ਚੰਡੀਗੜ੍ਹ : ਲੋਕ ਸਭ ਚੋਣਾਂ ਖਤਮ ਹੋ ਗਈਆਂ ਹਨ, ਪਰ ਇੰਝ ਜਾਪਦਾ ਹੈ ਜਿਵੇ ਮੌਸਮ ਦੀ ਗਰਮੀ ਕਾਰਨ ਵੱਧ ਰਹੇ ਪਾਰੇ ਨੇ ਏਸੀ ਕਮਰਿਆਂ ‘ਚ ਬੈਠ ਕੇ ਕੰਮ ਕਰਦੇ ਸਿਆਸਤਦਾਨਾਂ ਦਾ ਦਿਮਾਗੀ ਪਾਰਾ ਵੀ ਵਾਧਾ ਦਿੱਤਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਦੇ ਮੁੱਦੇ ਤੇ ਰਾਸ਼ਟਰੀ ਡਰੱਗ ਨੀਤੀ ਬਣਾਉਣ ਵਾਲੀ ਗੱਲ ‘ਤੇ ਟਵਿੱਟਰ ‘ਤੇ ਟਿੱਚਰ ਕੀਤੀ ਤਾਂ ਮੁੱਖ ਮੰਤਰੀ ਨੂੰ ਅੰਤਾਂ ਦਾ ਗੁੱਸਾ ਆ ਗਿਆ। ਇਸ ਟਵੀਟ ਦੇ ਜਵਾਬ ਵਿਚ ਕੈਪਟਨ ਨੇ ਇੱਥੋਂ ਤਕ ਕਹਿ ਦਿੱਤਾ ਕਿ ਸਾਡੇ ਕਾਂਗਰਸੀ ਵਿਧਾਇਕ ਬਾਦਲਾਂ ਦੇ ਖੂਨ ਦੇ ਪਹਿਲਾਂ ਹੀ ਪਿਆਸੇ ਬੈਠੇ ਹਨ ਇਸ ਲਈ ਜ਼ਿਆਦਾ ਕੁਫ਼ਰ ਨਾ ਤੋਲੋ , ਨਹੀਂ ਤਾਂ ਮੈਂਨੂੰ ਇਨ੍ਹਾਂ ਵਿਧਾਇਕਾਂ ਦੀ ਗੱਲ ਸੁਣਨੀ ਪਵੇਗੀ ।
ਦੱਸ ਦਈਏ ਕਿ ਇਸ ਲੰਘੀ 2 ਜੂਨ ਵਾਲੀ ਰਾਤ ਹਰਸਿਮਰਤ ਨੇ 11.53 ਮਿੰਟ ‘ਤੇ ਆਪਣੇ ਟਵਿੱਟਰ ਹੈਂਡਲ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਪਾ ਕੇ ਇਕ ਟਿੱਚਰ ਕਰਦੀ ਟਵੀਟ ਕੀਤੀ ਸੀ ਕਿ, “ਬਿਜਾਏ ਇਸਦੇ ਕਿ ਤੁਸੀ ਇਸ ਗੱਲ ‘ਤੇ ਧਿਆਨ ਦਿੰਦੇ ਕਿ ਗੁਰੂ ਗੋਬਿੰਦ ਸਿੰਘ ਦੇ ਨਾਂਅ ‘ਤੇ 4 ਹਫਤਿਆਂ ‘ਚ ਨਸ਼ਾ ਖਤਮ ਕਰਨ ਦੀ ਸੋਹੁੰ ਨੂੰ ਪੂਰਾ ਕਰੋ । ਤੁਸੀ ਪ੍ਰਧਾਨ ਮੰਤਰੀ ਨੂੰ ਲਿਖ ਰਹੇ ਹੋ, ਤੁਹਾਡੀ ਸਰਕਾਰ ਦੇ 2 ਸਾਲਾਂ ‘ਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਤੁਹਾਡੇ ਆਪਣੇ ਵਿਧਾਇਕ ਪੁਲਿਸ-ਸਿਆਸੀ ਗੰਢਤੁੱਪ ਦੇ ਦੋਸ਼ ਲਾ ਰਹੇ ਹਨ। ਇਹ ਟਵੀਟ ਪੜਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਵਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁੰਨ ਤੇ ਦੁਸਟ ਦੱਸਿਆ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਕਾਲੀ ਨਸ਼ਿਆਂ ਦੇ ਮੁੱਦੇ ‘ਤੇ ਰਾਜਨੀਤੀ ਕਰਦਿਆਂ ਲੋਕਾਂ ਦਾ ਧਿਆਨ ਆਪਣੀ ਜ਼ਿੰਮੇਵਾਰੀ ਤੋਂ ਹਟਾ ਰਹੇ ਹਨ। ਕੈਪਟਨ ਨੇ ਹਰਸਿਮਰਤ ਬਾਦਲ ਵਲੋਂ ਦਿੱਤੇ ਬਿਆਨ ਨੂੰ ਕੂਫਰ ਤੋਲਣ ਦੇ ਬਰਾਬਰ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਸਭ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਗੁਨਾਹ ਹਨ, ਜਿੰਨ੍ਹਾਂ ਤੇ ਪਰਦਾ ਪਾਉਣ ਲਈ ਹਰਸਿਮਰਤ ਬਾਦਲ ਕੁਫਰ ਤੋਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਪਰ ਹਰਸਿਮਰਤ ਦੀ ਟਿੱਪਣੀ, ਉਸ ਦੀ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਨੂੰ ਦਰਸ਼ਾਉਂਦੀ ਹੈ। ਕੈਪਟਨ ਨੇ ਕਿਹਾ ਕਿ ਜਿਸ ਵੇਲੇ ਬਾਦਲ ਸੱਤਾ ‘ਚ ਸਨ ਤਾਂ ਉਨ੍ਹਾਂ ਨੇ ਉਸ ਨਸ਼ੇ ‘ਚ ਚੂਰ ਹੋਕੇ ਦੂਜੇ ਨਸ਼ਾ ਮਾਫੀਆ ਨੂੰ ਪੂਰੀ ਖੱਲ ਦਿੱਤੀ ਤੇ ਉਨ੍ਹਾਂ ਨੇ ਇਸ ਖੁੱਲ੍ਹੀ ਖੇਡ ‘ਚ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਬਾਦਲ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਨੇ ਤਾਂ ਹਰਸਿਮਰਤ ਉਹ ਇਸ ਭਰੋਸੇ ਨੂੰ ਮੁੜ ਹਾਸਲ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ ਜੋ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੈ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2 ਸਾਲਾਂ ਚ ਨਸ਼ਾ ਮਾਫੀਆ ਦਾ ਨਾ ਸਿਰਫ ਲੱਕ ਤੋੜਿਆ ਹੈ ਬਲਕਿ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਸੀਖਾਂ ਪਿੱਛੇ ਵੀ ਡੱਕਿਆ ਹੈ। ਇਥੋਂ ਤੱਕ ਕਿ ਜਿਹੜੇ ਥੋੜੇ ਬਹੁਤ ਨਸ਼ਾ ਤਸਕਰ ਰਹਿ ਗਏ ਨੇ ਉਹ ਸੂਬਾ ਛੱਡਕੇ ਫਰਾਰ ਹੋ ਚੁੱਕੇ ਨੇ, ਪਰ ਹਰਸਿਮਰਤ ਬਾਦਲ ਨੇ ਆਪਣੇ ਨਿਜੀ ਹਿੱਤਾਂ ਖਾਤਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਲੋਕ ਕਿਵੇਂ ਫੜੇ ਗਏ ਤੇ ਕਿੰਨੇ ਨੌਜਵਾਨ ਅੱਜ ਨਸ਼ਾ ਛਡਾਊ ਕੇਂਦਰਾਂ ‘ਚ ਆਪਣਾ ਇਲਾਜ਼ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਬਾਦਲਾਂ ਦੀਆਂ ਗੁਮਰਾਹ ਕਰਨ ਵਾਲੀਆਂ ਮਨਘੜਤ ਤੇ ਝੂਠੀਆਂ ਗੱਲਾਂ ਨਾਲ ਮੂਰਖ ਨਹੀਂ ਬਣਨਗੇ। ਕਿਉਂਕਿ ਪੰਜਾਬੀ ਪਹਿਲਾਂ ਹੀ ਬਾਦਲਾਂ ਦੀ ਇਸ ਆਦਤ ਕਾਰਨ 10 ਸਾਲਾ ਦਾ ਮਾੜਾ ਦੌਰ ਹੰਢਾ ਚੁੱਕੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਦੇ ਟਵੀਟ ਦਾ ਜੁਆਬ ਦਿੰਦਿਆਂ ਕਿਹਾ ਕਿ ਬਾਦਲਾਂ ਦੇ ਖੂਨ ਦੇ ਪਿਆਸੇ ਬੈਠੇ ਕਾਂਗਰਸੀ ਵਿਧਾਇਕ ਪਹਿਲਾਂ ਹੀ ਇੰਨ੍ਹਾਂ ਨੂੰ ਬੇਅਦਬੀ ਤੇ ਨਸ਼ਿਆਂ ਸਣੇ ਹੋਰ ਬਹੁਤ ਸਾਰੇ ਕੇਸਾਂ ਦੀ ਜਾਂਚ ਕੀਤੇ ਬਿਨ੍ਹਾਂ ਹੀ ਸਜ਼ਾ ਦੇਣਾ ਚਾਹੁੰਦੇ ਹਨ ।ਇਸ ਲਈ ਮੈਨੂੰ ਇੰਨ੍ਹਾਂ ਵਿਧਾਇਕਾਂ ਦੀ ਗੱਲ ਸੁਣਕੇ ਤੁਹਾਨੂੰ (ਬਾਦਲਾਂ) ਸਾਰਿਆਂ ਨੂੰ ਸਲਾਖਾਂ ਪਿੱਛੇ ਸੁੱਟ ਦੇਣਾ ਚਾਹੀਦੈ। ਕੈਪਟਨ ਨੇ ਕਿਹਾ ਕਿ ਅਕਾਲ਼ੀ ਭਾਜਪਾ ਸਰਕਾਰ ਵੇਲੇ ਆਮ ਲੋਕਾਂ ਵਾਂਗ ਕਾਂਗਰਸੀ ਵਿਧਾਇਕਾਂ ਨੇ ਵੀ ਇੰਨ੍ਹਾਂ ਦੇ ਸ਼ਾਸ਼ਨ ਦਾ ਸੰਤਾਪ ਹੰਢਾਇਆ ਹੈ। ਇਸੇ ਕਰਕੇ ਲੋਕਾਂ ਨੂੰ ਇੰਨ੍ਹਾਂ ਵਲੋ ਮਚਾਈ ਗਈ ਤਬਾਹੀ ਕਾਰਨ ਗੁੱਸਾ ਹੈ। ਲਿਹਾਜ਼ਾ ਪੀੜਤ ਲੋਕਾਂ ਦਾ ਪ੍ਰਤੀਕਰਮ ਆਉਣ ਸੁਭਾਵਿਕ ਹੈ ਕਿ ਕਿਤੇ ਵੱਖ ਵੱਖ ਅਪਰਾਧਾਂ ਦੇ ਸੂਤਰਧਾਰ ਬੱਚ ਨਾ ਨਿਕਲਣ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਵੇਗਾ ਕਿਉਂਕਿ ਉਹ ਲੋਕਾਂ ਨੂੰ ਵਿਸ਼ਵਾਸ਼ ਦਵਾਉਂਦੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਤੋਂ ਬਚ ਨਿਕਲਣ ਦੀ ਆਗਿਆ ਨਹੀਂ ਦੇਣਗੇ। ਫਿਰ ਭਾਂਵੇ ਉਹ ਪਿਛਲੀ ਸਰਕਾਰ ‘ਚ ਕਿੰਨੇ ਵੀ ਵੱਡੇ ਅਹੁਦੇ ‘ਤੇ ਕਿਉਂ ਨਾ ਰਹਿ ਚੁੱਕਿਆ ਹੋਵੇ।
ਕੈਪਟਨ ਨੇ ਹਰਸਿਮਰਤ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਤੁਸੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਜਾ ਰਹੇ ਹੋ ਇਸ ਲਈ ਆਪਣੀ ਸੋਚੋ ਕਿਉਂਕਿ ਇਹੋ ਜਿਹੇ ਦੋਸ਼ਾਂ ਨਾਲ ਤੁਸੀਂ ਜਾਂ ਬਾਕੀ ਬਾਦਲ ਲੋਕਾਂ ਦੇ ਗੁੱਸੇ ਜਾ ਉਨ੍ਹਾਂ ਦੇ ਨੱਕ ਥੱਲੇ ਹੋਏ ਜ਼ੁਰਮ ਲਈ ਕਾਨੂੰਨੀ ਕਾਰਵਾਈ ਤੋਂ ਬਚ ਨਹੀਂ ਸਕੋਗੇ ।
ਇਹ ਤਾਂ ਸੀ ਉੇਹ ਬਿਆਨ ਜੋ ਦੋਵਾਂ ਆਗਅੂਾਂ ਨੇ ਇੱਕ ਦੂਜੇ ਵਿਰੁਧ ਦਾਗੇ ਤੇ ਅਸੀ ਤੁਹਾਡੇ ਸਾਹਮਣੇ ਰੱਖ ਦਿੱਤੇ। ਪਰ ਮਾਹਿਰਾਂ ਅਨੁਸਾਰ ਲੋਕਾਂ ਵਲੋਂ ਬਾਦਲਾਂ ਖਿਲਾਫ ਝੋਲੀਆਂ ਅੱਡ ਅੱਡ ਕਾਰਵਾਈਆਂ ਕਰਨ ਦੀ ਮੰਗ ਕਰਨ ਦੇ ਬਾਵਜੂਦ ਕੈਪਟਨ ਅੱਜ ਤੱਕ ਸ਼ਾਂਤ ਬੈਠੇ ਕੈਪਟਨ ਨੂੰ ਹੁਣ ਗੁੱਸਾ ਇਸ ਲਈ ਆਇਆ ਹੈ ਕਿ ਕਿਉਂਕਿ ਹਰਸਿਮਰਤ ਬਾਦਲ ਨੇ ਉਨ੍ਹਾਂ ਵਲੋਂ ਸੰਹੁ ਖਾਂਦੇ ਦੀ ਫੋਟੋ ਟਵਿੱਟਰ ‘ਤੇ ਪਾ ਕੇ ਨਸ਼ਿਆਂ ਦਾ ਮੁੱਦਾ ਹੱਲ ਨਾ ਕਰਨ ਲਈ ਕੈਪਟਨ ਨੂੰ ਟਿੱਚਰ ਕੀਤੀ ਹੈ। ਚਲੋ! ਭਾਵੇਂ ਗੁੱਸੇ ‘ਚ ਹੀ ਸਹੀ, ਗੱਲ ਕਿਸੇ ਤਣ ਪੱਤਣ ਲੱਗਣ ਵੱਲ ਅੱਗੇ ਵਧੀ ਤਾਂ ਸਹੀ। ਹੁਣ ਅੱਗੇ ਵੇਖੋ ਥੈਲੇ ਚੋਂ ਕਿਹੜੀ ਬਿੱਲੀ ਬਾਹਰ ਆਉਂਦੀ ਹੈ ਤੇ ਕਿਹਨੂੰ ਸਿਆਸੀ ਦੰਦੀ ਵੱਢਦੀ ਹੈ। ਪੰਜਾਬੀਓ ! ਉੰਨੀ ਦੇਰ ਤੱਕ ਮਜੇ ਲਓ ਇਸ ਸਿਆਸੀ ਲੜਾਈ ਦੇ।
ਹਰਸਿਮਰਤ ਨੂੰ ਆਹ ਕੀ ਕਹਿ ਤਾ ਕੈਪਟਨ ਨੇ? ਕਹਿੰਦਾ ਜਿਆਦਾ ਕੁਫ਼ਰ ਨਾ ਤੋਲ, ਕਾਂਗਰਸੀ ਵਿਧਾਇਕ ਪਹਿਲਾਂ ਹੀ ਬਾਦਲਾਂ ਦੇ ਖੂਨ ਦੇ ਪਿਆਸੇ ਬੈਠੇ ਨੇ, ਫੜ ਕੇ ਅੰਦਰ ਦੇ ਦੂੰ !

Leave a Comment
Leave a Comment