ਸਿੱਧੂ ਦਾ ਕੇਂਦਰ ‘ਚ ਗੱਡਿਆ ਕਿੱਲਾ ਨਹੀਂ ਪੱਟ ਸਕਿਆ ਕੈਪਟਨ! ਪੰਜਾਬ ਦੇ ਮੰਤਰੀ ਕਰਨ ਲੱਗੇ ਸਿੱਧੂ-ਸਿੱਧੂ! ਜਲਦ ਹੋਵੇਗਾ ਸੂਬੇ ਦੀ ਸਿਆਸਤ ‘ਚ ਧਮਾਕਾ!

TeamGlobalPunjab
3 Min Read

ਚੰਡੀਗੜ੍ਹ : ਇੱਕ ਮਹੀਨੇ ਤੋਂ ਜਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ  ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ ਹੈ। ਜਿਸ ਲਈ ਉਨ੍ਹਾਂ ਨੂੰ  ਕੀ ਆਪਣੇ ਤੇ ਕੀ ਬੇਗਾਨੇ ਨਸੀਹਤਾਂ ਅਤੇ ਅਪੀਲਾਂ ਕਰ ਰਹੇ ਹਨ। ਇਸ ਦੌਰਾਨ ਉੱਥੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਸਿੱਧੂ ਵੱਲੋਂ ਬਿਜਲੀ ਮਹਿਕਮਾਂ ਨਾ ਸੰਭਾਲਣ ਕਾਰਨ ਸੰਵਿਧਾਨਕ ਸੰਕਟ ਪੈਦਾ ਹੋਣ ਦੀ ਸ਼ਿਕਾਇਤ ਕਰਦਿਆਂ ਦਖਲ ਦੇਣ ਦੀ ਮੰਗ ਕੀਤੀ ਹੈ ਉੱਥੇ ਦੂਜੇ ਪਾਸੇ ਪੰਜਾਬ ਵਜ਼ਾਰਤ ਦੇ ਕਈ ਮੰਤਰੀਆਂ ਵੱਲੋਂ ਵੀ ਸਿੱਧੂ ਨੂੰ ਆਪਣੇ ਵਿਭਾਗ ਦਾ ਚਾਰਜ ਸੰਭਾਲਣ ਲਈ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇੱਧਰ ਸਿੱਧੂ ਹਨ ਕਿ ਉਨ੍ਹਾਂ ਨੇ ਐਸਾ ਮੌਨ ਵਰਤ ਧਾਰਿਆ ਹੈ ਕਿ ਆਪਣੀ ਉਸ ਚੁੱਪੀ ਨੂੰ ਵੀ ਫੇਲ੍ਹ ਕਰ ਦਿੱਤਾ ਹੈ ਜਿਹੜੀ ਚੁੱਪੀ ਉਨ੍ਹਾਂ ਨੇ ਪਿਛਲੇ ਤੋਂ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਗਲਾ ਖਰਾਬ ਹੋਣ ਤੋਂ ਬਾਅਦ ਧਾਰੀ ਸੀ।

ਸਿੱਧੂ ਨੂੰ ਵਜ਼ਾਰਤ ਸੰਭਾਲਣ ਦੀ ਅਪੀਲ ਕਰਨ ਵਾਲੇ ਮੰਤਰੀਆਂ ਵਿੱਚ ਇੱਕ ਨਾਂ ਹੁਣ ਸੂਬੇ ਦੇ ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਜੁੜ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇੰਨ੍ਹੀਂ ਦਿਨੀਂ ਸੂਬੇ ਅੰਦਰ ਝੋਨੇ ਦੀ ਬਿਜਾਈ ਦਾ ਕੰਮ ਪੂਰੇ ਜੋਰਾਂ ‘ਤੇ ਜਾਰੀ ਹੈ ਤੇ ਇਸ ਦੌਰਾਨ ਜੇਕਰ ਬਿਜਲੀ ਸਪਲਾਈ ਵਿੱਚ ਕਿਤੇ ਕੋਈ ਨੁਕਸ ਜਾਂ ਕੋਈ ਹੋਰ ਅੜਚਨ ਆ ਜਾਵੇ ਤਾਂ ਕਿਸਾਨਾਂ ਨੂੰ ਭਾਰੀ ਡਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ‘ਚ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਬਿਜਲੀ ਵਿਭਾਗ ਦੀ ਦੇਖ ਰੇਖ ਕਿਸੇ ਸੁਲਝੇ ਹੋਏ ਮੰਤਰੀ ਦੇ ਹੱਥ ਵਿੱਚ ਹੋਵੇ। ਲਿਹਾਜਾ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਆਪਣਾ ਮਹਿਕਮਾਂ ਸੰਭਾਲ ਲੈਣ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਿੱਧੂ ਆਪਣਾ ਮਹਿਕਮਾਂ ਸੰਭਾਲਣ ਤੇ ਜੇ ਉਨ੍ਹਾਂ ਦੇ ਮਨ ‘ਚ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਪਾਰਟੀ ਪਲੇਟਫਾਰਮ ‘ਤੇ ਬੈਠ ਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਆਪਣਾ ਗਿਲਾ ਸ਼ਿਕਵਾ ਦੂਰ ਕਰ ਲੈਣ।

ਦੱਸ ਦਈਏ ਕਿ ਸਾਬਕਾ ਬਿਜਲੀ ਮੰਤਰੀ ਤੋਂ ਇਲਾਵਾ ਕਾਂਗਰਸ ਵਜ਼ਾਰਤ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਧ, ਪ੍ਰਤਾਪ ਸਿੰਘ ਬਾਜਵਾ ਅਤੇ ਕਈ ਹੋਰ ਕਾਂਗਰਸੀ ਆਗੂ ਵੀ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਆਹੁਦਾ ਸੰਭਾਲਣ ਲਈ ਅਪੀਲਾਂ ਕਰ ਚੁਕੇ ਹਨ। ਇੱਥੇ ਹੀ ਬੱਸ ਨਹੀਂ ਇਸ ਸਬੰਧੀ ਬੀ.ਜੇ.ਪੀ ਵੱਲੋਂ ਤਾਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਸੌਂਪੇ ਪੱਤਰ ਵਿੱਚ ਤਾਂ ਉਨ੍ਹਾਂ ਮੰਗ ਕੀਤੀ ਸੀ ਕਿ ਜੇਕਰ ਨਵਜੋਤ ਸਿੰਘ ਆਪਣਾ ਆਹੁਦਾ ਨਹੀਂ ਸੰਭਾਲਦੇ ਤਾਂ ਫਿਰ ਉਹ ਤਨਖਾਹਾਂ ਅਤੇ ਭੱਤੇ ਲੈਣ ਦੇ ਹੱਕਦਾਰ ਨਹੀਂ ਹਨ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/mcFEV65oGMY

Share this Article
Leave a comment