ਰੱਦ ਹੋਵੇਗੀ ਸੰਨੀ ਦਿਓਲ ਦੀ ਮੈਂਬਰ ਪਾਰਲੀਮੈਂਟ ਵਜੋਂ ਚੋਣ? ਪੈ ਗਿਆ ਰੌਲਾ, ਚੋਣ ਕਮਿਸ਼ਨ ਸਰਗਰਮ

TeamGlobalPunjab
4 Min Read

ਗੁਰਦਾਸਪੁਰ : ਇੰਝ ਜਾਪਦਾ ਹੈ ਜਿਵੇਂ ਜਿਉਂ ਹੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸਿਆਸਤ ‘ਚ ਆਉਣ ਦਾ ਫੈਸਲਾ ਕੀਤਾ ਹੈ, ਉਸ ਤੋਂ ਬਾਅਦ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਦੇ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਦੇ ਨਿਯਮ ਤੋੜਨ ‘ਤੇ ਨੋਟਿਸ ਆਏ ਤੇ ਕਦੇ ਰੋਡ ਸ਼ੋਅ ਦੌਰਾਨ ਕਿਸੇ ਗੱਡੀ ‘ਤੇ ਬੈਠਾ ਸੰਨੀ ਦਿਓਲ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀ ਤਸਵੀਰ ‘ਤੇ ਪੈਰ ਰੱਖਿਆਂ ਦਿਖਾਈ ਦੇਣ ‘ਤੇ ਲੋਕ ਉਸ ਦੇ ਖਿਲਾਫ ਸ਼ਿਕਾਇਤ ਲੈ ਕੇ ਥਾਣੇ ਜਾ ਪਹੁੰਚੇ। ਹੋਰ ਤਾਂ ਹੋਰ ਇਸੇ ਦੌਰਾਨ ਸੰਨੀ ਦਿਓਲ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਉਨ੍ਹਾਂ ਨੂੰ ਸਰੀਰਿਕ ਨੁਕਸਾਨ ਵੀ ਹੁੰਦਾ ਹੁੰਦਿਆਂ ਬਚਿਆ। ਚੋਣਾਂ ਖਤਮ ਹੋਈਆਂ ਤਾਂ ਜਿੱਤ ਦੀ ਖ਼ਬਰ ਸੁਣ ਕੇ ਸੰਨੀ ਦਿਓਲ ਸੁਖ ਦਾ ਸਾਹ ਲੈਣ ਲਈ ਪਹਾੜਾਂ ‘ਚ ਜਾ ਬੈਠਾ, ਪਰ ਜਿਉਂ ਹੀ ਪਹਾੜਾਂ ਤੋਂ ਉਤਰ ਕੇ ਸੰਨੀ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਪੈਰ ਧਰਿਆ, ਵਿਵਾਦਾਂ ਨੇ ਉਨ੍ਹਾਂ ਨੂੰ ਫਿਰ ਆਣ ਘੇਰਿਆ ਹੈ। ਇਸ ਵਾਰ ਸੰਨੀ ਵਿਰੁੱਧ ਜਿਹੜਾ ਵਿਵਾਦ ਉੱਠਿਆ ਹੈ ਉਹ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਚੋਣ ਖਰਚ ਦਾ , ਜਿਸ ਬਾਰੇ ਦੋਸ਼ ਹਨ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਕਮਿਸ਼ਨ ਦੇ ਨਿਯਮਾਂ ਅਨੁਸਾਰ ਤੈਅ ਕੀਤੀ ਗਈ ਖਰਚ ਰਾਸ਼ੀ ਤੋਂ ਵੱਧ ਖਰਚ ਕੀਤਾ ਹੈ। ਸੰਨੀ ਦਿਓਲ ਦੇ ਖਿਲਾਫ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਕਮਿਸ਼ਨ ਵੱਲੋਂ ਪੜਤਾਲ ਸ਼ੁਰੂ  ਕਰ ਦਿੱਤੀ ਗਈ ਹੈ ਤੇ ਜੇਕਰ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਤੈਅ ਰਾਸ਼ੀ ਤੋਂ ਵੱਧ ਰਕਮ ਚੋਣ ਪ੍ਰਚਾਰ ਵਿੱਚ ਖਰਚ ਕੀਤੀ ਹੈ ਤਾਂ ਉਨ੍ਹਾਂ ਦੀ ਮੈਂਬਰ ਪਾਰਲੀਮੈਂਟ ਵਜੋਂ ਚੋਣ ਰੱਦ ਕੀਤੀ ਜਾ ਸਕਦੀ ਹੈ।

ਦੱਸ ਦਈਏ ਕਿ ਚੋਣਾਂ ਭਾਵੇਂ ਖਤਮ ਹੋ ਗਈਆਂ ਹਨ, ਪਰ ਚੋਣ ਕਮਿਸ਼ਨ ਅਜੇ ਵੀ ਲੰਘੀਆਂ ਚੋਣਾਂ ਦੌਰਾਨ ਵੱਖੋ ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਗਏ ਚੋਣ ਖਰਚ ਦਾ ਹਿਸਾਬ –ਕਿਤਾਬ ਇਕੱਠਾ ਕਰਨ ‘ਚ ਜੁਟਿਆ ਹੋਇਆ ਹੈ। ਇਸੇ ਦੌਰਾਨ ਇਸ ਹਲਕੇ ਦੇ ਵੀ 15 ਉਮੀਦਵਾਰ ਚੋਣ ਕਮਿਸ਼ਨ ਦੇ ਰੇਡਾਰ ‘ਤੇ ਹਨ ਜਿਨ੍ਹਾਂ ਬਾਰੇ ਚੋਣ ਖਰਚਾ ਓਵਜਰਵਰ ਜਮ੍ਹਾ ਘਟਾਓ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸ ਨੇ ਵੱਧ ਖਰਚ ਕੀਤਾ ਹੈ ਤੇ ਉਹ ਪੈਸੇ ਉਹ ਕਿੱਥੋਂ ਲਿਆਇਆ ਹੈ?

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਇੱਕ ਉਮੀਦਵਾਰ 70 ਲੱਖ ਰੁਪਏ ਤੱਕ ਦੀ ਰਾਸ਼ੀ ਖਰਚ ਕਰ ਸਕਦਾ ਹੈ, ਪਰ ਦੋਸ਼ ਹਨ ਕਿ ਸੰਨੀ ਦਿਓਲ ਵੱਲੋਂ 80 ਲੱਖ ਰੁਪਏ ਖਰਚ ਕੀਤੇ ਹਨ। ਜੋ ਕਿ ਤੈਅ ਰਾਸ਼ੀ ਨਾਲੋ 10 ਲੱਖ ਰੁਪਏ ਜਿਆਦਾ ਬਣਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੂਤਰਾਂ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਦੇ ਅਖੀਰਲੇ ਦਿਨ 17 ਮਈ ਤੱਕ ਸੰਨੀ ਦਾ ਚੋਣ ਖਰਚ 70 ਲੱਖ ਨੂੰ ਪਾਰ ਕਰ ਚੁੱਕਿਆ ਸੀ। ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਬਾਅਦ ਵਿੱਚ ਵੀ ਉਨ੍ਹਾਂ ਨੂੰ ਕਈ ਖਰਚੇ ਪਾਏ ਗਏ। ਜਿਸ ਬਾਰੇ ਜਿਲ੍ਹਾ ਚੋਣ ਅਧਿਕਾਰੀ ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ 24 ਮਈ ਵਾਲੇ ਦਿਨ ਸੰਨੀ ਦਿਓਲ ਨੂੰ ਨੋਟਿਸ ਵੀ ਭੇਜਿਆ ਸੀ, ਕਿ ਉਨ੍ਹਾਂ ਦਾ ਖਰਚ 70 ਲੱਖ ਨੂੰ ਪਾਰ ਕਰ ਚੁਕਿਆ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਸੰਨੀ ਦਿਓਲ ਆਪਣੇ ਬਚਾਅ ਵਿੱਚ ਕੀ ਤਰਕ ਦਿੰਦੇ ਹਨ, ਤੇ ਉਸ ਤੋਂ ਬਾਅਦ ਚੋਣ ਕਮਿਸ਼ਨ ਉਨ੍ਹਾਂ ਦੇ ਤਰਕ ਨੂੰ ਮੰਨਦਾ ਵੀ ਹੈ ਜਾਂ ਨਹੀਂ। ਜੇਕਰ ਨਾ ਮੰਨਿਆ ਤਾਂ ਮੈਂਬਰ ਪਾਰਲੀਮੈਂਟ ਦੀ ਚੋਣ ਰੱਦ ਹੋਣ ਬਾਰੇ ਸੋਚ ਕੇ ਵੀ ਸੰਨੀ ਦਿਓਲ ਦਾ ਉਹ ਪਾਰਾ ਵੱਧ ਜਾਵੇਗਾ ਜਿਹੜਾ ਕਿ ਉਹ ਤਾਜਾ ਤਾਜਾ ਪਹਾੜਾਂ ‘ਤੇ ਜਾ ਕੇ ਘਟਾ ਕੇ ਆਏ ਹਨ।

- Advertisement -

Share this Article
Leave a comment