ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਤਿੰਨ ਜ਼ਿਲ੍ਹਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 21 ਮੌਤਾਂ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਲਈ ਕਿਹਾ ਹੈ।
ਦੱਸ ਦਈਏ ਕਿ ਬੀਤੀ ਰਾਤ ਬਟਾਲਾ ਦੀ ਸੰਘਣੀ ਆਬਾਦੀ ਵਾਲੇ ਖੇਤਰ ਹਾਥੀ ਗੇਟ ਨੇੜਲੇ ਮੁਹੱਲਿਆਂ ਵਿੱਚ ਜ਼ਹਿਰਲੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਵੀ ਦੱਸਣ ਯੋਗ ਹੈ ਕਿ ਕੁਝ ਵਿਅਕਤੀ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਅਤਿ ਗੰਭੀਰ ਹੈ। ਅੰਮ੍ਰਿਤਸਰ ਸਥਿਤ ਪੁਲਿਸ ਥਾਣਾ ਤਰਸਿੱਕਾ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਇਸ ਤੋਂ ਪਹਿਲਾ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ ਹੋਈਆਂ ਸਨ। ਪਿੰਡ ਦੇ ਹੋਰ ਵਿਅਕਤੀ ਵੀ ਸ਼ਰਾਬ ਪੀਣ ਨਾਲ ਬਿਮਾਰ ਹੋਣ ਕਰਕੇ ਇਲਾਜ ਅਧੀਨ ਹਨ ਜਿਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਦਰਜਨ ਤੋਂ ਵੱਧ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਕੁਝ ਲੋਕ ਸਿਵਲ ਹਸਪਤਾਲ ਤਰਨਤਾਰਨ ਵਿਖੇ ਵੀ ਦਾਖਲ ਦੱਸੇ ਜਾ ਰਹੇ ਹਨ। ਸੂਬੇ ‘ਚ ਬੀਤੇ ਦੋ ਦਿਨਾਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹਸਪਤਾਲ ‘ਚ ਇਲਾਜ ਜੇਰੇ ਹਨ।