ਮਲੇਰਕੋਟਲਾ ਦਾ ਪਾਸਪੋਰਟ ਸੇਵਾ ਕੇਂਦਰ ਬੰਦ ਕਰਨ ਦੀ ਵੱਡੀ ਸਾਜ਼ਿਸ਼, ਮਾਨ ਦੇ ਹਲਕੇ ‘ਚ ਅਧਿਕਾਰੀ ਹੀ ਲਾ ਰਹੇ ਨੇ ਸਹੂਲਤਾਂ ਨੂੰ ਖੋਰ੍ਹਾ

TeamGlobalPunjab
13 Min Read

ਮਲੇਰਕੋਟਲਾ : ਇੰਝ ਜਾਪਦਾ ਹੈ ਜਿਵੇਂ ਦੇਸ਼ ਦੀ ਪਾਰਲੀਮੈਂਟ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ‘ਚ ਅੱਖਾਂ ਪਾਕੇ ਉਨ੍ਹਾਂ ਨੂੰ ਆਪਣੇ ਤਰਕਾਂ ਰਾਹੀ ਬੇਤਰਕ ਕਰਨ ਵਾਲੇ, ਆਮ ਆਦਮੀ ਪਾਰਟੀ ਦੇ ਲੋਕ ਸਭਾ ‘ਚ ਇਕਲੌਤੇ ਸਾਂਸਦ ਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ‘ਤੇ ਅੱਜ-ਕੱਲ੍ਹ ਦੀਵੇ ਥੱਲੇ ਹਨ੍ਹੇਰਾ ਵਾਲੀ ਕਹਾਵਤ ਫਿੱਟ ਬੈਠ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਮਾਨ ਦੇ ਲੋਕ ਹਲਕੇ ‘ਚ ਪੈਂਦੇ ਮੁਸਲਿਮ ਬਹੁਗਿਣਤੀ ਵਾਲੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਾਸਪੋਰਟ ਸੇਵਾ ਕੇਂਦਰ ਨੂੰ ਉਸਦੇ ਆਪਣੇ ਹੀ ਅਧਿਕਾਰੀ ਬੰਦ ਕਰਵਾਉਣ ‘ਤੇ ਤੁਲੇ ਹੋਏ ਹਨ। ਹਾਲਾਤ ਇਹ ਹਨ ਕਿ ਲੰਬੀ ਜਦੋ-ਜਹਿਦ ਤੋਂ ਬਾਅਦ ਖੁੱਲ੍ਹੇ ਇਸ ਪਾਸਪੋਰਟ ਸੇਵਾ ਕੇਂਦਰ ‘ਚ ਨਾ ਤਾਂ ਕੋਈ ਜ਼ਿੰਮੇਵਾਰ ਅਧਿਕਾਰੀ ਬੈਠਾਇਆ ਗਿਆ ਹੈ ਤੇ ਨਾ ਹੀ ਇੱਥੇ ਕੋਈ ਚੱਜ ਦੀਆਂ ਸਹੂਲਤਾਂ ਹੀ ਦਿਖਾਈ ਦਿੰਦੀਆਂ ਹਨ। ਹੱਦ ਉਸ ਵੇਲੇ ਮੁੱਕ ਜਾਂਦੀ ਹੈ ਜਦੋਂ ਇਸ ਸੇਵਾ ਕੇਂਦਰ ‘ਚ ਦੂਰੋਂ ਦੂਰੋਂ ਸੇਵਾ ਦੀ ਆਸ ਲੈਕੇ ਆਉਂਦੇ ਲੋਕਾਂ ਨੂੰ ਸੇਵਾ ਤਾਂ ਕੀ ਮਿਲਣੀ ਹੁੰਦੀ ਹੈ, ਉਲਟਾ ਉਨ੍ਹਾਂ ਨੂੰ ਇੱਥੇ ਇੰਨ੍ਹਾਂ ਤੰਗ ਕੀਤਾ ਜਾਂਦਾ ਹੈ, ਕਿ ਉਹ ਅੱਕ ਕੇ ਮੌਕੇ ‘ਤੇ ਮੌਜੂਦ ਵਿਅਕਤੀ ਨੂੰ ਜਾਂ ਤਾਂ ਬੁੜ ਬੁੜ ਕਰਨ ਲੱਗ ਪੈਂਦਾ ਹੈ ਜਾਂ ਫਿਰ ਪੁੱਛ ਬੈਠਦੇ ਹਨ ਭਰਾਵਾ ਸੇਵਾ ਦੱਸ ? ਅਸੀਂ ਇਹ ਗੱਲ ਕੋਈ ਹਵਾ ਵਿੱਚ ਨਹੀਂ ਕਹਿ ਰਹੇ ਸਗੋਂ ਤੁਹਾਨੂੰ ਇੰਨ੍ਹਾਂ ਗੱਲਾਂ ਨੂੰ ਸਾਬਿਤ ਕਰਦੀ ਇਕ ਅਜਿਹੀ ਘਟਨਾ ਤੋਂ ਵਾਕਿਫ ਕਰਵਾਉਣ ਜਾ ਰਹੇ ਹਾਂ ਜਿਸ ਵਿੱਚ ਕਾਸਿਫ਼ ਫ਼ਾਰੂਕੀ ਨਾਮ ਦੇ ਇੱਕ ਵਿਅਕਤੀ ਨੇ ਲੁਧਿਆਣਾ, ਚੰਡੀਗੜ੍ਹ ਅਤੇ ਪਟਿਆਲਾ ਪਾਸਪੋਰਟ ਸੇਵਾ ਕੇਂਦਰ (ਪੀ.ਐਸ.ਕੇ.) ਦੀ ਦੂਰ ਦੂਰ ਤੱਕ ਵਧੀਆ ਸਹੂਲਤਾਂ ਦੀ ਧੂਮ ਮਚੀ ਹੋਣ ਦੇ ਬਾਵਜੂਦ ਜਦੋਂ ਆਪਣੇ ਛੋਟੇ ਬੱਚੇ ਨੂੰ ਸਫਰ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਆਪਣੇ ਸ਼ਹਿਰ ਦੇ ਪਾਸਪੋਰਟ ਸੇਵਾ ਕੇਂਦਰ ਤੋਂ ਸੇਵਾ ਲੈਣ ਨੂੰ ਬੜੇ ਹੀ ਮਾਣ ਨਾਲ ਚੁਣਿਆ ਤਾਂ ਉੱਥੇ ਉਸ ਦੀ ਫ਼ਜੀਹਤ ਹੋਈ ਕਿ ਉਹ ਉੱਥੋਂ ਰੱਬ ਰੱਬ ਕਰਦਾ ਦੌੜਿਆ। ਉਸਦਾ ਉਹ ਭਰਮ ਮਹਿਜ਼ ਕੁਝ ਘੰਟਿਆਂ ਵਿੱਚ ਹੀ ਉਦੋਂ ਟੁੱਟ ਗਿਆ ਜਦੋਂ ਮਲੇਰਕੋਟਲਾ ਪਾਸਪੋਰਟ ਸੇਵਾ ਕੇਂਦਰ ਵਿੱਚ ਡਿਊਟੀ ‘ਤੇ ਬੈਠੇ ਇਕਲੌਤੇ ਵਿਅਕਤੀ ਨੇ ਉਨ੍ਹਾਂ ਨੂੰ ਮਾਨਸਿਕ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਰੱਬ-ਰੱਬ ਕਰਦੇ ਉਸ ਵਿਅਕਤੀ ਨੂੰ ਕਈ ਮਹੀਨਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਆਖਰਕਾਰ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਸੇਵਾ ਕੇਂਦਰ ਤੋਂ ਜਾ ਕੇ ਹੀ ਆਪਣਾ ਉਹ ਕੰਮ ਕਰਵਾਉਣਾ ਪਿਆ ਜਿਸ ਨੂੰ ਕਰਵਾਉਣ ਜਾਣ ਲਈ ਸਫਰ ਦੀ ਪ੍ਰੇਸ਼ਾਨੀ ਤੋਂ ਬਚਦੇ ਉਸ ਨੇ ਆਪਣੇ ਸ਼ਹਿਰ ਦੇ ਪਾਸਪੋਰਟ ਸੇਵਾ ਕੇਂਦਰ ਅੰਦਰੋਂ ਮਾਨਸਿਕ ਤਸੀਹੇ ਝੱਲੇ ਸਨ। ਅੰਤ ਵਿੱਚ ਹਾਲਾਤ ਇਹ ਬਣ ਗਏ ਕਿ ਹੁਣ ਆਪਣਾ ਕੰਮ ਕਰਵਾਉਣ ਤੋਂ ਬਾਅਦ ਉਸਨੇ ਇਹ ਬੀੜਾ ਚੁੱਕਿਆ ਕਿ ਉਹ ਇਸ ਸੇਵਾ ਕੇਂਦਰ ਵਿਚਲੀਆਂ ਖਾਮੀਆਂ ਨੂੰ ਉਜਾਗਰ ਕਰਕੇ ਦਮ ਲਏਗਾ। ਇਸੇ ਲਈ ਕਾਸਿਫ ਫਾਰੂਕੀ ਨੇ ਇਸ ਸਾਰੇ ਮਾਮਲੇ ਨੂੰ ਇਕ ਸ਼ਿਕਾਇਤ ਦੇ ਰੂਪ ਵਿੱਚ ਕਾਗਜ਼ ‘ਤੇ ਉਤਾਰਕੇ ਪਾਸਪੋਰਟ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਤੇ ਮੰਗ ਕੀਤੀ ਹੈ ਕਿ ਅਜਿਹੇ ਮੁਲਾਜ਼ਮ ਦੇ ਖਿਲਾਫ ਸਖਤ ਵਿਭਾਗੀ ਕਾਰਾਵਾਈ ਕੀਤੀ ਜਾਵੇ ਤਾਂ ਕਿ ਆਮ ਜਨਤਾ ‘ਚ ਇਸ ਪਾਸਪੋਰਟ ਸੇਵਾ ਕੇਂਦਰ ਦਾ ਉਹ ਅਕਸ਼ ਬਣਿਆ ਰਹੇ ਜਿਸਦਾ ਮਹਰੂਮ ਸੁਸ਼ਮਾ ਸਵਰਾਜ ਨੇ ਕਦੇ ਸੁਪਨਾ ਦੇਖਿਆ ਸੀ।

ਖੇਤਰੀ ਪਾਸਪੋਰਟ ਦਫਤਰ, ਚੰਡੀਗੜ੍ਹ ਦੇ ਮੁੱਖ ਪਾਸਪੋਰਟ ਅਧਿਕਾਰੀ ਨੂੰ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਸ਼ਿਕਾਇਤ ਵਿੱਚ ਕਾਸਿਫ ਫਾਰੂਕੀ ਨੇ ਇਲਜ਼ਾਮ ਲਗਾਇਆ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਦੀ ਛੱਬੀ ਤਾਰੀਖ ਨੂੰ ਉਨ੍ਹਾਂ ਨੇ ਆਪਣੇ ਲਗਭਗ ਸਵਾ ਸਾਲ ਦੇ ਬੇਟੇ ਦਾ ਪਾਸਪੋਰਟ ਬਣਵਾਉਣ ਲਈ ਆਨ-ਲਾਈਨ ਅਪਲਾਈ ਕਰਨ ਉਪਰੰਤ ਕਾਗਜਾਂ ਦੀ ਪੜਤਾਲ ਕਰਵਾਉਣ ਅਤੇ ਉਹ ਕਾਗਜ ਜਮ੍ਹਾਂ ਕਰਵਾਉਣ ਲਈ ਪੀ.ਐਸ.ਕੇ. ਮਲੇਰਕੋਟਲਾ ਨੂੰ ਚੁਣਿਆ। ਜਿੱਥੇ ਪਹਿਲਾਂ ਹੀ ਅਰਜ਼ੀਆਂ ਦੀ ਭਰਮਾਰ ਹੋਣ ਕਾਰਨ ਉਨ੍ਹਾਂ ਨੂੰ ਲਗਭਗ 2 ਮਹੀਨਿਆਂ ਬਾਅਦ ਆਪਣੇ ਕਾਗਜ਼ ਦੀ ਪੜਤਾਲ ਕਰਵਾਉਣ ਦਾ ਸਮਾਂ ਮਿਲਿਆ। ਇਹ ਸਮਾਂ ਭਾਂਵੇ ਕਿ ਦੂਜੇ ਪੀ.ਐਸ.ਕੇ. ਸੈਂਟਰਾਂ ਵੱਲੋਂ ਦਿੱਤੇ ਜਾਂਦੇ ਸਮੇਂ ਨਾਲੋਂ ਕਿਤੇ ਵੱਧ ਸੀ ਪਰ ਆਪਣੇ ਪੁੱਤਰ ਨੂੰ ਸਫਰ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਉਨ੍ਹਾਂ ਇਹ ਵੀ ਕਬੂਲ ਕਰ ਲਿਆ। ਪਰ ਜਿਉਂ ਹੀ ਮਿੱਥੇ ਸਮੇਂ ‘ਤੇ ਉਹ ਆਪਣੇ ਬੇਟੇ ਨੂੰ ਨਾਲ ਲੈਕੇ ਪਾਸਪੋਰਟ ਬਣਵਾਉਣ ਲਈ ਕਾਗਜ਼ਾਂ ਦੀ ਪੜਤਾਲ ਕਰਵਾ ਕੇ ਕਾਗਜ ਜਮ੍ਹਾਂ ਕਰਵਾਉਣ ਲਈ ਪਹੁੰਚੇ ਤਾਂ ਇਹ ਦੇਖਕੇ ਉਨ੍ਹਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ ਕਿ ਐਨੇ ਵੱਡੇ ਹਲਕੇ ਲਈ ਪਾਸਪੋਰਟ ਸੇਵਾ ਦੇ ਰਹੇ ਇਸ ਪੀ.ਐਸ.ਕੇ. ਅੰਦਰ ਸਿਰਫ ਇਕ ਮੁਲਾਜ਼ਮ ਹੀ ਡਿਊਟੀ ‘ਤੇ ਬੈਠਾ ਸੀ।  ਜੋ ਲੋਕਾਂ ਨੂੰ ਭੱਜ-ਭੱਜ ਪੈ ਰਿਹਾ ਸੀ। ਕਾਸਿਫ ਫਾਰੂਕੀ ਮੁਤਾਬਿਕ ਮਾਹੌਲ ਗਰਮ ਦੇਖਕੇ ਉਸਨੇ ਉੱਥੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਹੀ ਆਪਣੀ ਵਾਰੀ ਸਬੰਧੀ ਮੁਲਾਜ਼ਮ ਨਾਲ ਗੱਲ ਕਰਨੀ ਠੀਕ ਸਮਝੀ ਪਰ ਇਸਨੂੰ ਦੇਖਕੇ ਬੇਹੱਦ ਦੁੱਖ ਹੋਇਆ ਕਿ ਉੱਥੇ ਕਿਸੇ ਵੀ ਆਏ ਹੋਏ ਮਹਿਮਾਨ ਲਈ ਬੈਠਣ ਦੀ ਕੋਈ ਵਿਵਸਥਾ ਨਹੀਂ ਸੀ। ਕਾਸਿਫ ਫਾਰੂਕੀ ਮੁਤਾਬਿਕ ਭੀੜ ਤੇ ਹੁਮਸ ਭਰੇ ਮਾਹੌਲ ਨੂੰ ਦੇਖਕੇ ਉਨ੍ਹਾਂ ਦਾ ਬੇਟਾ ਘਬਰਾ ਗਿਆ ਤੇ ਉੱਚੀ ਉੱਚੀ ਰੌਣ ਲੱਗ ਪਿਆ ਜਿਸ ਨੂੰ ਉਨ੍ਹਾਂ ਨੇ ਉਸੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਚੁੱਕ ਕੇ ਇਕ ਘੰਟੇ ਤੋਂ ਵੱਧ ਸਮਾਂ ਖੜ੍ਹੇ ਹੋਣਾ ਪਿਆ ਤੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਸ਼ਿਕਾਇਤ ਮੁਤਾਬਿਕ ਇਸ ਮੌਕੇ ‘ਤੇ ਬਜਾਏ ਇਸਦੇ ਕਿ ਉਥੇ ਮੋਜੂਦ ਮੁਲਾਜ਼ਮ ਬੱਚੇ ਦੀ ਮਾਨਸਿਕਤਾ ਨੂੰ ਸਮਝਦਾ, ਉਸਨੇ ਦੋਵਾਂ ਪਿਓ ਪੁੱਤਰਾਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ, ਕਿ ਜਾਂ ਤਾਂ ਬੱਚੇ ਨੂੰ ਚੁੱਪ ਕਰਵਾਓ ਜਾਂ ਇੱਥੋ ਚਲੇ ਜਾਓ। ਫਾਰੂਕੀ ਅਨੁਸਾਰ ਲੰਬੇ ਅਤੇ ਥਕਾਊ ਇੰਤਜ਼ਾਰ ਤੋਂ ਬਾਅਦ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਦਫਤਰ ਅੰਦਰ ਉਨ੍ਹਾਂ ਤੋਂ ਪਹਿਲਾਂ ਹੀ ਖਿੱਝੇ ਬੈਠੇ ਮੁਲਾਜ਼ਮ ਨੇ ਉਨ੍ਹਾਂ ਨਾਲ ਝਿੜਕਣ ਵਾਲੇ ਅੰਦਾਜ਼ ‘ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਖਿੱਝੇ ਖਿੱਝੇ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਕਾਗਜ਼ਾਂ ‘ਚ ਵਾਰ-ਵਾਰ ਅਜਿਹੇ ਨੁਕਸ ਕੱਢੇ ਕਿ ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਕਾਸਿਫ ਨੂੰ ਆਪਣੇ ਪੁੱਤਰ ਨੂੰ ਚੁੱਕ ਕੇ ਬਾਜ਼ਾਰ ਦੇ ਤਿੰਨ ਗੇੜੇ ਕੱਟਣੇ ਪਏ। ਇਸ ਦੌਰਾਨ ਜਦੋਂ ਸਾਰਾ ਕੰਮ ਠੀਕ ਹੋ ਗਿਆ ਤੇ ਉਹ ਲੋਕ ਵਾਪਿਸ ਪੀ.ਐਸ.ਕੇ. ਅੱਪੜੇ ਤਾਂ ਮੌਕੇ ‘ਤੇ ਮੋਜੂਦ ਮੁਲਾਜ਼ਮ ਨੇ ਇਹ ਕਹਿਕੇ ਉਨ੍ਹਾਂ ਨੂੰ ਉਥੋਂ ਬਾਹਰ ਬੈਠਣ ਲਈ ਕਿਹਾ ਕਿ ਹੁਣ ਉਨ੍ਹਾਂ ਦਾ ਖਾਣਾ ਖਾਣ ਦਾ ਸਮਾਂ ਹੋ ਗਿਆ ਹੈ ਤੁਸੀਂ ਇੰਤਜਾਰ ਕਰੋ। ਇਸ ਦੌਰਾਨ ਇਕ ਵਾਰ ਫੇਰ ਕਾਸਿਫ ਫਾਰੂਕੀ ਨੂੰ ਆਪਣੇ ਪੁੱਤਰ ਦੇ ਨਾਲ ਲਗਭਗ ਅੱਧਾ ਘੰਟਾ ਉਥੇ ਇੰਤਜ਼ਾਰ ਕਰਨਾ ਪਿਆ ਜਿੰਨ੍ਹਾਂ ਨੂੰ ਬੱਚੇ ਦੇ ਨਾਲ ਪ੍ਰੇਸ਼ਾਨ ਹੁੰਦਾ ਦੇਖ ਉਸੇ ਦਫਤਰ ਦੇ ਹੇਠਾਂ ਬਣੇ ਡਾਕਘਰ ਦੇ ਦਫਤਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਆਪਣੇ ਦਫਤਰ ਵਿੱਚ ਆਕੇ ਬੈਠਣ ਲਈ ਕਿਹਾ।

ਸ਼ਿਕਾਇਤ ਮੁਤਾਬਿਕ ਕੁਝ ਸਮੇਂ ਬਾਅਦ ਪੀ.ਐਸ.ਕੇ. ਦਾ ਉਹ ਮੁਲਾਜ਼ਮ ਵਾਪਿਸ ਡਿਊਟੀ ‘ਤੇ ਆ ਗਿਆ ਤੇ ਉਸਨੇ ਪਾਸਪੋਰਟ ਨਿਯਮਾਂ ਦੇ ਉਲਟ ਬੱਚੇ ਦੇ ਹੱਥਾਂ ਦੇ ਨਿਸ਼ਾਨ ਲੈਣ ਤੋਂ ਇਲਾਵਾ ਉਸ ਹਾਲਤ ਵਿੱਚ ਵੀ ਜ਼ਬਰਦਸਤੀ ਉਸਦੀ ਫੋਟੋ ਵੀ ਲੈਣੀ ਸ਼ੁਰੂ ਕਰ ਦਿੱਤੀ, ਜਦੋਂ ਬੱਚਾ ਪਹਿਲਾਂ ਹੀ ਪ੍ਰੇਸ਼ਾਨ ਹੋ ਕੇ ਨਾ ਤਾਂ ਫਿੰਗਰਪ੍ਰਿੰਟ ਦੇਣ ਨੂੰ ਤਿਆਰ ਸੀ ਤੇ ਨਾ ਹੀ ਉਸਦਾ ਮੂਡ ਤਸਵੀਰ ਖਿੱਚਵਾਉਣ ਦਾ ਸੀ। ਇਸ ਦੌਰਾਨ ਬੱਚੇ ਦੀਆਂ ਚੀਕਾਂ ਨਾਲ ਮਾਹੌਲ ਅਜਿਹਾ ਬਣ ਗਿਆ ਨਾ ਸਿਰਫ ਆਲੇ ਦੁਆਲੇ ਦੇ ਲੋਕ ਪ੍ਰੇਸ਼ਾਨ ਹੋ ਗਏ। ਬਲਕਿ ਖੁਦ ਉਨ੍ਹਾਂ ਨੇ ਵੀ ਆਪਣੇ ਬੱਚੇ ਦਾ ਪਾਸਪੋਰਟ ਬਣਵਾਉਣ ਦਾ ਇਰਾਦਾ ਤਿਆਗ ਦੇਣ ਦੀ ਗੱਲ ਆਖ ਦਿੱਤੀ। ਹਾਲਾਤ ਦੇ ਮਾਰੇ ਉਨ੍ਹਾਂ ਲੋਕਾਂ ਨੇ ਸਬਰ ਦਾ ਘੁੱਟ ਭਰਕੇ ਕਿਸੇ ਤਰੀਕੇ ਜਿਵੇਂ ਤਿਵੇਂ ਆਪਣੇ ਬੱਚੇ ਦੇ ਫਿੰਗਰਪ੍ਰਿੰਟ ਦੇਣ ਤੋਂ ਬਾਅਦ ਉਸਦੀ ਤਸਵੀਰ ਵੀ ਖਿੱਚਵਾ ਦਿੱਤੀ। ਇਸ ਦੌਰਾਨ ਉਹ ਪਾਸਪੋਰਟ ਮੁਲਾਜ਼ਮ ਜੋ ਪਹਿਲਾਂ ਉਨ੍ਹਾਂ ਦੀ ਹਾਲਤ ‘ਤੇ ਬੁੜ ਬੁੜ ਕਰ ਰਿਹਾ ਸੀ ਉਹ ਬਾਅਦ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਉਣ ‘ਤੇ ਤੁਲ ਗਿਆ। ਲਗਭਗ ਤਿੰਨ ਘੰਟੇ ਦੀ ਘੋਰ ਪ੍ਰੇਸ਼ਾਨੀ ਸਹਿਣ ਤੋਂ ਬਾਅਦ ਸ਼ਿਕਾਇਤ ਕਰਤਾ ਅਤੇ ਉਸਦਾ ਬੇਟਾ ਉੱਥੋਂ ਬਾਹਰ ਤਾਂ ਆ ਗਏ ਪਰ ਕੁਝ ਦਿਨ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਦੇ ਪਾਸਪੋਰਟ ਦਾ ਪਤਾ ਲਗਾਉਣ ਲਈ ਇੰਟਰਨੈਟ ‘ਤੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਉੱਥੋ ਇਹੋ ਸੁਨੇਹਾ ਮਿਲਦਾ ਰਿਹਾ ਕਿ ਤੁਹਾਡੇ ਕਾਗਜ਼ ਕੈਂਪ ਆਫਿਸ ‘ਚ ਜਮ੍ਹਾਂ ਹੋ ਚੁੱਕੇ ਹਨ।

ਸ਼ਿਕਾਇਤ ਕਰਤਾ ਮੁਤਾਬਿਕ ਲਗਭਗ ਪੰਜ ਮਹੀਨੇ ਲਗਾਤਾਰ ਇੰਟਰਨੈਟ ‘ਤੇ ਰੋਜ਼ਾਨਾ ਸਟੇਟਸ ਦੇਖਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਜਦੋਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ  ਇਹ ਪਤਾ ਲਗਾਉਣ ਲਈ ਸਬੰਧਤ ਅਧਿਕਾਰੀ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਕਿ ਪਾਸਪੋਰਟ ਬਣਨ ਵਿੱਚ ਦੇਰੀ ਹੋਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੇ ਪਾਸਪੋਰਟ ਸਬੰਧੀ ਉਹ ਕਾਗਜ਼ ਇੱਥੇ ਸਹੀ ਢੰਗ ਨਾਲ ਪਹੁੰਚਾਏ ਹੀ ਨਹੀਂ ਗਏ ਹਨ, ਜਿਹੜੇ ਕਾਗਜ਼ਾਂ ਨੂੰ ਪਹੁੰਚਾਉਣ ਲਈ ਕਾਸਿਫ ਫਾਰੂਕੀ ਅਤੇ ਉਨ੍ਹਾਂ ਦੇ ਬੇਟੇ ਨੂੰ 25 ਅਪ੍ਰੈਲ 2019 ਵਾਲੇ ਦਿਨ ਮਾਨਸਿਕ ਤਸੀਹੇ ਸਹਿਣੇ ਪਏ ਸਨ। ਇਸੇ ਦੌਰਾਨ ਪਾਸਪੋਰਟ ਦਫਤਰ ‘ਚੋਂ ਫਾਰੂਕੀ ਦੇ ਮੋਬਾਇਲ ‘ਤੇ ਇਕ ਸੁਨੇਹਾ ਆਇਆ ਕਿ ਤੁਸੀਂ  ਇਹ ਸੁਨੇਹਾ ਮਿਲਣ ਤੋਂ ਬਾਅਦ ਪਾਸਪੋਰਟ ਬਣਾਉਣ ਲਈ ਜ਼ਰੂਰੀ ਕਾਗਜ਼ ਲੈਕੇ 14 ਦਿਨਾਂ ਦੇ ਅੰਦਰ ਅੰਦਰ ਖੇਤਰੀ ਪਾਸਪੋਰਟ ਦਫਤਰ ਪਹੁੰਚੋ ਨਹੀਂ ਤਾਂ ਤੁਹਾਡੀ ਪਾਸਪੋਸਟ ਵਾਲੀ ਫਾਇਲ ਬੰਦ ਕਰ ਦਿੱਤੀ ਜਾਏਗੀ। ਇਹ ਸੁਨੇਹਾ ਮਿਲਦੇ ਸਾਰ ਸ਼ਿਕਾਇਤਕਰਤਾ ਘਬਰਾ ਗਿਆ ਕਿਉਂਕਿ ਬੱਚੇ ਨਾਲ ਜਿਸ ਯਾਤਰਾ ਵਾਲੀ ਪ੍ਰੇਸ਼ਾਨੀ ਤੋਂ ਬਚਣ ਲਈ ਉਨ੍ਹਾਂ ਨੇ ਪੀਐਸਕੇ ਮਲੇਰਕੋਟਲਾ ਵਿੱਚ ਮਾਨਸਿਕ ਯਾਤਨਾਵਾਂ ਸਹਿਣੀਆਂ ਵੀ ਕਬੂਲ ਕਰ ਲਈਆਂ ਸਨ ਇਹ ਉਹ ਸਥਿਤੀ ਉਨ੍ਹਾਂ ਸਾਹਮਣੇ ਇੱਕ ਵਾਰ ਫਿਰ ਆ ਚੁੱਕੀ ਸੀ, ਜੋ ਕੀ ਸਰਾਸਰ ਉਸ ਮੁਲਾਜ਼ਮ ਕਰਕੇ ਹੋਇਆ ਸੀ, ਜਿਹੜਾ ਕਿ 25 ਅਪ੍ਰੈਲ 2019 ਵਾਲੇ ਦਿਨ ਪੀ.ਐਸ.ਕੇ. ਮਲੇਰਕੋਟਲਾ ਵਿਖੇ ਡਿਊਟੀ ‘ਤੇ ਹਾਜ਼ਰ ਸੀ।  ਸ਼ਿਕਾਇਤਕਰਤਾ ਮੁਤਾਬਿਕ ਇਸ ਉਪਰੰਤ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਜਾਣ ਦੀ ਪ੍ਰੇਸ਼ਾਨੀ ਤਾਂ ਜ਼ਰੂਰ ਹੋਈ ਪਰ ਉਹ ਇਹ ਦੇਖ ਹੈਰਾਨ ਰਹਿ ਗਏ ਕਿ ਉਨ੍ਹਾਂ ਦੇ ਬੇਟੇ ਦਾ ਪਾਸਪੋਰਟ ਵਾਲਾ ਕੰਮ ਖੇਤਰੀ ਪਾਸਪੋਰਟ ਦਫਰਤ ਚੰਡੀਗੜ੍ਹ ‘ਚ 10 ਮਿੰਟਾਂ ‘ਚ ਹੀ ਮੁਕੰਮਲ ਹੋ ਗਿਆ, ਜਿਸ ਨੂੰ ਕਰਵਾਉਣ ਲਈ ਉਨ੍ਹਾਂ ਨੇ ਪੀ.ਐਸ.ਕੇ. ਮਲੇਰਕੋਟਲਾ ਵਿੱਖੇ 25 ਅਪ੍ਰੈਲ ਵਾਲਾ ਦਿਨ ਖਰਾਬ ਕਰਕੇ ਮੌਕੇ ‘ਤੇ ਮੋਜੂਦ ਮੁਲਾਜ਼ਮ ਹੱਥੋਂ ਜਲੀਲ ਹੋਣਾ ਵੀ ਕਬੂਲ ਕਰ ਲਿਆ ਸੀ। ਫਾਰੂਕੀ ਮੁਤਾਬਿਕ ਉਨ੍ਹਾਂ ਦਾ ਕੰਮ ਤਾਂ ਹੋ ਗਿਆ ਪਰ ਇਸ ਉਪਰੰਤ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਹੁਣ ਉਹ ਹੋਰਾਂ ਨਾਲ ਅਜਿਹੀ ਖੱਜਲ ਖੁਆਰੀ ਨਹੀਂ ਹੋਣ ਦੇਣਗੇ ਜਿਹੜੀ ਉਨ੍ਹਾਂ ਨਾਲ ਹੋਈ ਸੀ। ਇਸੇ ਲਈ ਮਿਤੀ 1 ਅਗਸਤ 2019 ਨੂੰ ਪਹਿਲਾਂ ਉਹ ਖੇਤਰੀ ਪਾਸਪੋਰਟ ਅਧਿਕਾਰੀ ਚੰਡੀਗੜ੍ਹ ਨੂੰ ਖੁਦ ਮਿਲੇ ਤੇ ਫਿਰ ਉਨ੍ਹਾਂ ਨੇ ਇਹ ਸਾਰਾ ਮਾਮਲਾ ਲਿਖਤੀ ਤੌਰ ‘ਤੇ ਉਨ੍ਹਾਂ ਦੇ ਧਿਆਨ ‘ਚ ਲਿਆਕੇ ਇਲਾਕੇ ਦੇ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਇਨਸਾਫ ਦੀ ਮੰਗ ਕੀਤੀ।

- Advertisement -

ਇਸ ਸਬੰਧ ਵਿੱਚ ਕਾਸਿਫ ਫਾਰੂਕੀ ਨੇ ਗਲੋਬਲ ਪੰਜਾਬ ਟੀਵੀ ਦੀ ਟੀਮ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਉਪਰੰਤ ਉਹ ਪੀ.ਐਸ.ਕੇ. ਮਲੇਰਕੋਟਲਾ ਅੰਦਰ ਹੋ ਰਹੀ ਖੱਜਲ ਖੁਆਰੀ ਤੋਂ ਇੰਨ੍ਹਾਂ ਚਿੜ੍ਹ ਗਏ ਕਿ ਉਨ੍ਹਾਂ ਨੇ ਆਪਣੀ ਭਜੀਤੀ ਅਤੇ ਭਰਜਾਈ  ਦਾ ਪਾਸਪੋਰਟ ਬਣਾਉਣ ਲਈ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਨੂੰ ਚੁਣਿਆ ਜਿੱਥੇ ਉਨ੍ਹਾਂ ਨੂੰ ਉਸ ਤੋਂ ਵੀ ਘੱਟ ਸਮਾਂ ਲੱਗਾ ਜਿੰਨ੍ਹਾਂ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਲੱਗਾ ਸੀ। ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੀ.ਐਸ.ਕੇ. ਮਲੇਰਕੋਟਲਾ ਅੰਦਰ ਹੀ ਅਜਿਹਾ ਕਿਉਂ ਹੋ ਰਿਹਾ ਹੈ? ਫਾਰੂਕੀ ਮੁਤਾਬਿਕ ਉਨ੍ਹਾਂ ਨੂੰ ਇਹ ਜਾਣਕੇ ਬੜੀ ਹੈਰਾਨੀ ਹੋਈ ਕਿ ਇਹ ਇਸ ਲਈ ਹੋ ਰਿਹਾ ਸੀ ਕਿਉਂਕਿ ਇਸ ਸੇਵਾ ਕੇਂਦਰ ਨਾਲ ਸਾਂਸਦ ਭਗਵੰਤ ਮਾਨ ਅਤੇ ਵਿਧਾਇਕਾ ਰਜ਼ੀਆ ਸੁਲਤਾਨਾ ਦਾ ਨਾਂ ਜੁੜਿਆ ਹੋਇਆ ਹੈ। ਫਾਰੂਕੀ ਮੰਗ ਕਰਦੇ ਹਨ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿਉਂਕਿ ਜੋ ਕੁਝ ਉਨ੍ਹਾਂ ਨਾਲ ਹੋਇਆ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਉਹ ਦਾਅਵਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ  ਦਰਜਨਾਂ ਲੋਕ ਖੱਜਲ ਖੁਆਰ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਆਪਣਾ ਕੰਮ ਕਰਵਾਉਣ ਲਈ ਮਜਬੂਰ ਹੋਏ ਸਨ।

Share this Article
Leave a comment