ਨਿਊਜ਼ ਡੈਸਕ(ਵੀਰੇਂਦਰ ਸਰਦਾਨਾ ਅਤੇ ਇੰਦੂ ਰਿਆਲਚ) : ਅਜਿਹਾ ਮੰਨਿਆ ਜਾਂਦਾ ਹੈ ਕਿ ਤਿਲ਼ ਵਿਸ਼ਵ ਦੀ ਪ੍ਰਾਚੀਨਤਮ ਤੇਲ ਬੀਜ ਫ਼ਸਲ ਹੈ । ਜਿਸ ਦੀ ਉਤਪਤੀ ਭਾਰਤ ਵਿਚ ਹੋਈ। ਇਹ ਪੁਰਾਤਨ ਕਾਲ ਤੋਂ ਹੀ ਭਾਰਤੀ ਸਮਾਜਿਕ ਅਤੇ ਧਾਰਮਿਕ ਰਿਵਾਇਤਾਂ ਨਾਲ ਜੁੜੀ ਇੱਕ ਮਹਤੱਵਪੂਰਣ ਤੇਲ ਬੀਜ ਫ਼ਸਲ ਹੈ। ਇਸ ਦੇ ਬੀਜਾਂ ‘ਚ ਲਗਭਗ 40-55% ਤੇਲ, 20-25% ਪ੍ਰੋਟੀਨ, 15% ਕਾਰਬੋਹਾਈਡਰੇਟਸ, ਵਿਟਾਮਿਨ ਅਤੇ ਕੁਝ ਲਾਭਦਾਇਕ ਖਣਿਜ ਪਦਾਰਥ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਲੰਬੇ ਚਿਰ ਤਕ ਇਸ ਦੇ ਬੀਜ ਅਤੇ ਤੇਲ ਦੀ ਗੁਣਵੱਤਾ ਬਣਾਈ ਰਖਦੇ ਹਨ।
ਤਿਲ਼ ਦੇ ਤੇਲ ਨੂੰ ਤੇਲਾਂ ਦੀ ਰਾਣੀ ਕਿਹਾ ਜਾਂਦਾ ਹੈ। ਇਸ ਦੇ ਤੇਲ ਵਿਚ ਮੱਫਾ (ਓਮੇਗਾ 9 ਯਾਨੀ ਓੱਲਿਕ ਅਮਲ) ਅਤੇ ਪੂੱਫਾ (ਮੁੱਖ ਤੌਰ ‘ਤੇ ਲਿਨੋਲਿਕ ਏਸਿਡ ਯਾਨੀ ਓੱਮੇਗਾ 6) ਦੋਂਵੇ ਤਰ੍ਹਾਂ ਦੇ ਫੈਟੀ ਏਸਿਡ ਲਗਭਗ ਬਰਾਬਰ ਮਾਤਰਾ (40-45%) ‘ਚ ਹੁੰਦੇ ਹਨ। ਖਾਣਾ ਪਕਾਉਣ ਤੋਂ ਇਲਾਵਾ ਤਿਲ਼ ਦੇ ਤੇਲ ਦੀ ਵਰਤੋਂ ਕਈ ਬਿਮਾਰਿਆਂ (ਹੈਪਾਟਾਇਟਿਸ, ਮੂੰਹ ਦਾ ਅਲਸਰ, ਸ਼ੁਗਰ, ਮਾਈਗ੍ਰੇਨ) ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਇਸ ਦਾ ਤੇਲ ਜਿਗਰ (ਲੀਵਰ) ਅਤੇ ਕਿਡਨੀ ਦੀ ਸ਼ਾਂਭ ਸੰਭਾਲ, ਕਮਜੋਰ ਹੱਡਿਆਂ ਅਤੇ ਜੋੜਾ ਦੀ ਮਾਲਿਸ਼ ਕਰਨ ਅਤੇ ਰੂਪ ਸ਼ਿਂਗਾਰ ਲਈ ਵਰਤੇ ਜਾਣ ਵਾਲੇ ਕਾਸਮੈਟਿੱਕਸ ਲਈ ਵੀ ਵਰਤਿਆ ਜਾਂਦਾ ਹੈ। ਤਿਲ਼ ਦੇ ਤੇਲ ਵਿਚ ਚਰਮ ਰੋਗਾਂ ਨੂੰ ਫੈਲਾਉਣ ਵਾਲੇ ਬੈਕਟੀਰਿਆ ਅਤੇ ਉੱਲੀ ਦਾ ਟਾਕਰਾ ਕਰਨ ਵਾਲੇ ਵਿਸ਼ੇਸ਼ ਗੁਣ ਹੁੰਦੇ ਹਨ।
ਤਿਲ਼ ਦੇ ਬੀਜ ‘ਚ ਦੁਧ, ਬਦਾਮ ਅਤੇ ਚੀਜ਼ ਤੋਂ ਵੱਧ ਕੈਲਸ਼ੀਅਮ ਹੁੰਦਾ ਹੈ। ਬੀਜ ਵਿਚ ਮੌਜੂਦ ਪ੍ਰੋਟੀਨ, ਅਮੀਨੋ ਏਸਿਡ ਖਾਸਕਰ ਮਿਥਿਓਨਿੱਨ, ਨਾਇਆਸਿਨ, ਫਾਈਟੋਸਟੀਰੋਲ, ਟੋਕੋਫਿਰੋਲ, ਵਿਟਾਮਨ (ਏ, ਬੀ, ਬੀ-2 ਅਤੇ ਈ) ਅਤੇ ਲਿਗਨਿਨ ਸ਼ਰੀਰ ਨੂੰ ਤਰੋਤਾਜਾ ਰਖਦੇ ਹਨ। ਇਨ੍ਹਾ ਵਿਸ਼ੇਸ਼ਤਾਵਾਂ ਕਾਰਨ ਤਿਲ਼ ਦੇ ਬੀਜ ਦੀ ਵਰਤੇਂ ਮੁੱਖ ਤੌਰ ‘ਤੇ ਬੱਚਿਆਂ ਦੇ ਖਾਣਯੋਗ ਪਦਾਰਥ, ਬੇਕਰੀ ਅਤੇ ਕਨਫੈਕਸ਼ਨਰੀ ਪਦਾਰਥ ਬਣਾੳਣ ਲਈ ਕੀਤੀ ਜਾਂਦੀ ਹੈ। ਛਿਲਕਾ ਰਹਿਤ ਬੀਜ ‘ਚ ਪ੍ਰੋਟੀਨ ਦੀ ਮਾਤਰਾ ਵੱਧ ਅਤੇ ਕਰੂਡ ਫਾਈਬਰ, ਔਕਸਾਲੇਟ ਦੀ ਮਾਤਰਾ ਘੱਟ ਹੁੰਦੀ ਹੈ। ਵਿਦੇਸ਼ਾਂ ਵਿਚ ਤਿਲ਼ ਵਿਸੇਸ਼ਕਰ ਛਿਲਕਾ ਰਹਿਤ ਚਿੱਟੇ ਤਿਲ਼ ਦੀ ਬਹੁਤ ਮੰਗ ਹੈ।
ਸੂਰਜਮੁਖੀ, ਸੋਇਆਬੀਨ, ਕਸੁੰਭੜਾ, ਪਾਮ, ਝੋਨੇ ਦੀ ਛਿੱਲ, ਮੱਕੀ, ਕਪਾਹ ਆਦਿ ਦਾ ਸਸਤਾ ਤੇਲ ਉੱਪਲਬੱਧ ਹੋਣ ਸਦਕਾ ਤਿਲ਼ ਦੀ ਵਰਤੋਂ ਇੱਕ ਖਾਣ ਵਾਲੇ ਤੇਲ ਦੇ ਰੂਪ ‘ਚ ਘੱਟਦੀ ਜਾ ਰਹੀ ਹੈ। ਲੇਕਿਨ ਕਨਫ਼ੈਕਸਰੀ ਪਦਾਰਥਾ ‘ਚ ਵਰਤੋਂ ਸਦਕਾ ਇਸ ਦੀ ਖਪੱਤ ਲਗਾਤਾਰ ਵੱਧ ਰਹੀ ਹੈ। ਭਾਰਤ 17.3% ਹਿੱਸੇਦਾਰੀ ਨਾਲ ਤਿਲ਼ ਦੇ ਨਿਰਯਾਤ ‘ਚ ਵਿਸ਼ਵ ‘ਚ ਦੂਜੇ ਨੰਬਰ ਤੇ ਹੈ ਜੋ ਕਿ ਸਲਾਨਾ ਲਗਭਗ 3000-3200 ਕਰੋੜ ਰੁਪਏ ਦਾ ਲਗਭਗ 3.5 ਲੱਖ ਟਨ ਤਿਲ਼ ਨਿਰਯਾਤ ਕਰਦਾ ਹੈ। ਦੇਸ਼ ਦੇ ਅੰਦਰ ਅਤੇ ਵਿਸ਼ਵ ਮੰਡੀ ‘ਚ ਇਸ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਸ ਦਾ ਉਤਪਾਦਨ ਵਧਾਉਣ ਦੀ ਪੁਰਜੋਰ ਲੋੜ ਹੈ। ਇਨ੍ਹਾਂ ਦੀ ਕਾਸ਼ਤ ਨੂੰ ਉਤਸਾਹਤ ਕਰਨ ਅਤੇ ਜਿਆਦਾ ਲਾਹੇਵੰਦ ਬਣਾਉਣ ਲਈ ਸਰਕਾਰ ਹਰ ਸਾਲ ਇਨ੍ਹਾਂ ਦੇ ਸਮਰਥਨ ਮੁੱਲ ਵਿਚ ਵਾਧਾ ਕਰ ਰਹੀ ਹੈ। ਫ਼ਸਲੀ ਸਾਲ 2020-21 ਦੇ ਨਯੂਨਤਮ ਸਮਰਥਨ ਮੁੱਲ 6855 ਰੁਪਇਯੇ ਪ੍ਰਤੀ ਕੁਇੰਟਲ ਦੇ ਮੁਕਾਬਲੇ ਫ਼ਸਲੀ ਸਾਲ 2021-22 ਲਈ ਤਿਲ ਦਾ ਨਯੂਨਤਮ ਸਮਰਥਨ ਮੁੱਲ 7307 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ।
ਕਾਸਤ ਦੇ ਢੰਗ: ਪੰਜਾਬ ‘ਚ ਤਿਲ਼ ਦਾ ਔਸਤ ਝਾੜ 1.5 ਕੁਇੰਟਲ ਪ੍ਰਤੀ ਏਕੜ ਹੈ ਜੋ ਇਸ ਦੀ ੳਤਪਾਦਨ ਸਮਰਥਾ ਦਾ ਲਗਭਗ ਇਕ-ਤਿਹਾਈ ਹੈ। ਫ਼ਸਲ ਉਤਪਾਦਨ ਦੇ ਸੂਚੱਜੇ ਢੰਗ ਅਪਣਾ ਕੇ ਅਨੁਕੂਲ ਵਾਤਾਵਰਣ ‘ਚ, ਲਗਭਗ ਤਿੱਨ ਮਹੀਨੀਆਂ ਵਿਚ ਪੱਕ ਜਾਣ ਵਾਲੀਆਂ ਕਿਸਮਾਂ ਘੱਟ ਲਾਗਤ ਵਾਲੀ ਇਸ ਫ਼ਸਲ ਤੋਂ ਵਧੇਰੇ ਮੁਨਾਫਾ ਲਿਆ ਜਾ ਸਕਦਾ ਹੈ।
ਜਮੀਨ: ਦਰਮਿਆਨੀ ਉਪਜਾਊ ਸ਼ਕਤੀ ਵਾਲੀ ਅਤੇ ਨਮੀਂ ਸੰਭਾਲ ਸਕਣ ਵਾਲੀ ਰੇਤਲੀ ਮੈਰਾ ਜ਼ਮੀਨ ਤਿਲ਼ ਦੀ ਫ਼ਸਲ ਲਈ ਸਭ ਤੋਂ ਢੁਕਵੀਂ ਹੈ। ਕੱਲਰਾਠਿਆਂ ਜ਼ਮੀਨਾਂ ਵਿਚ ਇਸ ਦੀ ਕਾਸ਼ਤ ਨਾ ਕਰੋ।
ਮੌਸਮ: ਤਿਲ਼ ਇੱਕ ਗਰਮ ਅਤੇ ਅੱਧ-ਗਰਮ ਖੇਤਰ ਦਾ ਪੌਦਾ ਹੈ।ਇਸ ਦੀ ਕਾਸ਼ਤ ਫ਼ਸਲ ਦੌਰਾਨ 300 ਮਿਲੀਮੀਟਰ ਤੋਂ 600 ਮਿਲੀਮੀਟਰ ਵਰਖਾ ਵਾਲੇ ਇਲਾਕਿਆਂ ਵਿਚ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ।ਬੀਜ ਪੁੰਗਰਣ ਦੀ ਅਵਸਥਾ ਤੋਂ ਫਲੀਆਂ ਬਣਣ ਦੀ ਅਵਸਥਾ ਤੱਕ ਔਸਤਨ ਤਾਪਮਾਨ 25-33 ਡਿਗਰੀ ਸੈਂਟੀਗ੍ਰੇਡ ਇਸ ਲਈ ਸਭ ਤੋਂ ਢੁਕਵਾਂ ਹੈ। ਫਰਟੀਲਾਈਜੇਸ਼ਨ ਅਤੇ ਫਲੀਆਂ ਬਣਣ ਦੀ ਅਵਸਥਾ ਤੇ 40 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਨੁਕਸਾਨ ਦਾਇਕ ਹੈ। ਇਹ ਫਸਲ ਲੰਬੇ ਚਿਰ ਤੱਕ ਸੌਕਾ ਅਤੇ ਥੌੜੇ ਸਮੇਂ ਲਈ ਵੀ ਖੜੇ ਪਾਣੀ ਨੂੰ ਸਹਿਣ ਨਹੀਂ ਕਰ ਸਕਦੀ।ਫੱਲ ਪੈਣ ਦੀ ਅਵਸਥਾ ਤੇ ਕਈ ਦਿਨਾਂ ਤੱਕ ਬੱਦਲ਼ ਵਾਹੀ ਜਾਂ ਭਾਰੀ ਵਰਖਾ ਇਸ ਦੀ ਪਰਾਗਣ ਅਤੇ ਬੀਜ ਭਰਣ ਦੀ ਕਿਰਯਾਵਾਂ ਤੇ ਮਾੜਾ ਅਸਰ ਪਾਉਂਦੀ ਹੈ।
ਕਿਸਮਾਂ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਾਬ ਵਿਚ ਕਾਸ਼ਤ ਲਈ ਤਿਲ਼ ਦੀਆਂ ਦੋ ਕਿਸਮਾਂ – ਪੰਜਾਬ ਤਿਲ਼ ਨੰ: 2 ਅਤੇ ਆਰ ਟੀ 346 ਦੀ ਸਿਫਾਰਸ਼ ਕੀਤੀ ਗਈ ਹੈ।ਇਨ੍ਹਾਂ ਦੋਵੇਂ ਕਿਸਮਾਂ ਦੇ ਬੀਜ ਚਿੱਟੇ ਰੰਗ ਦੇ ਹਨ ਜਿਨ੍ਹਾਂ ਵਿਚ 49% ਤੇਲ ਹੁੰਦਾ ਹੈ।ਅਨੂਕੂਲ ਹਾਲਤਾਂ ਵਿਚ ਇਨ੍ਹਾਂ ਕਿਸਮਾਂ ਤੋਂ 5-6 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।ਪੰਜਾਬ ਤਿਲ਼ ਨੰ: 2 ਵਿਚ ਕਰੂਡ ਫਾਈਬਰ ਦੀ ਮਾਤਰਾ ਆਰ ਟੀ 346 ਨਾਲੋਂ ਜਿਆਦਾ ਹੁੰਦੀ ਹੈ ਅਤੇ ਇਹ ਖਾਣ ਵਿਚ ਜਿਆਦਾ ਸੁਆਦ ਹੈ।ਇਹ ਕਿਸਮਾਂ ਤਿਨ ਮਹੀਨਿਆਂ ਵਿਚ ਪੱਕ ਜਾਂਦੀਆਂ ਹਨ।
ਖੇਤ ਦੀ ਤਿਆਰੀ: ਤਿਲ਼ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਜਿਸ ਦੇ ਇੱਕਸਾਰ ਅਤੇ ਚੰਗੇ ਜੱਮ ਲਈ ਖੇਤ ਦੀ ਚੰਗੀ ਤਿਆਰੀ ਜਰੂਰੀ ਹੈ।ਤਿਲ਼ ਦੀ ਫ਼ਸਲ (ਖਾਸਕਰ ਸ਼ੁਰੁਆਤੀ ਅਵਸਧਾ ਵਿਚ) ਖੜੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ। ਇਸ ਲਈ ਖੇਤ ਤੋਂ ਜਲ ਨਿਕਾਸੀ ਦਾ ਉਚੱਤ ਪ੍ਰੰਬਧ ਹੋਣਾ ਜਰੂਰੀ ਹੈ।ਖੇਤ ਵਿਚ ਪਿਛਲੀ ਫ਼ਸਲ ਦੀ ਰਹਿੰਦ-ਖੁੰਦ ਅਤੇ ਨਦੀਨਾਂ ਦੀ ਸਫਾਈ ਲਈ ਹੱਲ ਜਾਂ ਤਵੀਆਂ ਨਾਲ 2-3 ਵਾਹੀਆ ਕਰੋ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ।
ਬਿਜਾਈ ਦਾ ਸਮਾਂ: ਤਿਲ਼ ਦੀ ਬਿਜਾਈ ਜੂਲਾਈ ਦੇ ਪਹਿਲੇ ਪੰਦਰਵਾੜੇ ਭਰਵਾਂ ਰੌਣੀ ਕਰਕੇ ਜਾਂ ਚੰਗਾ ਮੀਹ ਪੈਣ ੳਪਰੰਤ ਕਰਨੀ ਚਾਹੀਦੀ ਹੈ। ਇੱਸ ਤੋਂ ਅਗੇਤੇ ਬਿਜਾਈ ਕਰਨ ਨਾਲ ਫੁੱਲ ਪੈਣ ਦੀ ਅਵਸੱਧਾ ਦੇ ਫ਼ਸਲ ਫੁਲ਼ਾਂ ਦੇ ਰੋਗ (ਫਾਇਲੋਡੀ) ਦੀ ਚਪੇਟ ਵਿਚ ਆ ਸਕਦੀ ਹੈ ਜੋ ਇੱਕ ਵਿਸ਼ਾਣੂ ਰੋਗ ਹੈ ਜਿਸ ਕਾਰਨ ਫੱਲੀਆਂ ਨਹੀਂ ਬਣਦਿਆਂ। ਪਛੇਤੀ ਬਿਜਾਈ ਕਰਣ ਨਾਲ ਫ਼ਸਲ ਦੀ ਵਾਡੀ ‘ਚ ਦੇਰੀ ਕਾਰਨ ਅਗਲੀ ਫ਼ਸਲ ਦੀ ਬਿਜਾਈ ‘ਚ ਦੇਰੀ ਹੋਵੇਗੀ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਡੰਗ: ਤਿਲ਼ਾਂ ਦੀ ਬਿਜਾਈ ਲਈ ਇੱਕ ਕਿਲੋ ਬੀਜ ਪ੍ਰਤੀ ਏਕੜ ਕਾਫੀ ਹੈ। ਬੀਜ ਅਕਾਰ ਵਿਚ ਬਰੀਕ ਹੁੰਦੇ ਹਨ ਅਤੇ ਬੀਜ ਦੀ ਘੱਟ ਮਾਤਰਾ ਹੀ ਚਾਹੀਦੀ ਹੈ, ਬਿਜਾਈ ਵਿਚ ਆਣ ਵਾਲੀ ਮੁਸ਼ਕਲ ਨੂੰ ਧਿਆਨ ਵਿਚ ਰਖਦੇ ਹੋਏ ਬਿਜਾਈ ਸਮੇਂ ਬੀਜ ਵਿਚ ਲੋੜ ਅਨੁਸਾਰ ਸੁੱਖੀ ਰੇਤ ਜਾਂ ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ।
ਬਿਜਾਈ ਹਮੇਸ਼ਾਂ ਕਤਾਰਾਂ ਵਿਚ ਹੀ ਕਰੋ।ਕਤਾਰਾਂ ਵਿਚ ਬੀਜੀ ਫ਼ਸਲ ਵਿਚ ਗੋਡੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਅਤੇ ਪੌਦੇ ਇਕਸਾਰ ਵੱਧਦੇ-ਫੂੱਲਦੇ ਹਨ।ਬਿਜਾਈ ਪੌਰ ਜਾਂ ਡਰਿਲ ਨਾਲ ਕਰੋ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ 30 ਸੈਂਟੀ ਮੀਟਰ ਰੱਖੋ।ਬੀਜ 4-5 ਸੈਂਟੀ ਮੀਟਰ ਦੀ ਡੁੰਘਾਈ ‘ਤੇ ਬੀਜੋ। ਬੀਜ ਉੱਗਣ ਤੋਂ 2-3 ਹਫਤਿਆਂ ਬਾਅਦ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀ ਮੀਟਰ ਰਖਦੇ ਹੋਏ ਵਾਧੂ ਬੂਟੇ ਕੱਢ ਦਿਉ।
ਖਾਦਾਂ: ਤਿਲ਼ ਦੀ ਫ਼ਸਲ ਨੂੰ ਵਧੇਰੇ ਖਾਦਾਂ ਦੀ ਲੌੜ ਨਹੀਂ। ਦਰਮਿਆਨੀ ੳਪਜਾਉ ਸ਼ਕਤੀ ਵਾਲੀਆਂ ਜ਼ਮੀਨਾਂ ਵਿਚ 45 ਕਿਲੋ ਯੂਰੀਆ (21 ਕਿਲੋ ਨਾਈਟੋ੍ਰਜਨ) ਪ੍ਰਤੀ ਏਕੜ ਬਿਜਾਈ ਸਮੇਂ ਡਰਿਲ ਕਰੋ। ਖਾਦ ਦੀ ਲੈੜ ਤੋਂ ਜਿਆਦਾ ਵਰਤੋਂ ਨਾਲ ਨਾ ਕੇਵਲ ਖਰਚਾ ਵਧਦਾ ਹੈ, ਜਿਆਦਾ ਫੈਲਾਅ ਹੌਣ ਕਾਰਨ ਫਲੀਆਂ ਘੱਟ ਬਣਦੀਆਂ ਹਨ ਅਤੇ ਫ਼ਸਲ ਡਿੱਗ ਸਕਦੀ ਹੈ ਜਿਸ ਨਾਲ ਵਾਢੀ ਵਿਚ ਮੁਸ਼ਕਲ ਆਉਂਦੀ ਹੈ ਅਤੇ ਝਾੜ ਤੇ ਮਾੜਾ ਅਸਰ ਪੈਂਦਾ ਹੈ।
ਨਦੀਨਾਂ ਦੀ ਰੋਕਧਾਮ: ਸਾੳਣੀ ਰੁੱਤ ਦੀ ਫ਼ਸਲ ਹੋਣ ਕਾਰਣ ਨਦੀਨ ਇੱਕ ਗੰਭੀਰ ਸਮੱਸਿਆ ਹਨ। ਜਿਨ੍ਹਾਂ ਦੀ ਸਮੇਂ ਸਿਰ, ਖਾਸਕਰ ਸੂਰੂ ਦੇ ਦਿਨਾਂ ਵਿਚ ਜਦੋਂ ਫ਼ਸਲ ਮੱਧਰੀ ਹੂੰਦੀ ਹੈ, ਰੋਕਥਾਮ ਜਰੂਰੀ ਹੈ। ਨਦੀਨਾਂ ਦੀ ਰੋਕਧਾਮ ਲਈ ਫ਼ਸਲ ੳੱਗਣ ਤੋਂ ਤਿੱਨ ਹਫ਼ਤਿਆਂ ਪਿੱਛੋਂ ਅਤੇ ਬੂਟੇ ਵਿਰਲੇ ਕਰਣ ਦੇ ਬਾਅਦ, ਇੱਕ ਗੋਡੀ ਖੁਰਪੇ, ਕਸੋਲੇ ਜਾਂ ਵੀਲ ਹੈਂਡ ਹੋਅ ਨਾਲ ਕਰੋ।ਜੇਕਰ ਲੌੜ ਪਵੇ ਤਾਂ ਪਹਿਲੀ ਗੋਡੀ ਤੋਂ ਤਿੱਨ ਹਫ਼ਤਿਆਂ ਪਿੱਛੋਂ ਇੱਕ ਗੋਡੀ ਹੋਰ ਕਰੋ।
ਸਿੰਚਾਈ: ਵਰਖਾ ਰੂਤ ਦੀ ਫ਼ਸਲ ਹੌਣ ਕਾਰਨ ਆਮ ਤੌਰ ‘ਤੇ ਬਿਜਾਈ ਤੋਂ ਬਾਅਦ ਸਿੰਚਾਈ ਦੀ ਲੌੜ ਨਹੀਂ ਪੈੰਦੀ। ਲੇਕਿਨ ਲੰਬੇ ਚਿਰ ਤੱਕ ਵਰਖਾ ਨਾ ਹੌਣ ਦੀ ਸੂਰਤ ਵਿਚ ਫੁੱਲ ਪੈਣ ਅਤੇ ਫ਼ਲੀਆਂ ਬਣਨ ਦੀ ਅਵਸਧਾ ਦੇ ਸਿੰਚਾਈ ਕਰਨੀ ਜਰੂਰੀ ਹੈ।
ਬਿਮਾਰੀਆਂ
ਫਾਇਲੋਡੀ: ਮਾਈਕੋਪਲਾਜ਼ਮਾ ਵਰਗੇ ਜੀਵ (ਐਮ. ਐਲ. ਓ.) ਇਸ ਰੋਗ ਦੇ ਕਾਰਨ ਹਨ। ਬਿਮਾਰੀ ਵਾਲੇ ਫੁੱਲ ਪੱਤਿਆਂ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ ਅਤੇ ਫ਼ਲੀਆਂ ਨਹੀਂ ਬਣਦੀਆਂ। ਇਹ ਰੋਗ ਤੇਲੇ ਰਾਹੀਂ ਫੈਲਦਾ ਹੈ। ਰੋਗੀ ਬੂਟੇ ਪੁੱਟਦੇ ਰਹੋ ਤਾਂ ਕਿ ਬਿਮਾਰੀ ਅੱਗੇ ਨਾ ਫੈਲ ਸਕੇ।
ਝੁਲਸ ਰੋਗ: ਇਹ ਬਿਮਾਰੀ ਫੁੱਲ ਨਿੱਕਲਣ ਸਮੇਂ ਸ਼ੁਰੂ ਹੁੰਦੀ ਹੈ। ਸ਼ੁਰੂ ਵਿਚ ਪੱਤਿਆਂ ਉੱਤੇ ਟੇਢੇ ਧੱਬੇ ਪੈ ਜਾਂਦੇ ਹਨ, ਜਿਹੜੇ ਵਿਚਕਾਰੋਂ ਹਲਕੇ ਤੇ ਸਿਰਿਆਂ ਤੋਂ ਗੂੜ੍ਹੇ ਭੂਰੇ ਰੰਗ ਦੇ ਹੁੰਦੇ ਹਨ। ਇਹ ਧੱਬੇ ਪੱਤਿਆਂ ਦੀਆਂ ਡੰਡੀਆਂ, ਤਣੇ ਤੇ ਫ਼ਲੀਆਂ ਤੇ ਵੀ ਵੇਖੇ ਜਾ ਸਕਦੇ ਹਨ। ਬਿਮਾਰੀ ਨਾਲ ਝੁਲਸੇ ਬੂਟਿਆਂ ਦੇ ਪੱਤੇ ਸੜ ਕੇ ਡਿੱਗ ਪੈਂਦੇ ਹਨ। ਨਾਈਟ੍ਰੋਜਨ ਖਾਦ ਦੀ ਸੰਕੋਚਵੀਂ ਵਰਤੋਂ ਕਰੋ ਅਤੇ ਫ਼ਸਲ ਵਿਚ ਨਦੀਨ ਨਾ ਹੌਣ ਦਿਉ।
ਕੀੜੇ ਮਕੌੜੇ : ਪੱਤੇ ਦਾ ਜਾਲਾ ਜਾਂ ਫ਼ਲੀ ਦਾ ਗੜੂੰਆਂ: ਇਸ ਦੀਆਂ ਸੁੰਡੀਆਂ ਟਾਹਣੀ ਦੀ ਟੀਸੀ ਦੇ ਦੋ-ਤਿੰਨ ਪੱਤਿਆਂ ਨੂੰ ਜਾਲੇ ਨਾਲ ਜੋੜ ਕੇ ਪੱਤਿਆਂ ਨੂੰ ਜਾਂ ਫ਼ਲੀ ਵਿਚ ਮੋਰੀਆਂ ਕਰ ਕੇ ਬਣ ਰਹੇ ਦਾਣਿਆਂ ਨੂੰ ਖਾਂਦੀਆਂ ਹਨ।ਛੋਟੀ ਫ਼ਸਲ ਤੇ ਹਮਲਾ ਹੋਣ ਦੀ ਸੂਰਤ ਵਿਚ ਬੂਟੇ ਮਰ ਵੀ ਜਾਂਦੇ ਹਨ।ਇਸ ਤੋਂ ਬਚਾਅ ਲਈ ਫ਼ਸਲ ਦੀ ਬਿਜਾਈ ਸਿਫ਼ਾਰਸ਼ ਕੀਤੇ ਸਮੇਂ ਤੇ ਕਰੋ।
ਤੇਲਾ: ਇਹ ਕੀੜਾ ਪੱਤਿਆਂ ਦਾ ਰਸ ਚੂਸਦਾ ਹੈ। ਇਹ ਵਿਸ਼ਾਣੂ ਮਾਦਾ ਵੀ ਛੱਡਦਾ ਹੈ, ਜਿਸ ਦਾ ਫੁੱਲਾਂ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਫ਼ਲ ਚੰਗਾ ਨਹੀਂ ਪੈਂਦਾ। ਜੂਨ ਵਿਚ ਅਗੇਤੀ ਬਿਜਾਈ ਨਾ ਕਰੋ ਕਿਉਂਕਿ ਅਗੇਤੀ ਫ਼ਸਲ ਤੇ ਤੇਲੇ ਦਾ ਹਮਲਾ ਜ਼ਿਆਦਾ ਹੁੰਦਾ ਹੈ।