ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਨੂੰ ਮੁੜ ਲਿਖੀ ਚਿੱਠੀ, ਪ੍ਰਤਾਪ ਬਾਜਵਾ ਤੇ ਕਸੇ ਵਿਅੰਗ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਦੇ ਦੋ ਸੀਨੀਅਰ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਟਾਲਾ ਨੂੰ ਸੂਬੇ ਦਾ ਨਵਾਂ ਜ਼ਿਲਾ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਬੇਨਤੀ ਕਰਦਿਆਂ ਕਿਹਾ ਹੈ ਕਿ ਉਹਨਾਂ ਦਾ ਸਰੋਕਾਰ ਸਿਰਫ਼ ਤੇ ਸਿਰਫ਼ ਬਟਾਲਾ ਨੂੰ ਜ਼ਿਲਾ ਬਣਾਉਣ ਨਾਲ ਹੈ ਨਾ ਕਿ ਇਸ ਦਾ ਸਿਹਰਾ ਲੈਣ ਨਾਲ। ਇਸ ਲਈ ਉਹ ਬਟਾਲਾ ਨੂੰ ਜ਼ਿਲਾ ਬਣਾਉਣ ਦਾ ਐਲਾਨ ਕਰਨ ਅਤੇ ਇਸ ਦਾ ਸਿਹਰਾ ਜਿਸ ਨੂੰ ਵੀ ਦੇਣਾ ਚਾਹੁੰਦੇ ਹਨ ਬੜੀ ਖ਼ੁਸ਼ੀ ਨਾਲ ਦੇ ਦੇਣ।

ਮੁੱਖ ਮੰਤਰੀ ਨੂੰ ਅੱਜ ਲਿਖੀ ਗਈ ਇੱਕ ਨਵੀ ਚਿੱਠੀ ਵਿਚ ਦੋਹਾਂ ਮੰਤਰੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਵਲੋਂ ਬਟਾਲਾ ਨੂੰ ਪੰਜਾਬ ਦਾ ਚੌਵੀਵਾਂ ਜ਼ਿਲਾ ਬਣਾਉਣ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਦੇ ਪ੍ਰਗਟਾਵੇ ਉੱਤੇ ਤਸੱਲੀ ਹੈ।

 

- Advertisement -

ਉਹਨਾਂ ਮੁੱਖ ਮੰਤਰੀ ਨੂੰ ਲਿਖਿਆ ਹੈ, “ਅਖ਼ਬਾਰਾਂ ਵਿਚ ਛਪੇ ਤੁਹਾਡੇ ਬਿਆਨ ਤੋਂ ਇਹ ਵੀ ਮਾਲੂਮ ਹੋਇਆ ਹੈ ਕਿ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੁਹਾਨੂੰ ਇੱਕ ਚਿੱਠੀ ਲਿਖੀ ਹੈ। ਇਹ ਥੋੜ੍ਹਾ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਚਿੱਠੀਆਂ ਲਿਖਣ ਦੀ ਲੋੜ ਤਾਂ ਉਸ ਵਿਅਕਤੀ ਨੂੰ ਪੈਂਦੀ ਹੈ ਜਿਸ ਦੀ ਤੁਹਾਡੇ ਤੱਕ ਸਿੱਧੀ ਪਹੁੰਚ ਨਾ ਹੋਵੇ।ਇਸੇ ਕਰ ਕੇ ਹੀ ਤੁਹਾਡੇ ਤੋਂ “ਦੂਰੀ ਸਮੇਂ ” ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਤੁਹਾਡੇ ਨਾਲ ਚਿੱਠੀਆਂ ਰਾਹੀਂ ਗੱਲਾਂ ਕਰਦੇ ਰਹੇ ਹਨ। ਸ਼ਾਇਦ ਤੁਹਾਨੂੰ ਇਹ ਯਾਦ ਕਰਾਉਣ ਦੀ ਤਾਂ ਲੋੜ ਨਹੀਂ ਹੈ ਕਿ ਇਹ ਕਾਂਗਰਸ ਪਾਰਟੀ, ਤੁਹਾਡੀ ਸਰਕਾਰ ਅਤੇ ਤੁਹਾਡੇ ਲਈ ਜਾਤੀ ਤੌਰ ਉੱਤੇ ਬਦਨਾਮੀ ਦਾ ਸਬੱੱਬ ਵੀ ਬਣਦੀਆਂ ਰਹੀਆਂ ਹਨ।ਉਹ ਇਹ ਚਿੱਠੀਆਂ ਤੁਹਾਨੂੰ ਤਾਂ ਬਾਅਦ ਵਿਚ ਭੇਜਦੇ ਸਨ, ਅਖ਼ਬਾਰਾਂ ਰਾਹੀਂ ਜਨਤਾ ਵਿਚ ਪਹਿਲਾਂ ਨਸ਼ਰ ਕਰ ਦਿੰਦੇ ਸਨ।”

ਦੋਹਾਂ ਮੰਤਰੀਆਂ ਨੇ ਕਿਹਾ ਹੈ ਕਿ ਹੁਣ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਤੁਹਾਡੇ ਤੱਕ ਸਿੱਧੀ ਰਸਾਈ ਹੋਣ ਕਾਰਨ ਉਹ ਅਕਸਰ ਹੀ ਤੁਹਾਨੂੰ ਮਿਲਦੇ ਰਹਿੰਦੇ ਹਨ।ਇਸ ਲਈ ਉਹਨਾਂ ਨੂੰ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਤੁਹਾਡੇ ਤੱਕ ਪਹੁੰਚਾਉਣ ਲਈ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ।

ਪਹਿਲੀ ਚਿੱਠੀ ਲਿਖਣ ਦੀ ਵਾਜਬੀਅਤਾ ਪ੍ਰਗਟ ਕਰਦਿਆਂ ਦੋਹਾਂ ਮੰਤਰੀਆਂ ਨੇ ਕਿਹਾ, “ਸਾਨੂੰ ਬਟਾਲਾ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਬਟਾਲਾ ਨੂੰ ਜ਼ਿਲ਼ਾ ਬਣਾਉਣ ਦੀ ਜਾਇਜ਼ ਅਤੇ ਚਿਰੋਕਣੀ ਮੰਗ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਚਿੱਠੀ ਲਿਖਣ ਦਾ ਸਾਧਨ ਇਸ ਲਈ ਅਪਣਾਉਣਾ ਪਿਆ ਕਿਉਂਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਨਤਕ ਮੇਲ ਮਿਲਾਪ ਬੰਦ ਕੀਤਾ ਹੋਇਆ ਹੈ।ਕੈਬਨਿਟ ਸਮੇਤ ਸਾਰੀਆਂ ਮੀਟਿੰਗਾਂ ਵੀ ਵੀਡੀਓ ਕਾਨਫਰੰਸ ਰਾਹੀਂ ਹੀ ਕੀਤੀਆਂ ਜਾ ਰਹੀਆਂ ਹਨ।ਇਸ ਲਈ ਚਿੱਠੀ ਲਿਖਣ ਤੋਂ ਬਿਨਾਂ ਤੁਹਾਡੇ ਨਾਲ ਗੱਲ ਕਰਨ ਦਾ ਸਾਡੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਸੀ ਬਚਿਆ।”

ਉਹਨਾਂ ਕਿਹਾ, “ਤੁਹਾਡੇ ਤਾਂ ਸ਼ਾਇਦ ਇਹ ਵੀ ਯਾਦ ਨਹੀਂ ਹੋਣਾ ਕਿ ਜਿਸ ਕੈਬਨਿਟ ਮੀਟਿੰਗ ਵਿਚ ਮਲੇਰਕੋਟਲਾ ਨੂੰ ਜ਼ਿਲਾ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਉਸ ਮੀਟਿੰਗ ਵਿਚ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਸੁਨੀਲ ਜਾਖੜ (ਵਿਸ਼ੇਸ਼ ਸੱਦੇ ਉੱਤੇ ਹਾਜ਼ਰ) ਨੇ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਸੀ।”

Share this Article
Leave a comment