ਕੁਲਵੰਤ ਸਿੰਘ
ਪਟਿਆਲਾ : ਕਿੰਨਰ ! ਜਾ ਹਿਜੜਾ ! ਇਹ ਅਜਿਹੇ ਸ਼ਬਦ ਹਨ ਜਿਸ ਦਾ ਉਚਾਰਣ ਕਰਦਿਆਂ ਹੀ ਸਾਡੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ ਕੁਝ ਅਜਿਹੀਆਂ ਤਸਵੀਰਾਂ, ਜਿਸ ਵਿਚ ਕੁਝ ਅਣਜਾਣ ਚਿਹਰੇ ਕਦੇ ਲੜਕੀਆਂ ਵਾਲੇ ਪਹਿਰਾਵੇ ਪਾਈ ਤਾੜੀਆਂ ਮਾਰ ਮਾਰ ਮਰਦਾਂ ਵਾਲੀ ਆਵਾਜ਼ ਵਿਚ ਆਪਣੇ ਆਪ ਨੂੰ ਔਰਤ ਦੱਸਦੇ ਹੋਏ ਦਿਖਾਈ ਦਿੰਦੇ ਹਨ ਤੇ ਕਦੀ ਢੋਲਕੀ ਦੀ ਥਾਪ ਤੇ ਨੱਚਦੇ ਅਸ਼ਲੀਲ ਭਾਸ਼ਾ ਵਰਤ ਕੇ ਲੋਕਾਂ ਨੂੰ ਆਪਣੀ ਗੱਲ ਮਨਾਉਂਦੇ । ਪਰ ਦੱਸ ਦਈਏ ਕਿ ਇਹ ਤਸਵੀਰਾਂ ਸਾਡੀਆਂ ਅੱਖਾਂ ਅੱਗੇ ਤਾਂ ਦਿਖਾਈ ਦਿੰਦੀਆਂ ਹਨ ਕਿਉਂਕਿ ਮੌਜੂਦਾ ਸਮੇ ਇਹ ਲੋਕ ਸਾਡੇ ਆਲੇ ਦੁਆਲੇ ਜਿਉਂਦੇ ਜਾਗਦੇ ਘੁੰਮ ਰਹੇ ਹਨ। ਹੁਣ ਜੇਕਰ ਤੁਹਾਨੂੰ ਕੋਈ ਅਜਿਹਾ ਕਹੇ ਕਿ ਕਿੰਨਰ ਜਾਂ ਹਿਜੜੇ ਆਉਣ ਵਾਲੇ ਸਮੇਂ ‘ਚ ਇਸ ਧਰਤੀ ਤੋਂ ਅਲੋਪ ਹੋ ਜਾਣਗੇ, ਤਾਂ ਤੁਸੀਂ ਇਸ ‘ਤੇ ਡੂੰਘਾ ਅਫਸੋਸ ਪ੍ਰਗਟਾਵਾ ਕਰੋਗੇ। ਪਰ ਦੱਸ ਦਈਏ ਕਿ ਭਵਿੱਖ ‘ਚ ਇਹ ਸੱਚ ਹੋਣ ਜਾ ਰਿਹਾ ਹੈ, ਇੱਕ ਅਜਿਹਾ ਕੌੜਾ ਸੱਚ ਇਸ ‘ਤੇ ਅਦਾਲਤ ਨੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਇਸ ਲਈ ਉਸਾਰੂ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਇਸ ਸਬੰਧ ‘ਚ ਗਲੋਬਲ ਪੰਜਾਬ ਟੀਵੀ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੋਈ ਸਮਾਂ ਸੀ ਜਦੋਂ ਕਿਸੇ ਦੇ ਘਰ ‘ਚ ਕੋਈ ਬੱਚਾ ਹਿਜੜੇ ਦੇ ਰੂਪ ‘ਚ ਪੈਦਾ ਹੁੰਦਾ ਤਾਂ ਉਸ ਘਰ ‘ਚ ਮਾਤਮ ਛਾ ਜਾਂਦਾ। ਮਾਂ ਬਾਪ ਇਹ ਸੋਚ ਕੇ ਮਰ-ਮਰ ਜਾਂਦੇ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਾਡੀ ਬੜੀ ਬਦਨਾਮੀ ਹੋਵੇਗੀ। ਬਿਨਾਂ ਇਸ ਗੱਲ ਦਾ ਧਿਆਨ ਕੀਤਿਆਂ, ਕਿ ਅਜਿਹਾ ਕਰਕੇ ਉਹ ਮਾਂ-ਬਾਪ ਆਪਣੇ ਉਸ ਨਵ ਜੰਮੇ ਬੱਚੇ ਨੂੰ ਹੀਣ ਭਾਵਨਾ ਵਾਲਾ ਅਜਿਹਾ ਜੀਵਨ ਦੇਣ ਜਾ ਰਹੇ ਹਨ ਜਿਸ ਵਿੱਚ ਉਹ ਨਾ ਜਿਉਂਦਿਆਂ ‘ਚ ਹੋਵੇਗਾ ਤੇ ਨਾ ਮਰਿਆਂ ‘ਚ। ਪਰ ਕਹਿੰਦੇ ਨੇ ਇਹ ਗੱਲ ਨਾ ਅੱਜ ਤੱਕ ਕੋਈ ਲਕੋਅ ਸਕਿਆ ਹੈ ਤੇ ਨਾ ਲਕੋਅ ਸਕੇਗਾ। ਲਿਹਾਜਾ ਹਿਜੜਾ ਸਮਾਜ ਨੂੰ ਪਤਾ ਲੱਗਦਿਆਂ ਹੀ ਉਹ ਬੱਚਾ ਹਿਜੜਾ ਸਮਾਜ ਵਾਲੇ ਲੈ ਜਾਂਦੇ ਹਨ। ਯਾਨੀ ਕਿ ਮਾਂ ਬਾਪ ਦੀ ਮਮਤਾ ਵਿਲਕਦੀ ਰਹਿ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਉਸ ਬੱਚੇ ਦਾ ਅਜਿਹਾ ਜੀਵਨ, ਜਿਹੜਾ ਮਰਦ ਤੇ ਔਰਤਾਂ ਦੇ ਇਸ ਸਮਾਜ ਨਾਲੋਂ ਬਿਲਕੁਲ ਵੱਖਰਾ ਹੈ। ਜਿਸ ਵਿੱਚ ਹਿਜੜਿਆਂ ਦੇ ਸਰਾਪ ਤੋਂ ਲੋਕ ਡਰਦੇ ਤਾਂ ਹਨ ਪਰ ਉਨ੍ਹਾਂ ਨੂੰ ਇੱਜਤ ਤੇ ਬਰਾਬਰਤਾ ਦਾ ਅਧਿਕਾਰ ਕੋਈ ਨਹੀਂ ਦਿੰਦਾ। ਅਜਿਹੇ ਵਿੱਚ ਹਿਜੜੇ ਪੈਸੇ ਤਾਂ ਖੂਬ ਕਮਾਉਂਦੇ ਹਨ ਤੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਵੀ ਜਿਉਂਦੇ ਹਨ। ਪਰ ਦਿਲ ‘ਚ ਇਕ ਕਸਕ ਹੁੰਦੀ ਹੈ ਕੀ ਉਨ੍ਹਾਂ ਦੀ ਵੀ ਕੋਈ ਇੱਜ਼ਤ ਕਰੇ। ਉਨ੍ਹਾਂ ਨੂੰ ਵੀ ਕੋਈ ਧੀ-ਪੁੱਤ , ਭੈਣ- ਭਰਾ , ਸੱਸ-ਨੂੰਹ, ਨੂੰਹ-ਜਵਾਈ ਤੇ ਖਾਸ ਕਰਕੇ ਪਤੀ ਜਾਂ ਪਤਨੀ ਵਾਂਗ ਪਿਆਰ ਕਰੇ। ਪਰ ਉਨ੍ਹਾਂ ਦੀ ਸਰੀਰਕ ਬਣਤਰ ਤੇ ਜਜ਼ਬਾਤ ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੰਦੇ।
ਪਰ ਕਹਿੰਦੇ ਨੇ ਲੋੜ ਕਾਢ ਦੀ ਮਾਂ ਹੈ। ਇਸ ਵਾਰ ਉਹ ਮਾਂ ਬਣੀ ਹੈ ਡਾਕਟਰ, ਜਿਹੜੇ ਕੀ ਨਵੇਂ ਪੈਦਾ ਹੋਣ ਵਾਲੇ ਹਿਜੜੇ ਬੱਚਿਆਂ ਦਾ ਆਪਰੇਸ਼ਨ ਕਰਕੇ ਉਨ੍ਹਾਂ ਨੂੰ ਗੈਰ-ਕੁਦਰਤੀ ਤਰੀਕੇ ਨਾਲ ਮੁੰਡਾ ਜਾਂ ਕੁੜੀ ਬਣਾ ਰਹੇ ਹਨ। ਬਿਨ੍ਹਾਂ ਇਹ ਸੋਚਿਆਂ ਕਿ ਪੈਦਾ ਹੋਣ ਵਾਲੇ ਇਸ ਬੱਚੇ ਦੇ ਭਵਿੱਖ ਵਿੱਚ ਉਸਦਾ ਸਰੀਰ ਕਿਹੋ ਜਿਹੇ ਹਾਰਮੋਨਜ਼ ਪੈਦਾ ਕਰਦਾ ਹੈ।ਉਹ ਹਰਮੋਨਜ਼ ਜਿਹੜੇ ਇਹ ਤੈਅ ਕਰਦੇ ਹਨ ਕਿ ਉਸ ਇਨਸਾਨ ਅੰਦਰ ਔਰਤ ਵਾਲੇ ਗੁਣ ਹਨ ਜਾਂ ਮਰਦ ਵਾਲੇ। ਜਿਸ ਕਾਰਨ ਜਦੋਂ ਡਾਕਟਰ ਕਿਸੇ ਹਿਜੜੇ ਬੱਚੇ ਦਾ ਆਪਰੇਸ਼ਨ ਕਰਕੇ ਉਸ ਨੂੰ ਮੁੰਡਾ ਜਾਂ ਕੁੜੀ ਬਣਾ ਦਿੰਦੇ ਹਨ ਤੇ ਉਸ ਮੁੰਡੇ ਜਾਂ ਕੁੜੀ ਦੇ ਵੱਡੇ ਹੋਕੇ ਹਾਰਮੋਨਜ਼ ਇਹ ਦੱਸਦੇ ਹਨ ਕਿ ਆਪਰੇਸ਼ਨ ਕਰਕੇ ਜੋ ਰੂਪ ਉਸ ਨੂੰ ਦਿੱਤਾ ਗਿਆ ਹੈ। ਉਸਦਾ ਸਰੀਰ ਉਸ ਨਾਲ ਮੇਲ ਨਹੀਂ ਖਾਂਦਾ। ਉਦਾਹਰਨ ਦੇ ਤੌਰ ‘ਤੇ ਜੇਕਰ ਡਾਕਟਰ ਨੇ ਬੱਚੇ ਦਾ ਆਪਰੇਸ਼ਨ ਕਰਕੇ ਉਸ ਨੂੰ ਮਰਦ ਦਾ ਰੂਪ ਦੇ ਦਿੱਤਾ ਤੇ ਵੱਡੇ ਹੋਕੇ ਉਸ ਬੱਚੇ ਅੰਦਰ ਔਰਤਾਂ ਵਾਲੇ ਹਾਰਮੋਨਲ ਬਦਲਾਅ ਆ ਗਏ ਤਾਂ ਉਹ ਫਿਰ ਉਹ ਮਰਦ ਜਾਂ ਔਰਤ ਤਾਂ ਦੂਰ ਕਿੰਨਰਾਂ ‘ਚ ਵੀ ਨਹੀਂ ਰਹਿ ਸਕੇਗਾ। ਇਹੋ ਹਾਲ ਆਪਰੇਸ਼ਨ ਕਰਕੇ ਬਣਾਈ ਗਈ ਕੁੜੀ ਨਾਲ ਹੋਏਗਾ ਜਿਸ ਅੰਦਰ ਜੇਕਰ ਹਰਮੋਨਲ ਬਦਲਾਅ ਮੁੰਡਿਆਂ ਵਾਲੇ ਆ ਗਏ ਤਾਂ।
ਇਹੋ ਜਿਹੇ ਹੀ ਇਕ ਮਾਮਲੇ ‘ਤੇ ਫੈਸਲਾ ਦਿੰਦੀਆਂ ਤਾਮਿਲਨਾਡੂ ਦੀ ਮਦਰਾਸ ਹਾਈਕੋਰਟ ਨੇ ਸਥਾਨਿਕ ਸੂਬਾ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਮੱਧਲਿੰਗੀ ਯਾਨਿ ਕਿੰਨਰ ਪੈਦਾ ਹੋਏ ਬੱਚਿਆਂ ਨੂੰ ਮੁੰਡਾ ਜਾਂ ਕੁੜੀ ਬਣਾਉਣ ਵਾਲੇ ਆਪਰੇਸ਼ਨਾਂ ‘ਤੇ ਤੁਰੰਤ ਪਾਬੰਦੀ ਲਗਾਵੇ। ਫੈਸਲਾ ਸੁਣਾਦਿਆਂ ਜੱਜ ਨੇ ਕਿਹਾ ਕਿ ਕਿੰਨਰਾਂ ਨੂੰ ਆਪਣਾ ਲਿੰਗ ਖੁਦ ਤੈਅ ਕਰਨ ਦਾ ਅਧਿਕਾਰ ਹੈ ਕਿ ਉਸਨੇ ਮਰਦ ਬਣਕੇ ਜ਼ਿੰਦਗੀ ਬਸ਼ਰ ਕਰਨੀ ਹੈ ਜਾਂ ਔਰਤ ਬਣਕੇ ਕਿਸੇ ਮਰਦ ਦੀ ਜ਼ਿੰਦਗੀ ਨੂੰ ਚਾਰ ਚੰਨ ਲਗਾਉਣੇ ਹਨ। ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਸਬੰਧ ‘ਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਵੇ ਤੇ ਲੋਕਾਂ ਨੂੰ ਸਮਝਾਵੇ ਕਿ ਜੇਕਰ ਕਿਸੇ ਦੇ ਘਰ ਮੱਧਲਿੰਗੀ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਉਸ ਬੱਚੇ ਨੂੰ ਆਪਣੇ ਪਰਿਵਾਰ ਨਾਲ ਰਹਿਣ ਦਾ ਪੂਰਾ ਅਧਿਕਾਰ ਹੈ। ਜੱਜ ਮੁਤਾਬਿਕ ਆਪਣੀਆਂ ਮਨੁੱਖੀ ਸਰਹੱਦਾਂ ਜਾਂ ਉਸਤੋਂ ਅੱਗੇ ਦੀ ਗੱਲ ਕਰਨਾ ਘਾਤਕ ਹੋਵੇਗਾ ਤੇ ਹੁਣ ਸਮਾਂ ਆ ਗਿਆ ਹੈ ਕਿ ਸਦੀਆਂ ਤੋਂ ਸਮਾਜ ਦੇ ਦੁਰਕਾਰੇ ਤੇ ਲਤਾੜੇ ਹੋਏ ਇਸ ਭਾਈਚਾਰੇ ਨੂੰ ਮੁੱਖ ਧਾਰਾ ‘ਚ ਲਿਆਂਦਾ ਜਾਵੇ ਤਾਂ ਕਿ ਇਹ ਲੋਕ ਵੀ ਖੁਦ ਨੂੰ ਹਿੱਜੜੇ ਨਹੀਂ ਇਕ ਰੱਬੀ ਕਾਇਨਾਤ ਦਾ ਹਿੱਸਾ ਮਹਿਸੂਸ ਕਰਕੇ ਫਖਰ ਵਾਲੀ ਜ਼ਿੰਦਗੀ ਮਾਣ ਸਕਣ।
ਇਹ ਤਾਂ ਸੀ ਉਹ ਫੈਸਲਾ ਜਿਹੜਾ ਅਦਾਲਤ ਨੇ ਦਿੱਤਾ ਤੇ ਸਾਡੀ ਡਿੱਗ ਰਹੀ ਮਾਨਸਿਕਤਾ ਨੂੰ ਇਕ ਸ਼ੀਸ਼ਾ ਦਿਖਾਇਆ ਕਿ ਅਸੀਂ ਕੁਦਰਤ ਦੀ ਇਸ ਹਸੀਨ ਬਣਤਰ ਨਾਲ ਨਫਰਤ ਕਰਕੇ ਇਸ ਸਮਾਜ ਕੋਲੋਂ ਮਰਜ਼ੀ ਨਾਲ ਜਿਉਂਣ ਦਾ ਹੱਕ ਵੀ ਖੋਹ ਰਹੇ ਹਾਂ। ਸ਼ਾਇਦ ਇਹੋ ਕਾਰਨ ਹੈ ਕਿ ਮਾਂ-ਪਿਓ ਪੈਦਾ ਹੋਏ ਆਪਣੇ ਕਿੰਨਰ ਬੱਚੇ ਦਾ ਉਸਦੀ ਮਰਜ਼ੀ ਤੋਂ ਬਿਨ੍ਹਾਂ ਆਪਰੇਸ਼ਨ ਕਰਵਾਕੇ ਮੁੰਡਾ ਜਾਂ ਕੁੜੀ ਦਾ ਰੂਪ ਦੇਕੇ ਰੱਬ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕੀ ਕੁਦਰਤ ਨੂੰ ਸਿੱਧੀ ਸਿੱਧੀ ਵੰਗਾਰ ਹੈ। ਜੇਕਰ ਅਜਿਹਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਤੋਂ ਕਿੰਨਰ ਨਾਂ ਦਾ ਪ੍ਰਾਣੀ ਖਤਮ ਹੋ ਜਾਏਗਾ ਤੇ ਉਸ ਲਈ ਜ਼ਿੰਮੇਵਾਰ ਹੋਣਗੀਆਂ ਉਹ ਸਰਕਾਰਾਂ ਜਿਹੜੀਆਂ ਸ਼ੇਰਾਂ ਸਣੇ ਹੋਰ ਜਾਨਵਰਾਂ ਨੂੰ ਬਚਾਉਣ ਲਈ ਤਾਂ ਲੱਖਾਂ ਕਰੋੜਾਂ ਲਾਕੇ ਵਿਸ਼ੇਸ਼ ਮੁਹਿੰਮਾਂ ਵਿੱਢ ਰਹੀਆਂ ਹਨ ਪਰ ਆਪਣੇ ਢਿੱਡੋਂ ਜੰਮੇ ਕਿੰਨਰ ਭਾਈਚਾਰੇ ਨੂੰ ਚੁੱਪ-ਚਾਪ ਖਤਮ ਹੁੰਦਿਆਂ ਦੇਖ ਰਹੀਆਂ ਹਨ।