਉਸ ਨੂੰ ਸੁਣਦਿਆਂ ਸਾਰ ਸਦਨ ਅੰਦਰ ਬੈਠੀਆਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਜਬਰਦਸਤ ਹੰਗਾਮਾ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਿਹੜੇ ਸੱਤਾਧਾਰੀ ਪਾਰਟੀ ਦੇ ਲੋਕ ਹੰਗਾਮੇ ਦੌਰਾਨ ਅਕਸਰ ਆਪਣੇ ਭਾਸ਼ਣ ਨੂੰ ਰੋਕ ਦਿਆ ਕਰਦੇ ਹਨ ਉਹ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਗੱਲ ਦੀ ਪ੍ਰਵਾਹ ਹੀ ਨਹੀਂ ਕਿਤੀ ਕਿ ਕੌਣ ਕਿੰਨਾਂ ਰੌਲਾ ਪਾ ਰਿਹਾ ਹੈ ਤੇ ਅੰਤਾਂ ਦੇ ਰੌਲੇ ਵਿੱਚ ਵੀ ਉਨ੍ਹਾਂ ਨੇ ਉਹ ਸਭ ਪੜ੍ਹ ਕੇ ਸੁਣਾ ਦਿੱਤਾ ਜੋ ਉਹ ਪਹਿਲਾਂ ਤੈਅ ਕਰਕੇ ਆਏ ਸਨ।

ਇੱਥੇ ਇਹ ਦੱਸ ਦਈਏ ਕਿ ਫਿਲਹਾਲ ਅਮਿਤ ਸ਼ਾਹ ਵੱਲੋਂ  ਇਹ ਸਿਰਫ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਤੇ ਇਸ ‘ਤੇ ਸੰਸਦ ਦੇ ਦੋਨਾਂ ਸਦਨਾਂ ਅੰਦਰ ਬਹਿਸ ਕੀਤੇ ਜਾਣ ਤੋਂ ਬਾਅਦ ਜੇਕਰ ਇਹ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਫਿਰ ਉਹ ਰਾਸ਼ਟਰਪਤੀ ਕੋਲ ਜਾਵੇਗਾ ਤੇ ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਾਅਦ ਗੈਜਟ ‘ਚ ਸ਼ਾਮਲ ਹੁੰਦਿਆਂ ਹੀ ਇਹ ਕਨੂੰਨੀ ਰੂਪ ਅਖਤਿਆਰ ਕਰ ਲਵੇਗਾ।

- Advertisement -

Share this Article
Leave a comment