ਪੰਜਾਬ ਦਾ ਸਿਹਤ ਵਿਭਾਗ ਕਦੋਂ ਮਨਾਉਂਦਾ ਹੈ ਡਿਵਾਰਮਿੰਗ ਡੇਅ

TeamGlobalPunjab
6 Min Read

-ਅਵਤਾਰ ਸਿੰਘ

ਸਿਹਤ ਵਿਭਾਗ ਪੰਜਾਬ ਵਲੋਂ 8 ਫਰਵਰੀ ਨੂੰ ਕੌਮੀ De-worming Day ਮਨਾਇਆ ਜਾ ਰਿਹਾ ਹੈ, ਜਦਕਿ ਕੌਮੀ ਪੱਧਰ ‘ਤੇ ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦਾ ਹੈ। 1 ਤੋਂ 19 ਸਾਲ ਤਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਤੇ ਸਕੂਲਾਂ ਵਿੱਚ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖੁਆਈਆਂ ਜਾ ਰਹੀਆਂ ਹਨ। ਕੋਈ ਗੋਲੀ ਖਾਲੀ ਪੇਟ ਨਾ ਦਿੱਤੀ ਜਾਵੇ ਤੇ ਇਸਨੂੰ ਚਬਾ ਕੇ ਖਾਣ ਦੀ ਹਦਾਇਤ ਕਰਨੀ ਚਾਹੀਦੀ ਹੈ।

ਮਾਹਿਰ ਡਾਕਟਰਾਂ ਮੁਤਾਬਿਕ ਪੇਟ ਦੇ ਕੀੜਿਆਂ ਕਾਰਣ ਕੁਪੋਸ਼ਣ, ਖੂਨ ਦੀ ਕਮੀ, ਕਮਜ਼ੋਰੀ, ਥਕਾਵਟ ਰਹਿੰਦੀ ਹੈ ਜਿਸ ਨਾਲ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਆਮ ਤੌਰ ‘ਤੇ ਲੋਕਾਂ ਤੇ ਖਾਸ ਕਰ ਬੱਚਿਆਂ ਵਿੱਚ ਕਈ ਤਰਾਂ ਦੇ ਕੀੜੇ ਤੇ ਹੋਰ ਪਰਜੀਵੀ ਹੁੰਦੇ ਹਨ।

ਇਹ ਕੀੜੇ ਕਈ ਵਾਰ ਮਲ ਵਿਚ ਵਿਖਾਈ ਦਿੰਦੇ ਹਨ। ਸਫ਼ਾਈ ਨਾ ਰੱਖਣ, ਲਾਗੇ ਕਿਸੇ ਦੇ ਖੰਘਣ ਨਾਲ, ਖੁੱਲੇ ਪਖਾਨਾ ਕਰਨ, ਗੰਦੇ ਮੰਦੇ ਹੱਥ ਜਾਂ ਮੂੰਹ ਵਿਚ ਅੰਗੂਠਾ ਪਾਉਣ, ਨੰਗੇ ਪੈਰੀਂ ਫਿਰਨ,ਨਹੁੰ ਨਾ ਕਟ ਕੇ ਰੱਖਣ,ਫਲ ਤੇ ਸਬਜ਼ੀਆਂ ਨਾ ਧੋਣ ਕਰਕੇ,ਜਿਆਦਾ ਮਿੱਠਾ ਖਾਣ ਨਾਲ, ਕੋਈ ਵੀ ਮੀਟ ਕੱਚਾ ਜਾਂ ਅੱਧ ਪਕਿਆ ਖਾਣ ਤੇ ਖਾਣ ਪੀਣ ਵਾਲੀਆਂ ਚੀਜਾਂ ਨਾ ਢੱਕਣ ਨਾਲ ਮੱਖੀਆਂ ਆਦਿ ਨਾਲ ਕੀੜੇ ਪੈਦਾ ਹੁੰਦੇ ਹਨ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ ਹੈ।

- Advertisement -

ਪੇਟ ਦੇ ਕੀੜਿਆਂ ਦੀਆਂ ਕਿਸਮਾਂ:

(1) ਰਾਊਂਡ ਵਾਰਮ ਗੋਲ ਕੀੜੇ/ਕੇਚੂਏ : ਇਹ 20 ਤੋਂ 30 ਸੈਂਟੀਮੀਟਰ ਲੰਬੇ ਗੁਲਾਬੀ ਜਾਂ ਚਿੱਟੇ ਰੰਗ ਦੇ ਹੁੰਦੇ ਹਨ। ਮਾਦਾ ਕੀੜਾ ਇਕ ਦਿਨ ਵਿਚ ਦੋ ਲੱਖ ਚਾਲੀ ਹਜ਼ਾਰ ਅੰਡੇ ਦਿੰਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮਲ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਦੇ ਆਂਡੇ ਇਕ ਵਿਅਕਤੀ ਦੀ ਮਲ ਤੋਂ ਦੂਜੇ ਵਿਅਕਤੀ ਤੱਕ ਸਫ਼ਾਈ ਨਾ ਰੱਖਣ ‘ਤੇ ਪਹੁੰਚ ਜਾਂਦੇ ਹਨ। ਇਸਦੇ ਆਂਡੇ ਦੋ ਤਿੰਨ ਹਫ਼ਤਿਆਂ ਵਿੱਚ ਇਨਫੈਕਸ਼ਨ ਫੈਲਾਉਣ ਦੇ ਯੋਗ ਹੋ ਜਾਂਦੇ ਹਨ। ਲਹੂ ਵਿਚ ਦਾਖਲ ਹੋਣ ਤੇ ਸਰੀਰ ਤੇ ਖਾਰਸ਼ ਹੁੰਦੀ ਹੈ। ਫੇਫੜਿਆਂ ਵਿੱਚ ਜਾਣ ਨਾਲ ਖੰਘ ਆਉਣ ਲਗ ਪੈਂਦੀ। ਖੰਘ ਸਮੇਂ ਕਈ ਵਾਰ ਮੂੰਹ ਵਿੱਚ ਆ ਜਾਂਦੇ ਪਰ ਥੁਕ ਅੰਦਰ ਲੰਘਾਉਣ ਸਮੇਂ ਵਾਪਸ ਚਲੇ ਜਾਂਦੇ ਹਨ। ਸਾਹ ਨਾਲੀ ਵਿੱਚ ਜਾਣ ਤੇ ਸਾਹ ਰੁਕਣ ਲੱਗ ਪੈਂਦਾ ਹੈ।ਜੇ ਅਪੈਂਡਕਿਇਸ ਵਿਚ ਚਲੇ ਜਾਣ ਤੇ ਗੁੱਛੇ ਦਾ ਰੂਪ ਧਾਰਨ ਲਗ ਪਵੇ ਤਾਂ ਖਤਰਾ ਹੋ ਸਕਦਾ ਹੈ।

(2) ਵਿਪ ਕੀੜੇ (ਟਰੀਚੁਰਿਸ, ਟਰੀਕੋਸੇਫਾਲਸ) : ਇਹ ਤਿੰਨ ਤੋਂ ਪੰਜ ਸੈਂਟੀਮੀਟਰ ਲੰਮੇ ਗੁਲਾਬੀ ਜਾਂ ਸਲੇਟੀ ਰੰਗ ਦੇ ਹੁੰਦੇ ਹਨ। ਇਹ ਵੀ ਗੋਲ ਕੀੜੇ ਵਾਂਗ ਫੈਲਦੇ ਹਨ। ਪੇਟ ਦਰਦ, ਖੂਨ ਦੀ ਕਮੀ, ਆਂਦਰ ਦਾ ਕੁਝ ਹਿੱਸਾ ਬਾਹਰ ਨਿਕਲਣ ਦਾ ਕਾਰਨ ਬਣਦਾ ਹੈ।

(3) ਧਾਗਾ ਪਿੰਨ ਵਾਰਮ (ਚਮੂਨੇ) : ਇਹ ਇਕ ਸੈਂਟੀਮੀਟਰ ਲੰਮੇ ਚਿਟੇ,ਹਰੇ ਪੀਲੇ ਬਰੀਕ ਧਾਗੇ ਵਰਗੇ ਹੁੰਦੇ ਹਨ।ਇਨਾਂ ਦੇ ਕਾਰਨ ਗੁਦਾ ਦੇ ਬਾਹਰੀ ਹਿੱਸੇ ਤੇ ਖਾਰਸ਼ ਹੁੰਦੀ ਹੈ।ਜਦੋਂ ਬੱਚਾ ਖਾਰਸ਼ ਕਰਦਾ ਤਾਂ ਉਸਦੇ ਨਹੁੰ ਰਾਂਹੀ ਮੂੰਹ ਵਿੱਚ ਚਲੇ ਜਾਂਦੇ ਹਨ। ਭੋਜਣ ਤੇ ਹੋਰ ਵਸਤੂਆਂ ਰਾਂਹੀ ਵੀ ਅੰਦਰ ਚਲੇ ਜਾਂਦੇ ਹਨ। ਇਹ ਖਤਰਨਾਕ ਨਹੀਂ ਪਰ ਖਾਰਸ਼ ਕਰਦੇ ਹਨ। ਘੁਟਵੀਂ ਨਿੱਕਰ ਜਾਂ ਪੈਂਟ ਪਾਉ।

(4) ਹੁਕ ਵਾਰਮ ਕੁੰਡਲੀਦਾਰ ਕੀੜੇ : ਇਕ ਸੈ ਮੀ ਲੰਮੇ ਲਾਲ ਰੰਗ ਦੇ ਹੁੰਦੇ ਹਨ ਜਿੰਨਾਂ ਦਾ ਮਲ ਦੀ ਜਾਂਚ ਰਾਂਹੀ ਪਤਾ ਲਗਦਾ।ਇਹ ਨੰਗੇ ਪੈਰਾਂ ਰਾਂਹੀ ਸਰੀਰ ਵਿਚ ਦਾਖਲ ਹੋ ਕੇ ਪੈਰਾਂ ਵਿਚ ਖਾਰਸ਼ ਕਰਦੇ ਹਨ ਤੇ ਇਕ ਦੂਜੇ ਬੱਚੇ ਤੋਂ ਵੀ ਫੈਲਦਾ। ਇਨ੍ਹਾਂ ਦੇ ਅੰਡੇ ਨਮੀ ਵਾਲੀ ਮਿੱਟੀ ਨਾਲ ਮਿਲਕੇ ਬੱਚੇ ਨਿਕਲਦੇ ਹਨ। ਇਨ੍ਹਾਂ ਕੀੜਿਆਂ ਕਾਰਨ ਰੰਗ ਪੀਲਾ ਹੋ ਜਾਂਦਾ ਤੇ ਬੱਚਾ ਮਿੱਟੀ ਖਾਣ ਲਗ ਪੈਂਦਾ।

(5) ਫੀਤਾ ਕੀੜੇ : ਇਹ ਆਂਦਰ ਵਿਚ ਇਕ ਸੈਂਟੀਮੀਟਰ ਤਕ ਲੰਮੇ ਹੁੰਦੇ ਹਨ। ਮਲ ਵਿਚ ਚਿੱਟੇ ਰੰਗ ਤੇ ਚਪਟੇ ਹੁੰਦੇ ਹਨ। ਕਈ ਵਾਰ ਇਸਦਾ ਇਕ ਹਿੱਸਾ ਆਪਣੇ ਆਪ ਗੁਦਾ ਤੋਂ ਬਾਹਰ ਆ ਜਾਂਦਾ ਹੈ। ਸੂਰ,ਗਾਂ, ਮੱਛੀ ਆਦਿ ਦੇ ਅੱਧ ਪੱਕੇ ਮੀਟ ਨਾਲ ਕੀੜੇ ਪੈਦਾ ਹੁੰਦੇ ਹਨ। ਪੇਟ ਦਰਦ ਤੇ ਹਰ ਸਮਸਿਆਵਾਂ ਤੋਂ ਬਿਨਾ ਜੇ ਕਰ ਇਸਦਾ ਲਾਰਵਾ ਦਿਮਾਗ ਵਿਚ ਚਲਾ ਜਾਵੇ ਤਾਂ ਖਤਰਨਾਕ ਹੁੰਦਾ ਹੈ।

(6) ਵਿਪ ਵਰਮ (ਟਰੀਚੀਨੌਸਿਸ) : ਇਹ ਕਦੇ ਵੀ ਮਲ ਵਿਚ ਵਿਖਾਈ ਨਹੀਂ ਦਿੰਦੇ। ਇਹ ਆਂਦਰਾਂ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਦਾਖਲ ਹੋ ਜਾਂਦੇ ਹਨ।ਇਹ ਵੀ ਫੀਤਾ ਕੀੜਿਆਂ ਵਾਂਗ ਅਣ-ਪਕਿਆ ਮੀਟ ਖਾਣ ਨਾਲ ਹੀ ਪੈਦਾ ਹੁੰਦੇ ਹਨ।ਜੇ ਲਾਗ ਗੰਭੀਰ ਹੋਵੇ ਤਾਂ ਠੰਢ ਨਾਲ ਬੁਖਾਰ, ਮਾਸਪੇਸ਼ੀਆਂ ਵਿਚ ਦਰਦ,ਚਮੜੀ ਤੇ ਕਾਲੇ ਜਾਂ ਨੀਲੇ ਧੱਬੇ,ਅੱਖਾਂ ਦੁਆਲੇ ਸ਼ੋਜਿਸ ਤੇ ਅਖਾਂ ਦੇ ਚਿੱਟੇ ਹਿਸੇ ਵਿਚੋਂ ਖੂਨ ਵਗਣ ਵਰਗੀਆਂ ਨਿਸ਼ਾਨੀਆਂ ਹਨ।

(7) ਅਮੀਬਾ : ਇਹ ਕੀੜੇ ਨਹੀਂ ਛੋਟੇ ਛੋਟੇ ਜੀਵ ਜਾਂ ਪਰਜੀਵੀ ਹੁੰਦੇ ਹਨ ਜੋ ਵੱਡੀ ਆਂਦਰ ਨੂੰ ਪ੍ਰਭਾਵਤ ਕਰਦੇ ਹਨ।ਇਹ ਸਿਰਫ ਮਾਈਕਰੋਸਕੋਪ ਨਾਲ ਵੇਖੇ ਜਾ ਸਕਦੇ।ਦਸਤ, ਖੂਨ ਵਾਲੀ ਮਲ , ਮਰੋੜ ਲਗਦੇ ਹਨ ਜਿਸ ਨਾਲ ਕਮਜੋਰੀ ਤੇ ਖੂਨ ਦੀ ਕਮੀ ਹੋ ਜਾਂਦੀ ਹੈ। ਕਈ ਵਾਰ ਅਮੀਬਾ ਜਿਗਰ ਅੰਦਰ ਜਾ ਕੇ ਫੌੜਾ ਬਣ ਜਾਂਦਾ ਹੈ। ਖੰਘ ਨਾਲ ਭੂਰੇ ਰੰਗ ਦਾ ਪਦਾਰਥ ਨਿਕਲੇ ਤਾਂ ਸਮਝੋ ਫੌੜਾ ਫਟ ਗਿਆ ਹੈ। ਡਾਕਟਰੀ ਸਹਾਇਤਾ ਲਵੋ। ਜਿਆਦਾ ਭੁੱਖ ਲਗਣੀ ਜਾਂ ਸੁਤੇ ਪਏ ਦੰਦ ਕਰੀਚਣੇ ਵੀ ਪੇਟ ਵਿਚ ਕੀੜੇ ਹੋਣ ਦੀ ਨਿਸ਼ਾਨੀ ਹੈ। ਇਹਨਾਂ ਦੇ ਇਲਾਜ਼ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Share this Article
Leave a comment