ਚੰਡੀਗੜ੍ਹ : ਬੀਤੇ ਦਿਨੀਂ ਨਾਭਾ ਦੀ ਨਵੀਂ ਜੇਲ੍ਹ ਅੰਦਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਦੇ ਹੋਏ ਕਤਲ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਲਗਾਤਾਰ ਸਿਆਸਤਦਾਨਾਂ ਅਤੇ ਜਥੇਬੰਦੀਆਂ ਵੱਲੋਂ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ। ਕਤਲ ਤੋਂ ਬਾਅਦ ਕਈ ਜਥੇਬੰਦੀਆਂ ਵੱਲੋਂ ਤਾਂ ਕਤਲ ਕਰਨ ਦੀ ਜਿੰਮੇਵਾਰੀ ਵੀ ਆਪਣੇ ‘ਤੇ ਲੈ ਲਈ ਹੈ ਕਿ ਕਤਲ ਉਨ੍ਹਾਂ ਨੇ ਕਰਵਾਇਆ ਹੈ। ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮੰਨੇ ਜਾਂਦੇ ਮਹਿੰਦਰਪਾਲ ਬਿੱਟੂ ਦੇ ਕਤਲ ਅਤੇ ਬੇਅਦਬੀ ਕਾਂਡ ਸਮੇਂ ਬਣੇ ਹਾਲਾਤਾਂ ਬਾਰੇ ਜਦੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਵੱਲੋਂ ਬਰਗਾੜੀ ਮੋਰਚੇ ਦੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਕਈ ਅਹਿਮ ਖੁਲਾਸੇ ਕੀਤੇ। ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਬਿੱਟੂ ਦਾ ਕਤਲ ਸਿੱਖ ਸੰਗਤ ‘ਚ ਭਾਰੀ ਰੋਸ ਕਾਰਨ ਸਿੱਖ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ। ਇੱਥੇ ਹੀ ਉਨ੍ਹਾਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਬਿੱਟੂ ਦੀ ਮੌਤ ਨਾਲ ਜਾਂਚ ਪ੍ਰਭਾਵਿਤ ਹੋਣ ਵਾਲੇ ਦਿੱਤੇ ਬਿਆਨ ਨਾਲ ਵੀ ਸਹਿਮਤੀ ਜਤਾਉਣ ਤੋਂ ਇਨਕਾਰ ਕਰ ਦਿੱਤਾ। ਭਾਈ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ਲਈ ਬਿੱਟੂ ਦੇ ਕਤਲ ਨੂੰ ਬਹਾਨਾ ਬਣਾ ਕੇ ਇਹ ਤਿੰਨੇ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ‘ਚ ਪੈ ਕੇ ਇਸ ਨੂੰ ਗਲਤ ਢੰਗ ਨਾਲ ਪ੍ਰਚਾਰ ਕਰ ਰਹੇ ਹਨ। ਭਾਈ ਗੁਰਦੀਪ ਸਿੰਘ ਨੇ ਖੁਲਾਸਾ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦਾ ਸੀ ਉਸ ਨੂੰ ਬਾਕਾਇਦਾ ਤੌਰ ‘ਤੇ ਡੇਰੇ ਵੱਲੋਂ ਪੈਸੇ ਮਿਲਦੇ ਸਨ ਅਤੇ ਹਦਾਇਤਾਂ ਜਾਰੀ ਹੁੰਦੀਆਂ ਸਨ, ਜੋ ਕਿ ਡੇਰਾ ਮੁਖੀ ਦੀ ਸਹਿਮਤੀ ਨਾਲ ਹੀ ਹੁੰਦਾ ਸੀ।
ਬਰਗਾੜੀ ਮੋਰਚੇ ਦੇ ਮੁੱਖ ਮੈਂਬਰ ਭਾਈ ਗੁਰਦੀਪ ਸਿੰਘ ਨੇ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।