ਹਾਥਰਸ ਕਾਂਡ: ਚੰਡੀਗੜ੍ਹ ਵਿੱਚ ਵਿਦਿਆਰਥੀਆਂ, ਲੇਖਕਾਂ, ਵਕੀਲਾਂ, ਮੁਲਾਜ਼ਮਾਂ ਅਤੇ ਸਮਾਜਸੇਵੀਆਂ ਨੇ ਕੀਤਾ ਮੁਜ਼ਾਹਰਾ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪਲਾਜ਼ਾ ਚੰਡੀਗੜ੍ਹ ਵਿਖੇ ਸ਼ਹਿਰ ਦੇ ਵਿਦਿਆਰਥੀਆਂ, ਲੇਖਕਾਂ, ਵਕੀਲਾਂ, ਮੁਲਾਜ਼ਮਾਂ ਅਤੇ ਸਮਾਜਸੇਵੀਆਂ ਨੇ ਹਾਥਰਸ ਵਿਖੇ ਦਲਿਤ ਲੜਕੀ ਦੇ ਰੇਪ, ਜੀਭ ਕੱਟਣ ਅਤੇ ਕਤਲ ਦੇ ਖਿਲਾਫ ਇਕ ਜੋਰਦਾਰ ਮੁਜ਼ਾਹਰਾ ਕੀਤਾ।

ਬੁਲਾਰਿਆਂ ਵਿਚ ਪੂਟਾ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਸਟੂਡੈਂਟ ਕੌਸਲ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕੰਨੂ ਪ੍ਰੀਆ, ਡਾ. ਪਿਆਰੇ ਲਾਲ ਗਰਗ, ਗੁਰਦੀਪ ਸਿੰਘ ਪ੍ਰਧਾਨ ਅੰਬੇਡਕਰ ਸਟੂਡੈਂਟ ਕੌਸਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਨਾਮ ਕੰਵਰ ਅਤੇ ਹਜ਼ਾਰਾ ਸਿੰਘ ਚੀਮਾ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਡਾ. ਅਮੀਰ ਸੁਲਤਾਨਾ ਪੀ. ਯੂ. ਸੈਨੇਟਰ, ਡਾ. ਕੁਲਦੀਪ ਪੂਰੀ, ਡਾ ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਪ੍ਰਗਤੀਸ਼ੀਲ ਲੇਖਕ ਸੰਘ, ਕਾ. ਇੰਦਰਜੀਤ ਸਿੰਘ ਅਤੇ ਸੱਜਣ ਸਿੰਘ, ਵਿਦਿਆਰਥੀ ਨੇਤਾ ਅਮਨ, ਵੱਡੀ ਗਿਣਤੀ ਵਿਚ ਵਿਦਿਆਰਥੀ, ਪੰਜਾਬ ਲੇਖਕ ਸਭਾ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਚਨਾਰਥਲ, ਸਾਹਿਤ ਚਿੰਤਨ ਤੋਂ ਸਰਦਾਰਾ ਸਿੰਘ ਚੀਮਾ ਨੇ ਭਰਵੀਂ ਸ਼ਮੂਲੀਅਤ ਕੀਤੀ। ਉਪਰੋਕਤ ਤੋਂ ਇਲਾਵਾ ਦਿਲਦਾਰ ਸਿੰਘ, ਵਕੀਲ ਰਾਜੀਵ ਗੋਦਾਰਾ, ਸਾਥੀ ਕੰਵਲਜੀਤ ਸਿੰਘ, ਪ੍ਰੀਤਮ ਸਿੰਘ ਹੁੰਦਲ, ਊਸ਼ਾ ਕੰਵਰ ਅਤੇ ਮਾ. ਮੋਹਲ ਨਾਲ ਰਾਹੀ ਵੀ ਧਰਨੇ ਵਿਚ ਸ਼ਾਮਲ ਹੋਏ।

- Advertisement -

ਬੁਲਾਰਿਆਂ ਨੇ ਯੂ. ਪੀ. ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਔਰਤਾਂ ਅਤੇ ਖਾਸ ਕਰਕੇ ਬੱਚੀਆਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਨਾ ਕਰਨ ਨੂੰ ਮੰਦਭਾਗਾ ਅਤੇ ਲੜਕੀ ਦਾ ਅੰਤਿਮ ਸੰਸਕਾਰ ਅੱਧੀ ਰਾਤੀਂ ਕਰਨ ਨੂੰ ਗੈਰ ਮਾਨਵੀ ਕੁਕਰਮ ਦੇ ਨਾਲ ਨਾਲ ਉਸ ਬੱਚੀ ਅਤੇ ਉਸ ਦੇ ਪ੍ਰੀਵਾਰ ਨਾਲ ਨਾ- ਇਨਸਾਫੀ ਕਿਹਾ। ਉਨ੍ਹਾਂ ਕਿਹਾ ਪ੍ਰੀਵਾਰ ਨੂੰ ਅੰਤਮ ਸਮੇਂ ਬੱਚੀ ਦਾ ਚਿਹਰਾ ਵੀ ਨਾ ਦੇਖਣ ਦੇਣਾ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਨਾ ਕਰਨਾ ਮੰਦਭਾਗਾ ਅਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਕਦਮ ਹੈ। ਬੁਲਾਰਿਆਂ ਨੇ ਥਾਂ ਥਾਂ ਦਲਿਤਾਂ, ਘੱਟ ਗਿਣਤੀ ਤਬਕਿਆਂ ਅਤੇ ਮਜ਼ਦੂਰਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਲਈ ਮੋਦੀ ਅਤੇ ਜੋਗੀ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਦੇਸ਼ ਵਿਚ ਵੱਧ ਰਹੀ ਕੱਟੜਤਾ, ਅਸਿਹਣਸ਼ਿਲਤਾ, ਅਤੇ ਘੱਟ ਗਿਣਤੀਆਂ ਅਤੇ ਵਖਰੇਵੇਂ ਦੀ ਆਵਾਜ਼ ਨੂੰ ਦਬਾਉਣ ਅਤੇ ਮਸਲਣ ਦੀ ਸਖਤ ਨਿੰਦਾ ਕੀਤੀ।

ਧਰਨੇ ਦੇ ਅੰਤ ਵਿਚ ਦਲਿਤ ਬੱਚੀ ਦੇ ਹੱਕ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਅਾ ਅਤੇ ਇਸ ਸਮੇਂ ‘ਮਨੀਸ਼ਾ ਨੂੰ ਇਨਸਾਫ ਦੇਵੋ’, ‘ਯੋਗੀ ਮੋਦੀ ਸਰਕਾਰਾਂ ਮੁਰਦਾਬਾਦ’ ਨਾਅਰਿਆਂ ਨਾਲ ਅਕਾਸ਼ ਗੂੰਜ ਉਠਿਆ।

Share this Article
Leave a comment