ਵਿਵਾਦ ਗ੍ਰੰਥਾਂ ਦੀ ਕਥਾ ਪੰਥਕ ਏਕਤਾ ਲਈ ਖਤਰੇ ਦੀ ਘੰਟੀ: ਕੇਂਦਰੀ ਸਿੰਘ ਸਭਾ

TeamGlobalPunjab
4 Min Read

ਚੰਡੀਗੜ੍ਹ: ਸਨਾਤਨੀ ਵਿਚਾਰਧਾਰਾ ਦੇ ਪ੍ਰਚਾਰਕ ਬੰਤਾ ਸਿੰਘ ਵੱਲੋਂ ਦਿੱਲੀ ਵਿਖੇ, ਬੰਗਲਾ ਸਾਹਿਬ ਗੁਰਦਵਾਰੇ ਵਿੱਚ ਵਿਵਾਦਤ ਬਚਿੱਤਰ ਨਾਟਕ ਦੀ ਕੀਤੀ ਜਾ ਰਹੀ ਕਥਾ ਨੇ ਦੇਸ਼-ਵਿਦੇਸ਼ ਵਿੱਚ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਗੁੱਸੇ ਦੀ ਲਹਿਰ ਖੜ੍ਹੀ ਕਰ ਦਿੱਤੀ ਹੈ। ਵਿਵਾਦਤ ਗ੍ਰੰਥ, ਜਿਨ੍ਹਾਂ ਨੂੰ ਸਮੁੱਚੀ ਸਿੱਖ ਸੰਗਤ ਵੱਲੋਂ ਪ੍ਰਵਾਨਗੀ ਨਾ ਹੋਵੇ, ਦੀ ਕਥਾ ਕਰਨਾ ਸਿੱਖਾਂ ਅੰਦਰ ਆਪਸੀ ਵੈਰ-ਵਿਰੋਧ ਖੜ੍ਹੇ ਕਰਕੇ, ਪੰਥ ਦੀ ਏਕਤਾ ਨੂੰ ਖੇਰੂੰ-ਖੇਰੂੰ ਕਰ ਦਿੰਦੀ ਹੈ।

ਬਹੁਗਿਣਤੀ ਸਿੱਖ ਅਜਿਹੀ ਕਥਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਵਿਵਾਦਤ ਗ੍ਰੰਥ ਨੂੰ ਸਥਾਪਤ ਕਰਨ ਦੀ ਸ਼ਾਜਿਸ ਸਮਝਦੇ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬ-ਉੱਤਮ ਅਤੇ “ਧੁਰ ਕੀ ਬਾਣੀ” ਸਮਝਦੇ ਹਨ ਅਤੇ ਕਿਸੇ ਦੂਸਰੇ ਗ੍ਰੰਥ ਨੂੰ ਇਸ ਦਾ ਛੋਟਾ ਭਰਾ ਵੀ ਨਹੀਂ ਮੰਨਦੇ।

ਜਿਹੜੇ ਡੇਰੇਦਾਰ, ਸੰਪਰਦਾਵਾਂ ਅਤੇ ਲੋਕ ਅਜਿਹੇ ਵਿਵਾਦਤ ਮੁੱਦੇ ਖੜ੍ਹੇ ਕਰਦੇ ਹਨ ਉਹ ਅਸਲ ਵਿੱਚ ਜਾਣੇ-ਅਣਜਾਣੇ ਹਿੰਦੂਤਵੀ ਤਾਕਤਾਂ ਦੇ ਜਾਲ ਵਿੱਚ ਫਸ ਚੁੱਕੇ ਹਨ। ਹਿੰਦੂਤਵੀ ਵਿਆਖਿਆ ਸਿੱਖ ਧਰਮ ਅੰਦਰ ਜਾਣ-ਬੁਝਕੇ ਵਾੜ੍ਹੀ ਜਾ ਰਹੀ ਹੈ ਤਾਂ ਕਿ ਸਿੱਖ ਪਹਿਚਾਣ ਨੂੰ ਧੁੰਦਲਾ ਕਰਕੇ, ਸਿੱਖਾਂ ਨੂੰ ਹਿੰਦੂ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ ਜਿਵੇਂ ਪਹਿਲਾਂ ਬੁੱਧ ਧਰਮ ਅਤੇ ਜੈਨ ਧਰਮ ਦਾ ਨਾਮੋਂ ਨਿਸ਼ਾਨ ਹੀ ਦੇਸ਼ ਅੰਦਰ ਖਤਮ ਕਰ ਦਿੱਤਾ ਗਿਆ ਸੀ।

ਅਸਲ ਵਿੱਚ ਕਥਾ ਉਸ ਹਿੰਦੂਤਵੀ ਪ੍ਰੋਜੈਕਟ ਦਾ ਹਿੱਸਾ ਹੈ ਜਿਹੜਾ 150 ਸਾਲ ਪਹਿਲਾਂ 1870 ਵਿੱਚ ਆਰੀਆ ਸਮਾਜੀਆਂ ਨੇ ਸਿੱਖਾਂ ਨੂੰ ਹਿੰਦੂਆਂ ਅੰਦਰ ਜ਼ਜਬ ਕਰਨ ਲਈ ਚੁੱਕਿਆ ਸੀ। ਜਿਸ ਦਾ ਭਰਵਾਂ ਵਿਰੋਧ ਸਿੰਘ ਸਭਾ ਦੇ ਕੀਤਾ ਸੀ। ਉਸੇ ਪ੍ਰੋਜੈਕਟ ਨੂੰ ਹੁਣ ਆਰ.ਐਸ.ਐਸ. ਆਪਣੇ ਹੱਥ ਵਿੱਚ ਲੈ ਕੇ ਬੜ੍ਹੇ ਸ਼ਖਤ ਤਰੀਕੇ ਨਾਲ ਸਿੱਖ ਧਰਮ ਦੀ ਜੜ੍ਹਾਂ ਵਿੱਚ ਆਰੀ ਫੇਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਿੱਖ ਧਰਮ ਅਤੇ ਗੁਰੂ ਪਰੰਪਰਾਵਾਂ ਨੂੰ ਗੰਧਲਾ ਕਰਕੇ ਕਮਜ਼ੋਰ ਕਰ ਦਿੱਤਾ ਜਾਵੇ।

- Advertisement -

ਦੇਸ਼ ਦੀ 1947 ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਹਿੰਦੂਤਵੀ ਤਾਕਤਾਂ ਨੂੰ ਸਿੱਖਾਂ ਨੂੰ ਹੱਥ ਠੋਕਾ ਬਣਾਕੇ, ਵੰਡ ਸਮੇਂ ਮਾਰ-ਮਰਾਈ ਕਰਨ ਲਈ ਅੱਗੇ ਲਾਇਆ ਸੀ ਉਸੀ ਤਰਜ਼ ਉੱਤੇ ਸਿੱਖਾਂ ਨੂੰ ਫਿਰ ਸਿਆਸੀ ਅਤੇ ਧਾਰਮਿਕ ਮੋਹਰੇ ਬਣਾਇਆਂ ਜਾ ਰਿਹਾ ਹੈ। ਹਿੰਦੂਤਵੀ ਤਾਕਤਾਂ ਸਿੱਖਾਂ ਅੰਦਰ 1947 ਦੇ ਵੱਢਾ-ਟੁੱਕਾ ਦਿਨਾਂ ਵਾਲੀਆਂ ਭਾਵਨਾਵਾਂ ਭਰਨ ਦੀ ਕੋਸ਼ਿਸ ਕਰ ਰਹੀਆਂ ਹਨ ਤਾਂ ਕਿ “ਬੋਲੇ ਸੋ ਨਿਹਾਲ” ਅਤੇ “ਹਰ ਹਰ ਮਹਾਂਦੇਵ” ਦੇ ਨਾਹਰੇ 1947 ਦੇ ਕਤਲੇਆਮ ਵਾਗੂੰ ਇੱਕ ਸੁਰ ਵਿੱਚ ਗੂੰਜਣ। ਹੁਣ ਹਿੰਦੂਤਵੀ ਤਾਕਤਾਂ ਨੂੰ ਹਾਕਮ ਭਾਜਪਾ ਅਤੇ ਹਿੰਦੂਵਾਦੀ ਇੰਡੀਅਨ ਸਟੇਟ ਦੀ ਭਰਵੀ ਮਦਦ ਇਸ ਪ੍ਰੋਜੈਕਟ ਲਈ ਹਾਸਿਲ ਹੈ।

ਪਰ 1984 ਦੇ ਸਮੇਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਅਤੇ ਸਿੱਖਾਂ ਦੀ ਨਸਲਕੁਸ਼ੀ ਨੇ ਬ੍ਰਾਹਮਵਾਦੀ ਚਾਲਾਂ ਨੂੰ ਨੰਗਾ ਕਰ ਦਿੱਤਾ ਹੈ। ਬੁਹਤੇ ਸਿੱਖ ਸਿਆਸੀ ਚਾਲਾਂ ਨੂੰ ਸਮਝਦੇ ਹਨ।

ਸਪਸ਼ਟ ਤੌਰ ਤੇ ਦਸਵੇ ਗੁਰੂ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆਂ ਜਿਹੜਾਂ ਸਿੱਖਾਂ ਦਾ ਹਾਜ਼ਰ ਗੁਰੂ ਹੈ। ਸਿੱਖ ਸ਼ਬਦ ਗੁਰੂ ਦੇ ਉਪਾਸ਼ਕ ਅਤੇ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹਨ ਉਹ ਹਿੰਦੂ ਦੇਵੀ-ਦੇਵਤਿਆਂ ਅਤੇ ਮਿਥਿਹਾਸਕ ਗਾਥਵਾਂ ਨੂੰ ਰੱਦ ਕਰਕੇ, ਕਲਪਤ ਸੰਸਾਰ ਵਿੱਚ ਨਹੀਂ ਜਿਉਂਦੇ।

ਦਿੱਲੀ ਵਿਚਲੀ ਚਲਦੀ ਵਿਵਾਦਤ ਗ੍ਰੰਥ ਦੀ ਕਥਾ, ਗਿਆਨੀ ਇਕਬਾਲ ਸਿੰਘ ਦਾ ਅਯੁਧਿਆਂ ਰਾਮ ਮੰਦਰ ਦੇ ਉਦਘਾਟਨ ਮੌਕੇ ਗੁਰੂਆਂ ਨੂੰ ਲਵ-ਕੁਸ਼ ਦੀ ਔਲਾਦ ਕਹਿਣਾ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਗੋਬਿੰਦ ਰਮਾਇਣ ਨੂੰ ਗੂਰੂ ਦੀ ਰਚਨਾ ਕਹਿਣਾ ਸਭ ਹਿੰਦੂ ਰਾਸ਼ਟਰਵਾਦੀ ਏਜੰਡੇ ਦੀ ਸੇਵਾ-ਹਿੱਤ ਪ੍ਰਗਟਾਏ ਹੋਏ ਵਿਖਿਆਣ ਹਨ।

ਅਸੀਂ, ਸਿੱਖ ਵਿਚਾਰ ਮੰਚ ਵੱਲੋਂ ਵੀ ਦਿੱਲੀ ਗੁਰਦਵਾਰਾ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਤੁਰੰਤ ਬਚਿੱਤਰ ਨਾਟਕ ਦੀ ਵਿਵਾਦਤ ਕਥਾ ਬੰਦ ਕਰਾਵੇ ਅਤੇ ਪੰਥ ਵਿੱਚ ਫੁੱਟ ਪਾਉਣ ਦੀ ਜ਼ਿੰਮੇਵਾਰ ਨਾ ਬਣੇ। ਸਿੱਖਾਂ ਨੂੰ ਭੁਲੇਖਾਂ ਨਹੀਂ ਕਿ ਹਿੰਦੂਤਵੀ ਤਾਕਤਾਂ ਸਿੱਖਾਂ ਅੰਦਰ ਮੁਸਲਮਾਨਾਂ ਦੀ ਤਰਜ਼ ਉੱਤੇ ਸ਼ੀਆਂ-ਸੂਨੀ ਵੰਡੀਆਂ ਪਾ ਕੇ ਉਹਨਾਂ ਵਿੱਚ ਆਪਸੀ ਖੂਨੀ ਲੜ੍ਹਾਈਆਂ ਕਰਵਾਉਣਾ ਚਾਹੁੰਦੀਆਂ ਹਨ। ਤਾਂ ਕਿ ਸਿੱਖਾਂ ਦੀ ਦੱਖਣੀ ਏਸ਼ੀਆਂ ਸਿਆਸੀ ਤਾਕਤ ਨੂੰ ਖੇਰੂੰ-ਖੇਰੂੰ ਕਰ ਦਿੱਤਾ ਜਾਵੇ।

- Advertisement -
Share this Article
Leave a comment