ਮੰਨ ਗਿਆ ਪਾਕਿਸਤਾਨ, ਕਰਤਾਰਪੁਰ ਲਾਂਘਾ ਕਮੇਟੀ ‘ਚੋਂ ਕੱਢਿਆ ਜਾਵੇਗਾ ਗੋਪਾਲ ਸਿੰਘ ਚਾਵਲਾ?

TeamGlobalPunjab
4 Min Read

ਅੰਮ੍ਰਿਤਸਰ :  ਗੁਰਦੁਵਾਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਮੌਕੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਜਿਹੜੀ 10 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ‘ਤੇ ਇਮਰਾਨ ਖਾਨ ਸਰਕਾਰ ਨੇ ਰੋਕ ਲਾ ਦਿੱਤੀ ਹੈ। ਇਸ ਤੋ਼ ਪਹਿਲਾਂ ਭਾਰਤ ਸਰਕਾਰ ਨੇ ਇਸ ਕਮੇਟੀ ਵਿੱਚ ਸ਼ਾਮਲ ਖਾਲਿਸਤਾਨ ਹਿਮਾਇਤੀ ਗੋਪਾਲ ਸਿੰਘ ਚਾਵਲਾ ਅਤੇ ਤਿੰਨ ਹੋਰਾਂ ਦੀ ਸ਼ਮੂਲੀਅਤ ‘ਤੇ ਇਤਰਾਜ਼ ਜ਼ਾਹਰ ਕਰਦਿਆਂ ਲਾਂਘੇ ਦੇ ਨਿਰਮਾਣ ਲਈ 2 ਅਪ੍ਰੈਲ ਨੂੰ ਕੀਤੀ ਜਾਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਸੀ। ਜਿਸ ‘ਤੇ ਸੋਚ ਵਿਚਾਰ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ, ਕਿ ਹੁਣ ਉਹ 10 ਮੈਂਬਰੀ ਕਮੇਟੀ ਨਵੇਂ ਸਿਰੋਂ ਕਾਇਮ ਕੀਤੀ ਜਾਵੇਗੀ।

ਦੱਸ ਦਈਏ ਕਿ ਇਹ ਤਕਨੀਕੀ ਟੀਮ ਬੈਠਕ ਕਰਕੇ ਕਰਤਾਰਪੁਰ ਗ਼ਲਿਆਰੇ ਨਾਲ ਜੁੜੇ ਵਿਕਾਸ ਦੇ ਨੁਕਤੇ ਵਿਚਾਰੇਗੀ। ਜਿਸ ਵਿੱਚ ਯਾਤਰੀਆਂ ਦੇ ਆਉਣ ਜਾਣ ਦੇ ਰਸਤੇ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਫੈਸਲਾ ਕੀਤਾ ਜਾਣਾ ਹੈ।

ਇਸ ਸਬੰਧ ਵਿੱਚ ਜਿਉਂ ਹੀ ਇਹ ਪਤਾ ਲੱਗਾ ਸੀ ਕਿ ਲੰਘੇ ਵੀਰਵਾਰ ਪਾਕਿਸਤਾਨ ਸਰਕਾਰ ਨੇ ਗੁਰਦੁਵਾਰਾ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦੇ ਨਿਰਮਾਣ ਲਈ ਜਿਹੜੀ ਕਮੇਟੀ ਬਣਾਈ ਸੀ, ਉਸ ਵਿੱਚ ਗੋਪਾਲ ਸਿੰਘ ਚਾਵਲਾ ਸਣੇ 3 ਹੋਰ ਨਾਵਾਂ ਬਿਸ਼ਨ ਸਿੰਘ, ਮਨਿੰਦਰ ਸਿੰਘ ਤੇ ਕੁਲਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਇਸ ‘ਤੇ ਇਤਰਾਜ਼ ਜ਼ਾਹਰ ਕਰਦਿਆਂ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਸੀ। ਸਰਕਾਰ ਦਾ ਇਹ ਕਹਿਣਾ ਸੀ, ਕਿ ਜਦੋਂ ਤੱਕ ਪਾਕਿਸਤਾਨ ਇਸ ਦਾ ਸਪੱਸ਼ਟੀਕਰਨ ਨਹੀਂ ਦੇਵੇਗਾ ਉਦੋਂ ਤੱਕ ਗੱਲਬਾਤ ਅੱਗੇ ਨਹੀਂ ਤੋਰੀ ਜਾਵੇਗੀ।

ਇਸੇ ਲਈ ਭਾਰਤੀ ਵਿਦੇਸ਼ ਮੰਤਰਾਲਿਆ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਉਪ ਰਾਜਦੂਤ ਸੱਈਦ ਹੈਦਰ ਸ਼ਾਹ ਨੂੰ ਸੱਦ ਕੇ ਆਪਣੇ ਫੈਸਲੇ ਤੋਂ ਜਾਣੂ ਵੀ ਕਰਵਾ ਦਿੱਤਾ ਸੀ। ਵਿਦੇਸ਼ ਮੰਤਰਾਲਿਆ ਨੇ  ਉਪ ਰਾਜਦੂਤ ਰਾਹੀਂ ਪਾਕਿਸਤਾਨ ਸਰਕਾਰ ਨੂੰ ਇਹ ਸੁਨੇਹਾ ਭੇਜ ਕੇ ਪੁੱਛਿਆ ਸੀ, ਕਿ ਗੁਆਂਢੀ ਮੁਲਕ ਦੀ ਸਰਕਾਰ ਇਹ ਦੱਸੇ ਕਿ ਪਿਛਲੀ ਮੀਟਿੰਗ ਦੌਰਾਨ ਜਦੋਂ ਭਾਰਤ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਕਰਤਾਰਪੁਰ ਲਾਂਘੇ ਦੇ ਪੂਰੇ ਪ੍ਰੋਜੈਕਟ ਤੋਂ ਖਾਲਿਸਤਾਨੀ ਹਿਮਾਇਤੀਆਂ ਨੂੰ ਦੂਰ ਰੱਖਿਆ ਜਾਵੇ, ਤਾਂ ਇਸ ਦੇ ਬਾਵਜੂਦ ਅਜਿਹਾ ਕਿਉਂ ਕੀਤਾ ਗਿਆ? ਉਸ ਮੌਕੇ ਭਾਰਤੀ ਵਿਦੇਸ਼ ਮੰਤਰਾਲਿਆ ਦਾ ਇਹ ਕਹਿਣਾ ਸੀ, ਕਿ ਪਾਕਿਸਤਾਨ ਵੱਲੋਂ ਇਸ ਮਸਲੇ ‘ਤੇ ਸਫਾਈ ਦਿੱਤੇ ਜਾਣ ਤੋਂ ਬਾਅਦ ਹੀ ਗੱਲਬਾਤ ਅੱਗੇ ਤੋਰੀ ਜਾਵੇਗੀ। ਉਂਝ ਭਾਰਤ ਵੱਲੋਂ ਇਹ ਸੁਝਾਅ ਵੀ ਦਿੱਤਾ ਗਿਆ ਸੀ, ਕਿ ਲਾਂਘੇ ਨਾਲ ਜੁੜੇ ਮੁੱਦਿਆਂ ਨੂੰ ਵਿਚਾਰਨ ਲਈ ਤਕਨੀਕੀ ਟੀਮ ਦੀ ਮੀਟਿੰਗ ਆਉਂਦੀ ਅਪ੍ਰੈਲ ਦੇ ਅੱਧ ਤੱਕ ਬੁਲਾਈ ਜਾ ਸਕਦੀ ਹੈ।

- Advertisement -

ਉੱਧਰ ਦੂਜੇ ਪਾਸੇ ਭਾਰਤ ਵੱਲੋਂ ਗੱਲਬਾਤ ਨੂੰ ਰੋਕਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ, ਕਿ ਲੰਘੀ 14 ਮਾਰਚ ਨੂੰ ਦੋਵਾਂ ਮੁਲਕਾਂ ਨੇ ਬੈਠਕ ਕਰਕੇ ਫੈਸਲਾ ਲਿਆ ਸੀ, ਕਿ ਕਰਤਾਰਪੁਰ ਗ਼ਲਿਆਰੇ ਸਬੰਧੀ ਜਿਹੜੇ ਮੁੱਦੇ ਲਟਕ ਗਏ ਹਨ ਉਨ੍ਹਾਂ ‘ਤੇ ਵਿਚਾਰ ਕਰਨ ਲਈ 2 ਅਪ੍ਰੈਲ ਨੂੰ ਬੈਠਕ ਕੀਤੀ ਜਾਵੇਗੀ, ਉਸ ਬਾਰੇ ਹੁਣ ਭਾਰਤ ਨੇ ਆਖ਼ਰੀ ਸਮੇਂ ‘ਤੇ ਆ ਕੇ ਇਸ ਨੂੰ ਰੱਦ ਕਰ ਦਿੱਤਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ 10 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਿਸ ‘ਚ ਸ਼ਾਮਲ ਗੋਪਾਲ ਸਿੰਘ ਚਾਵਲਾ ਸਣੇ 3 ਹੋਰ ਨਾਵਾਂ ਬਿਸ਼ਨ ਸਿੰਘ, ਮਨਿੰਦਰ ਸਿੰਘ ਤੇ ਕੁਲਜੀਤ ਸਿੰਘ ‘ਤੇ ਭਾਰਤ ਸਰਕਾਰ ਨੂੰ ਸਖਤ ਇਤਰਾਜ਼ ਹੈ। ਦੋਸ਼ ਹੈ ਕਿ ਉਕਤ ਚਾਰੋਂ ਜਣੇ ਭਾਰਤ ਵਿੱਚ ਹਿੰਸਾ ਫੈਲਾਉਣ ਅਤੇ ਖਾਲਿਸਤਾਨ ਦੇ ਹਿਮਾਇਤੀ ਹਨ।

ਗੋਪਾਲ ਸਿੰਘ ਚਾਵਲਾ ਬਾਰੇ ਦੱਸ ਦਈਏ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮੈਂਬਰ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫਿਜ਼ ਸ਼ਈਦ ਨਾਲ ਦੇਖਿਆ ਜਾ ਚੁੱਕਿਆ ਹੈ ਤੇ ਖਾਲਿਸਤਾਨ ਦਾ ਹਿਮਾਇਤੀ ਹੈ। ਚਾਵਲਾ ‘ਤੇ ਇਹ ਦੋਸ਼ ਹੈ ਕਿ ਉਸ ਨੇ ਹਾਫਿਜ਼ ਸ਼ਈਦ ਦੀ ਪਾਰਟੀ ਦੇ ਆਗੂਆਂ ਲਈ ਚੋਣ ਪ੍ਰਚਾਰ ਵੀ ਕੀਤਾ ਸੀ, ਜਿਸ ਨੇ ਭਾਰਤ ਦਾ ਕੌਮੀ ਝੰਡਾ ਸਾੜਦੇ ਹੋਏ ਦੀ ਤਸਵੀਰ ਵੀ ਜਾਰੀ ਕੀਤੀ ਸੀ।

 

 

Share this Article
Leave a comment