ਡੇਰਾ ਬਾਬਾ ਨਾਨਕ : ਦਹਾਕਿਆਂ ਤੋਂ ਅਰਦਾਸਾਂ ਕਰਕੇ ਸਿੱਖ ਸੰਗਤ ਨੂੰ ਗੁਰਦੁਵਾਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਆਉਣ ਵਾਲੇ ਕੁਝ ਸਮੇਂ ਬਾਅਦ ਹੋਣ ਜਾ ਰਹੇ ਨੇ। ਲੰਬੀ ਜੱਦੋ ਜਹਿਦ ਤੇ ਕਿਸਾਨਾਂ ਦਾ ਰੇੜਕਾ ਖਤਮ ਹੋਣ ਤੋਂ ਬਾਅਦ ਬੀਤੇਂ ਦਿਨ ਇਸ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਪਰ ਦੱਸ ਦਈਏ, ਕਿ ਇਸ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਨੇ ਇਕ ਵਾਰ ਫਿਰ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।
ਇਹ ਤਸਵੀਰਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਸਥਿਤ ਭਾਰਤ-ਪਾਕਿਸਤਾਨ ਸਰਹੱਦ ਦੀਆਂ ਨੇ। ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਉੱਲਟ ਅਜਿਹਾ ਕੰਮ ਹੋਇਆ, ਕਿ ਲੋਕਾਂ ਨੇ ਇਸ ਦੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ, ਕਿ ਇਕ ਵਿਕਅਤੀ ਪ੍ਰਾਜੈਕਟ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਧਰਮ ਮੁਤਾਬਿਕ ਭੂਮੀ ਪੂਜਨ ਕਰਦਾ ਹੈ। ਜਿਸ ‘ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਪਰ ਇਸ ਤੋਂ ਬਾਅਦ ਇਕ ਅੰਮ੍ਰਿਤਧਾਰੀ ਸਿੰਘ ਜੋ ਨਿਹੰਗ ਦੇ ਬਾਣੇ ‘ਚ ਨਜ਼ਰ ਆ ਰਿਹਾ ਹੈ, ਉਹ ਅੱਗੇ ਆਉਂਦਾ ਤੇ ਸਿੱਖ ਸਿੱਧਾਂਤਾਂ ਤੋਂ ਉਲਟ ਭੂਮੀ ਪੂਜਨ ਵਾਲੀ ਜਗ੍ਹਾ ‘ਤੇ ਨਾਰੀਅਲ ਭੰਨ ਦਿੰਦਾ ਹੈ। ਜਿਸ ਨੂੰ ਦੇਖ ਕੇ ਸਿੱਖ ਸੰਗਤਾਂ ਵੱਡੇ ਪੱਧਰ ‘ਤੇ ਇਤਰਾਜ਼ ਪ੍ਰਗਟ ਕਰ ਰਹੀਆਂ ਹਨ।
ਫਿਲਹਾਲ ਗੁਰੂ ਘਰ ਨੂੰ ਜਾਂਦੇ ਰਾਹ ਦੇ ਕੰਮ ਦੀ ਸ਼ੁਰੂਆਤ ਮੌਕੇ ਸਿੱਖ ਸਿਧਾਤਾਂ ਤੋਂ ਉਲਟ ਜਾ ਕੇ ਭੂਮੀ ਪੂਜਨ ਕਰਨ ਤੋਂ ਬਾਅਦ ਪੈਦਾ ਹੋਇਆ ਇਹ ਵਿਵਾਦ ਲੋਕਾਂ ‘ਚ ਰੋਸ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਦਾ ਅਸਰ ਆਉਣ ਵਾਲੇ ਦਿਨ ਦੇਖਣ ਨੂੰ ਮਿਲ ਸਕਦਾ ਹੈ।