ਬਿਹਾਰ ਤੇ ਪੰਜਾਬ ਸਰਕਾਰ ਤੋਂ ਮੰਗੀ ਸੁਰੱਖਿਆ, ਕਿਹਾ ਡੇਰਾ ਮੁਖੀ ਨੂੰ ਮਾਫੀ ਦੇ ਬਾਕੀ ਸੱਚ ਤੋਂ ਵੀ ਚੱਕਾਂਗਾ ਪਰਦਾ
ਅੰਮ੍ਰਿਤਸਰ : ਜਿਸ ਦਿਨ ਤੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸਨ ਉਸੇ ਦਿਨ ਤੋਂ ਗਿਆਨੀ ਇਕਬਾਲ ਸਿੰਘ ਨੇ ਆਪਣੇ ਵਿਰੋਧੀਆਂ ਵਿਰੁੱਧ ਹਮਲਾਵਰ ਰੁੱਖ ਅਪਣਾ ਰੱਖਿਆ ਹੈ। ਪਹਿਲਾਂ ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣਾ ਹੀ ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਆਪਣੇ ਆਕਾਵਾਂ ਦੇ ਹੁਕਮ ‘ਤੇ ਕੀਤੀ ਗਈ ਘਪਲੇਬਾਜ਼ੀ ਕਰਾਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ ਉਨ੍ਹਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਉਪਰੰਤ ਗਿਆਨੀ ਹੁਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਅੱਗੇ ਪੇਸ਼ ਹੋ ਕੇ ਸੌਦਾ ਸਾਧ ਨੂੰ ਦਿੱਤੀ ਗਈ ਮਾਫੀ ਦੋ ਪੋਲ ਖੋਲ੍ਹਣਗੇ ਤੇ ਹੁਣ ਉਨ੍ਹਾਂ ਨੇ ਪੰਜਾਬ ਤੇ ਬਿਹਾਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਉਸੇ ਬੋਰਡ ਮੈਂਬਰ ਕਮਿੱਕਰ ਸਿੰਘ ਮੁਕੱਦਮਪੁਰ ਉਨ੍ਹਾਂ ਨੂੰ ਜਾਨ ਤੋਂ ਮਰਵਾ ਸਕਦੇ ਹਨ, ਤੇ ਜੇਕਰ ਉਨ੍ਹਾਂ ਨੂੰ ਕਿਸੇ ਪਾਸੋਂ ਜਾਨ-ਮਾਲ ਦਾ ਨੁਕਸਾਨ ਹੋਇਆ ਤਾਂ ਉਸ ਦੇ ਜਿੰਮੇਵਾਰ ਇਹ 3 ਲੋਕ ਹੋਣਗੇ।
ਗਿਆਨੀ ਇਕਬਾਲ ਸਿੰਘ ਨੇ ਇਹ ਗੱਲਾਂ ਕੋਈ ਹਵਾ ਵਿੱਚ (ਜੁਬਾਨੀ-ਕਲਾਮੀ) ਨਹੀ ਕੀਤੀਆਂ ਬਲਕਿ ਪੰਜਾਬ ਅਤੇ ਬਿਹਾਰ ਦੇ ਮੁੱਖ ਮੰਤਰੀਆਂ ਕੋਲੋਂ ਸੁਰੱਖਿਆ ਦੀ ਮੰਗ ਕਰਦਿਆਂ ਦੋਵਾਂ ਸਰਕਾਰਾਂ ਨੂੰ ਬਕਾਇਦਾ ਤੌਰ ‘ਤੇ ਪੱਤਰ ਭੇਜ ਕੇ ਲਿਖਤੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ਪੱਤਰਾਂ ਵਿੱਚ ਉਨ੍ਹਾਂ ਨੇ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸੁਖਬੀਰ ਬਾਦਲ,ਕਮਿੱਕਰ ਸਿੰਘ ਅਤੇ ਅਵਤਾਰ ਸਿੰਘ ਹਿੱਤ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਭ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੇ ਰਾਮ ਰਹੀਮ ਨੂੰ ਮਾਫੀ ਦੇਣ ਦਾ ਸੱਚ ਮੀਡੀਆ ਵਿੱਚ ਉਜਾਗਰ ਕੀਤਾ। ਗਿਆਨੀ ਇਕਬਾਲ ਸਿੰਘ ਅਨੁਸਾਰ ਹੁਣ ਹਲਾਤ ਇਹ ਹਨ ਕਿ ਉਹ ਆਪਣੇ ਘਰ ਵਿੱਚ ਹੀ ਇੱਕ ਕਮਰੇ ਵਿੱਚ ਬੰਦ ਹੋ ਕੇ ਕੈਦੀ ਵਾਂਗ ਜੀਅ ਰਹੇ ਹਨ। ਇੱਥੇ ਦੱਸ ਦਈਏ ਕਿ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਚੱਲ ਰਹੀ ਜਾਂਚ ਦਾ ਮਾਮਲਾ 9 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਹਿਬਾਨਾਂ ਦੀ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰੇ ਜਾਣ ਦੀ ਪੂਰੀ ਸੰਭਾਵਨਾਂ ਹੈ। ਗਿਆਨੀ ਹੁਰਾਂ ਨੂੰ ਸੇਵਾ ਮੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਿਰੁੱਧ ਮੁੜ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਵਿਰੁੱਧ ਸ਼ਾਜ਼ਿਸ਼ ਕਰਾਰ ਦਿੱਤਾ ਹੈ।
ਇਸ ਤੋਂ ਇਲਾਵਾ ਗਿਆਨੀ ਇਕਬਾਲ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਚਿੱਠੀ ਲਿਖ ਕੇ ਆਪਣੀ ਜਾਨ ਦਾ ਖਤਰਾ ਦੱਸਦਿਆਂ 9 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਸਮੇਂ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਉੱਥੇ ਸਕੱਤਰੇਤ ਦੇ ਕਮਰੇ ‘ਚ ਨਹੀਂ ਜਾਣਗੇ ਬਲਕਿ ਸੰਗਤ ਦੀ ਹਾਜ਼ਰੀ ਵਿੱਚ ਪੁੱਜਣਗੇ। ਉਨ੍ਹਾਂ ਧਮਕੀ ਦਿੱਤੀ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੇ ਜਾਣ ਦੇ ਮੁੱਦੇ ‘ਤੇ ਜਿਹੜਾ ਸੱਚ ਅਜੇ ਪਰਦੇ ਪਿੱਛੇ ਹੈ ਉਹ ਉਸ ਸੱਚ ਤੋਂ ਵੀ ਪਰਦਾ ਚੁੱਕ ਕੇ ਸੰਗਤਾਂ ਸਾਹਮਣੇ ਰੱਖਣਗੇ।
ਇੱਧਰ ਦੂਜੇ ਪਾਸੇ ਤਖ਼ਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਗਿਆਨੀ ਇਕਬਾਲ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਤੇ ਕਿਹਾ ਹੈ ਕਿ ਨਾ ਤਾਂ ਗਿਆਨੀ ਹੁਰਾਂ ਨੂੰ ਕੋਈ ਧਮਕੀ ਦਿੱਤੀ ਹੈ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤੋਂ ਜਾਨ ਮਾਲ ਦਾ ਖਤਰਾ ਹੈ ਹਾਂ ਇੰਨਾਂ ਜਰੂਰ ਹੈ ਕਿ ਉਨ੍ਹਾਂ ਨੂੰ ਬੋਰਡ ਵੱਲੋਂ ਦਿੱਤੀ ਗਈ ਰਹਾਇਸ਼ ਖਾਲੀ ਕੀਤੇ ਜਾਣ ਲਈ ਅਪੀਲ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੰਗਤਾਂ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸ਼੍ਰੀ ਪਟਨਾ ਸਹਿਬ ਵਿਖੇ ਭੇਂਟ ਕਰਨ ਲਈ ਕੁਝ ਅਹਿਮ ਚੀਜ਼ਾਂ ਦਿੱਤੀਆਂ ਗਈਆਂ ਸਨ ਜਿਹੜੀਆਂ ਕਿ ਗਿਆਨੀ ਹੁਰਾਂ ਨੇ ਆਪਣੇ ਕੋਲ ਹੀ ਰੱਖ ਲਈਆਂ ਹਨ ਤੇ ਇਹ ਵਸਤਾਂ ਗਿਆਨੀ ਜੀ ਤੋਂ ਮੰਗੀਆਂ ਗਈਆਂ ਹਨ।